ਅੰਮਿ੍ਤਸਰ, 19 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੈਂਕ ਅਧਿਕਾਰੀਆਂ ਨੂੰ ਬੈਂਕ ਦੇ ਰਸੂਖ਼ਦਾਰ ਡਿਫਾਲਟਰਾਂ ਤੋਂ ਰਿਕਵਰੀ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਇਹ ਵੀ ਹਦਾਇਤਾਂ ਕੀਤੀਆਂ ਹਨ ਜੇਕਰ ਕੋਈ ਡਿਫ਼ਾਲਟਰ ਰਿਕਵਰੀ ਲਈ ਆਨਾਕਾਨੀ ਕਰਦਾ ਹੈ ਜਾਂ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਹੀਂ ਕਰਦਾ ਤਾਂ ਉਨ੍ਹਾਂ ਦੇ ਖਿਲਾਫ ਬਿਨ੍ਹਾਂ ਕਿਸੇ ਰਾਜਨੀਤਕ ਦਬਾਅ ਅਤੇ ਭੇਦ-ਭਾਵ ਦੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਰੰਧਾਵਾ ਨੇ ਇਹ ਨਿਰਦੇਸ਼ ਅੱਜ ਇਥੇ ਅੰਮਿ੍ਰਤਸਰ ਵਿਖੇ ਪੰਜਾਬ ਰਾਜ ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਪ੍ਰਬੰਧਕ ਸ. ਹਰਿੰਦਰ ਸਿੰਘ ਸਿੱਧੂ ਅਤੇ ਰਾਜ ਭਰ ਦੇ ਉਚ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਦੌਰਾਨ ਦਿੱਤੇ। ਸਹਿਕਾਰਤਾ ਮੰਤਰੀ ਨੇ ਅੱਜ ਪੰਜਾਬ ਭਰ ਦੇ ਵੱਡੇ ਡਿਫ਼ਾਲਟਰਾਂ ਦੀ ਜ਼ਿਲ੍ਹਾ ਪੱਧਰ ’ਤੇ ਸਮੀਖਿਆ ਕੀਤੀ।
ਰੰਧਾਵਾ ਨੇ ਕਿਹਾ ਕਿ ਉਹ ਪਿੰਡਾਂ ਦੇ ਨਾਲ ਜੁੜੇ ਹੋਏ ਇਕ ਕਿਸਾਨ ਹਨ ਅਤੇ ਇਹ ਬੈਂਕ ਵੀ ਪਿੰਡ ਪੱਧਰ ’ਤੇ ਕਿਸਾਨਾਂ ਦੀ ਸੇਵਾ ਵਿੱਚ ਜੁੜਿਆ ਹੋਇਆ ਹੈ।ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਬੈਂਕ ਦੀ ਵਸੂਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਬੈਂਕ ਦੀ ਮਾਲੀ ਹਾਲਤ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੈਂਕਿੰਗ ਦੀ ਪੇਸ਼ੇਵਰਨਾ ਪਹੁੰਚ ਅਪਣਾ ਕੇ ਸਹਿਕਾਰੀ ਖੇਤੀ ਵਿਕਾਸ ਬੈਂਕ ਦੀ ਤਰੱਕੀ ਵਿੱਚ ਆਪਣਾ ਪੂਰਾ ਯੋਗਦਾਨ ਪਾਉਣ।
ਸਹਿਕਾਰਤਾ ਮੰਤਰੀ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਹ ਬੈਂਕ ਕਿਸਾਨਾਂ ਦਾ ਆਪਣਾ ਬੈਂਕ ਹੈ ਅਤੇ ਉਹ ਆਪਣੀਆਂ ਬਣਦੀਆਂ ਕਿਸ਼ਤਾਂ ਸਮੇਂ-ਸਿਰ ਬੈਂਕ ਵਿੱਚ ਜਮ੍ਹਾਂ ਕਰਾਉਣ ਤਾਂ ਕਿ ਉਹਨਾਂ ਨੂੰ ਦੁਬਾਰਾ ਕਰਜ਼ੇ ਦੀ ਸਹੂਲਤ ਸਸਤੀ ਵਿਆਜ ਦਰਾਂ ’ਤੇ ਦਿੱਤੀ ਜਾ ਸਕੇ।ਰੰਧਾਵਾ ਨੇ ਕਿਹਾ ਕਿ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਹੌਂਸਲਾ-ਅਫ਼ਜਾਈ ਕੀਤੀ ਜਾਵੇਗੀ।
Check Also
‘ਆਪ’ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਜਰਨੈਲ ਸਿੰਘ ਢੋਟ ਨੇ ਦਿੱਤੀ ਵਧਾਈ
ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਇੰਚਾਰਜ਼ …
Punjab Post Daily Online Newspaper & Print Media