ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਭੋਆ ਵਿਖੇ ਹਲਕਾ ਵਿਧਾਇਕ ਜੋਗਿੰਦਰ ਪਾਲ ਦੀ ਪ੍ਰਧਾਨਗੀ `ੱਚ ਕਾਨਵਾਂ ਵਿਖੇ ਇਕ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਹਲਕਾ ਭੋਆ ਦੀਆਂ 31 ਪੰਚਾਇਤਾਂ ਨੂੰ ਪਿੰਡਾ ਵਿੱਚ ਗਲੀਆਂ ਨਾਲੀਆਂ ਦਾ ਨਿਰਮਾਣ ਕਰਵਾਉਂਣ ਦੇ ਲਈ 1.18 ਕਰੋੜ ਰੁਪਏ ਦੇ ਚੈਕ ਵੰਡੇ।ਜੋਗਿੰਦਰ ਪਾਲ ਵਿਧਾਇਕ ਭੋਆ, ਅਨਿਲ ਵਿੱਜ ਜਿਲਾ ਪ੍ਰਧਾਨ ਕਾਂਗਰਸ ਕਮੇਟੀ ਜ਼ਿਲਾ ਪਠਾਨਕੋਟ ਤੇ ਹੋਰ ਪਾਰਟੀ ਦੇ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਭੋਆ ਹਲਕੇ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 118 ਲੱਖ ਰੁਪਏ ਰਾਸ਼ੀ ਦੇ ਚੈਕ ਵੰਡਣ ਸਮੇਂ ਆਪਣੇ ਸੰਬੋਧਨ `ਚ ਸੁਨੀਲ ਜਾਖੜ ਨੇ ਕਿਹਾ ਕਿ ਪਿੱਛਲੇ 10 ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਸੂਬੇ ਨੂੰ ਆਰਥਿਕ ਤੌਰ ਤੇ ਕੰਗਾਲੀ ਦੇ ਕਗਾਰ ਤੇ ਲਿਆ ਕੇ ਗਈ ਸੀ ਪਰ ਬਾਵਜੂਦ ਇਸਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਨਾ ਕੇਵਲ ਰਾਜ ਦੇ ਆਰਥਿਕ ਹਾਲਤ ਸਥਿਰ ਕਰਨ ਲਈ ਸਾਰਥਕ ਯਤਨ ਕੀਤੇ ਹਨ ਸਗੋਂ ਇਸ ਸਮੇਂ ਦੌਰਾਨ ਰਾਜ ਵਿਚ ਕਿਸਾਨਾਂ ਦੀ ਕਰਜਾ ਮਾਫੀ ਸਕੀਮ ਸਫਲਤਾ ਨਾਲ ਲਾਗੂ ਕੀਤੀ ਹੈ ਅਤੇ ਬਜੁਰਗਾਂ ਨੂੰ ਮਿਲਦੀ ਪੈਨਸ਼ਨ ਦੀ ਰਕਮ 500 ਤੋਂ ਵਧਾ ਕੇ 750 ਕਰਨ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਇਆ ਹੈ ਕਿ ਪੈਨਸ਼ਨ ਹਰ ਮਹੀਨੇ ਨਿਯਮਿਤ ਸਮੇਂ ਤੇ ਮਿਲੇ।ਜਾਖੜ ਨੇ ਕਿਹਾ ਕਿ ਪਿੱਛਲੀ ਸਰਕਾਰ ਆਪਣੇ ਕਾਰਜਕਾਲ ਦੇ ਆਖਰੀ ਦਿਨ 31000 ਕਰੋੜ ਦਾ ਬੇਲੋੜਾ ਕਰਜਾ ਪੰਜਾਬ ਸਿਰ ਕਰ ਗਈ ਸੀ।ਜਿਸ ਦੇ ਵਿਆਜ ਤੇ ਹੀ ਹਰ ਸਾਲ 2500 ਕਰੋੜ ਖਰਚ ਹੋਣਗੇ।ਉਨ੍ਹਾਂ ਨੇ ਆਖਿਆ ਕਿ ਇਸ ਕਰਜੇ ਦੇ ਨਿਪਟਾਰੇ ਲਈ ਉਨ੍ਹਾਂ ਦੇ ਯਤਨ ਲਗਾਤਾਰ ਜਾਰੀ ਰਹਿਣਗੇ।
ਸ੍ਰੀ ਜਾਖੜ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਪਿੱਛਲੀਆਂ ਤਿੰਨ ਫਸਲਾਂ ਚੁੱਕਣ ਦੌਰਾਨ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਹੈ।ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਖੇਤੀ ਦੇ ਨਾਲ ਨਾਲ ਰਾਜ ਦੇ ਸਨੱਅਤੀ ਵਿਕਾਸ ਨੂੰ ਵੀ ਤਰਜੀਹ ਦੇ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਪਿੱਛਲੇ ਦਿਨੀਂ ਇਸ ਖਿੱਤੇ ਵਿਚ ਲੱਗੀ ਇਕ ਇੰਡਸਟਰੀ ਕਾਰਨ ਲੀਚੀ ਉਤਪਾਦਕਾਂ ਨੂੰ ਲਾਭ ਹੋਵੇਗਾ ਜਦ ਕਿ ਇਸ ਨਾਲ ਸਿੱਧੇ ਅਸਿੱਧੇ ਤੌਰ ਤੇ ਰੁਜਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ। ਉਨ੍ਹਾਂ ਇਸ ਮੌਕੇ ਦੱਸਿਆ ਕਿ ਉਹ ਇਸ ਸਾਲ ਹਰ ਹਲਕੇ ਵਿਚ 5-5 ਪਾਰਕ ਤਿਆਰ ਕਰਵਾਉਣਗੇ ਤਾਂ ਜੋ ਸਾਡੇ ਨੌਜਵਾਨਾਂ ਅਤੇ ਬੱਚਿਆਂ ਨੂੰ ਬਿਹਤਰ ਭਵਿੱਖ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਸੁਜਾਨਪੁਰ ਵਿਚ ਰੇਲਵੇ ਅੰਡਰ ਬ੍ਰਿਜ ਅਤੇ ਪਠਾਨਕੋਟ ਵਿਚ ਰੇਲਵੇ ਓਵਰ ਬ੍ਰਿਜ ਬਣਾਇਆ ਜਾਵੇਗਾ।
ਲੋਕ ਸਭਾ ਮੈਂਬਰ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਪਿੱਛਲੇ ਇਕ ਸਾਲ ਵਿਚ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜਗਾਰ ਮੇਲਿਆਂ ਰਾਹੀਂ ਰੁਜਗਾਰ ਮੁਹਈਆ ਕਰਵਾਇਆ ਗਿਆ ਹੈ ਜਦ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਵਾਅਦੇ ਤੋਂ ਭੱਜ ਗਈ ਹੈ।ਕਰਨਾਟਕ ਦਾ ਜਿਕਰ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਨੇ ਕਰਨਾਟਕ ਵਿਚ ਲੋਕਤੰਤਰ ਦਾ ਕਤਲ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਸੱਤਾ ਲਾਲਚ ਦੇਸ਼ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ।
ਜੋਗਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਦਾ ਭੋਆ ਖੇਤਰ ਪਿਛਲੇ ਲੰਮੇ ਸਮੇਂ ਤੋਂ ਪਛੜਿਆ ਹੋਇਆ ਹੈ ਅਤੇ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਖੇਤਰ ਦਾ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਜਨਤਾ ਦੇ ਨਾਲ ਵਾਧਾ ਕੀਤਾ ਸੀ ਕਿ ਉਹ ਭੋਆ ਖੇਤਰ ਅੰਦਰ ਸ਼ੁਗਰ ਮਿਲ ਲਗਾਉਂਣਗੇ ਅਤੇ ਇਸ ਕਾਰਜ ਦੇ ਲਈ ਉਹ ਦਿਨ ਰਾਤ ਉਪਰਾਲਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵਿਕਾਸ ਕਾਰਜ ਲਈ ਕੈਪਟਨ ਅਮਰਿੰਦਰ ਸਿੰਘ ਤੇ ਸੰਸਦ ਮੈਂਬਰ ਸੁਨੀਲ ਜਾਖੜ ਦੇ ਉਪਰਾਲਿਆਂ ਸਦਕਾ ਜੋ ਦਿੱਤੀ ਰਾਸ਼ੀ ਗਈ ਹੈ ਉਹ ਜਨਤਾ ਨਾਲ ਵਾਅਦਾ ਕਰਦੇ ਹਨ ਕਿ ਇਸ ਦਾ ਇਕ ਇਕ ਰੁਪਇਆ ਵਿਕਾਸ ਕੰਮਾਂ ਵਿੱਚ ਲਗਾਇਆ ਜਾਵੇਗਾ।
ਇਸ ਮੋਕੇ ਅਨਿਲ ਵਿੱਜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ ਨੇ ਕਿਹਾ ਕਿ ਸੁਨੀਲ ਜਾਖੜ ਦੇ ਉਪਰਾਲਿਆਂ ਸਦਕਾ ਹੀ ਬਹੁਤ ਕੰਮ ਜੋ ਲੰਮੇ ਸਮੇਂ ਤੋਂ ਜੋ ਕਾਰਜ ਲਟਕ ਰਹੇ ਸਨ, ਉਹ ਸਾਰੇ ਕੰਮ ਪੂਰੇ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾਂ ਲੋਕ ਹਿੱਤ ਦੇ ਲਈ ਕਾਰਜ ਕਰਦੀ ਆਈ ਹੈ ਅਤੇ ਕਰਦੀ ਰਹੇਗੀ ਅਤੇ ਇਨ੍ਹਾਂ ਲੋਕ ਹਿੱਤਾਂ ਦੇ ਕਾਰਜਾਂ ਕਾਰਨ ਹੀ ਸੁਨੀਲ ਜਾਖੜ ਦੀ ਪੂਰੇ ਭਾਰਤ ਅੰਦਰ ਪਹਿਚਾਣ ਬਣੀ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media