ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਪਿੰਡ ਅਜੀਜਪੁਰ ਵਿਖੇ ਵਿਭਾਗ ਵੱਲੋਂ ਜਾਂਚ ਕਰ ਕੇ ਇਕ ਕਿਸਾਨ ਵੱਲੋਂ 20 ਦਿਨ ਪਹਿਲਾਂ ਬੀਜੀ ਗਈ ਕਰੀਬ ਇਕ ਕਨਾਲ ਝੋਨੇ ਦੀ ਪਨੀਰੀ ਨੂੰ ਰਾਉਂਡਅੱਪ ਦਵਾਈ ਪਾ ਕੇ ਨਸ਼ਟ ਕੀਤਾ ਗਿਆ।ਇਹ ਜਾਣਕਾਰੀ ਡਾ. ਅਮਰੀਕ ਸਿੰਘ ਖੇਤੀਬਾੜੀ ਅਫਸ਼ਰ ਨੇ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪ੍ਰੀਜਰਵੇਸ਼ਨ ਆਫ ਸਬ ਸਾਇਲ ਐਕਟ 2019 ਵਿੱਚ ਸੋਧ ਕਰਕੇ ਝੋਨੇ ਦੀ ਪਨੀਰੀ ਬੀਜਣ ਦੀ ਤਾਰੀਕ 20 ਮਈ ਅਤੇ ਲਵਾਈ ਦੀ ਮਿਤੀ 20 ਜੂਨ ਨਿਸ਼ਚਿਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਉਪਰੋਕਤ ਸੋਧ ਨੂੰ ਮੁੱਖ ਰੱਖਦਿਆਂ ਕਿਸਾਨ 20 ਮਈ ਤੋਂ ਪਹਿਲਾਂ ਝੋਨੇ ਦੀ ਪਨੀਰੀ ਨਾ ਬੀਜਣ ਅਤੇ ਨਾ ਹੀ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਰਨ।ਉਨਾਂ ਕਿਹਾ ਕਿ ਜੇਕਰ ਕੋਈ ਕਿਸਾਨ ਇਸ ਕਾਨੂੰਨ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਸ ਸਾਲ ਝੋਨੇ ਦੀ ਇਕ ਨਵੀਂ ਕਿਸਮ ਪੀ.ਆਰ 127 ਜਾਰੀ ਕੀਤੀ ਗਈ ਹੈ ਜੋ ਪੱਕਣ ਵਿਚ 137 ਦਿਨ ਦਾ ਸਮਾਂ ਲੈਂਦੀ ਹੈ। ਇਸ ਤੋਂ ਇਲਾਵਾ ਖੇਤੀ ਯੂਨੀਵਰਸਿਟੀ ਨੇ ਪੀ.ਆਰ. 126, ਪੀ.ਆਰ. 124, ਪੀ.ਆਰ. 123, ਪੀ.ਆਰ. 122, ਪੀ.ਆਰ 121 ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਸਿਫਾਰਸ਼ ਕੀਤੀਆਂ ਹਨ।ਡਾ ਇੰਦਰਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਫਸਲ ਦਾ ਬੀਜ਼ ਖੇਤੀਬਾੜੀ ਵਿਭਾਗ, ਪੀ.ਏ.ਯੂ. ਜਾਂ ਕਿਸੇ ਲਾਇਸੰਸਧਾਰੀ ਬੀਜ਼ ਵਿਕ੍ਰੇਤਾ ਤੋਂ ਹੀ ਖ੍ਰੀਦਣਾ ਚਾਹੀਦਾ ਹੈ ਅਤੇ ਆੜਤੀਏ ਤੋਂ ਬੀਜ਼ ਖ੍ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਖੇਤੀਬਾੜੀ ਵਿਭਾਗ/ਪੀ.ਏ.ਯੂ ਵੱਲੋਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕਰਨ ਤਾਂ ਜੋ ਬਾਅਦ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।ਉਨਾਂ ਕਿਹਾ ਕਿ ਦੁਕਾਨਦਾਰ ਤੋਂ ਬੀਜ ਖ੍ਰੀਦਣ ਉਪਰੰਤ ਬਿੱਲ ਜ਼ਰੂਰ ਲਿਆ ਜਾਵੇ ਅਤੇ ਜੇਕਰ ਕੋਈ ਦੁਕਾਨਦਾਰ ਬਿੱਲ ਨਹੀਂ ਦਿੰਦਾ ਤਾਂ ਕਿਸਾਨ ਲਿਖਤੀ ਰੂਪ ਵਿੱਚ ਸੰੰਬੰਧਤ ਬਲਾਕ ਖੇਤੀਬਾੜੀ ਅਫਸਰ ਕੋਲ ਸ਼ਿਕਾਇਤ ਦਰਜ ਕਰਵਾਉਣ।ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਜੇਕਰ ਘਰੇਲੂ ਪੱਧਰ ਤੇ ਝੋਨੇ/ਬਾਸਮਤੀ ਦਾ ਬੀਜ ਸੰਭਾਲ ਕੇ ਰੱਖਿਆ ਹੈ ਤਾਂ ਉਸ ਦੀ ਖੇਤੀਬਾੜੀ ਵਿਭਾਗ ਦੀਆਂ ਬੀਜ ਪਰਖ ਪ੍ਰਯੋਗਸ਼ਾਲਾਵਾਂ ਤੋਂ ਪਰਖ ਕਰਵਾ ਲੈਣੀ ਚਾਹੀਦੀ ਹੈ, ਜਿਸ ਦੀ ਪ੍ਰਤੀ ਸੈਂਪਲ 15/-ਰੁਪਏ ਫੀਸ ਹੈ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media