ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫੀਨਾਮਾ ਭੇਜ ਕੇ ਸਿੱਖ ਪੰਥ ਤੋਂ ਭੁੱਲ ਬਖ਼ਸ਼ਣ ਦੀ ਕੀਤੀ ਗੁਜਾਰਿਸ਼
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੰੂ ਈ ਮੇਲ ਰਾਹੀਂ ਭੇਜੇ ਗਏ ਇੱਕ ਪੱਤਰ ਵਿਚ ਆਪਣੀ ਗ਼ਲਤੀ ਨੂੰ ਸਵੀਕਾਰ ਕਰਦਿਆਂ ਖ਼ਾਲਸਾ ਪੰਥ ਤੋਂ ਮੁਆਫ਼ੀ ਦੀ ਗੁਜਾਰਿਸ਼ ਕੀਤੀ ਹੈ।
ਨਾਰਾਇਣ ਨਿਵਾਸ ਆਸ਼ਰਮ ਰਿਸ਼ੀਕੇਸ ( ਉਤਰਾਖੰਡ) ਵਾਸੀ ਨਾਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਪੰਜਾਬੀ ਵਿਚ ਲਿਖ ਕੇ ਗੁਰਬਾਣੀ ਮੀਨਿੰਗ ਦੇ ਸੰਤਨਾਰਾਇਣਦਾਸਜੀ ਐਟ ਦਾ ਰੇਟ ਜੀਮੇਲਡੌਟ.ਕਾਮ gurbani meaning santnarayandassji@gmail.com ਤੋਂ ਭੇਜੀ ਮੁਆਫੀਨਾਮਾ ਅਤੇ ਵੀਡੀਉ ਵਿਚ ਫਤਿਹ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਸ ਵਲੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੁੱਗੋ ਜੁੱਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤਾਂ ਦੀ ਬਾਣੀ ਬਾਰੇ ਉਸ ਕੋਲੋਂ ਬੋਲੇ ਗਏ ਗਲਤ ਸ਼ਬਦਾਂ ਲਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖ਼ਾਲਸਾ ਪੰਥ ਦੀ ਸ਼ਰਨ ਵਿਚ ਆ ਕੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਾਜ਼ਰ ਹੋ ਕੇ ਖਿਮਾ ਯਾਚਨਾ ਕਰ ਕੇ ਆਪਣੀ ਭੁੱਲ ਬਖ਼ਸ਼ਾਉਣੀ ਚਾਹੁੰਦਾ ਹੈ।ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਪੰਥ ਅਤੇ ਸਮੂਹ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ, ਸਮੂਹ ਸਿੱਖ ਸੰਪਰਦਾਵਾਂ, ਦਮਦਮੀ ਟਕਸਾਲ, ਉਦਾਸੀਨ ਭੇਖ, ਨਿਰਮਲ ਭੇਖ, ਨਿਹੰਗ ਜਥੇਬੰਦੀਆਂ, ਦਿੱਲੀ ਗੁਰਦੁਆਰਾ ਕਮੇਟੀ ਅਤੇ ਸਮੂਹ ਸਿੱਖ ਜਥੇਬੰਦੀਆਂ ਉਸ ਦੀ ਭੁੱਲ ਨੂੰ ਬੱਚਾ ਜਾਣ ਕੇ ਮੁਆਫ਼ ਕਰੇਗਾ।ਦਿੱਲੀ ਕਮੇਟੀ ਅਤੇ ਦਮਦਮੀ ਟਕਸਾਲ ਨੂੰ ਵੀ ਭੇਜੀ ਗਈ ਉਕਤ ਪੱਤਰ ਦੀ ਕਾਪੀ ’ਚ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਦੇ ਨਾਲ ਹੀ ਅੱਗੇ ਵਾਸਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਪੰਥ ਵੱਲੋਂ ਸਾਡਾ ਮਾਰਗ ਦਰਸ਼ਨ ਕੀਤਾ ਜਾਵੇਗਾ। ਉਸ ਨੇ ਸਿੱਖ ਪੰਥ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਵਿਖ ਵਿਚ ਕੋਈ ਵੀ ਅਜਿਹੀ ਗ਼ਲਤੀ ਨਹੀਂ ਕਰੇਗਾ, ਜਿਸ ਨਾਲ ਸਿਖ ਹਿਰਦਿਆਂ ਨੂੰ ਠੇਸ ਪਹੁੰਚੇ।
ਉਸ ਨੇ ਕਿਹਾ ਕਿ ਪਿਛਲੇ ਦਿਨੀਂ ਉਸ ਵੱਲੋਂ ਵਾਇਰਲ ਹੋਈ ਵੀਡੀਉ ਵਿਚ ਜਾਣੇ ਅਨਜਾਣੇ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਬਹੁਤ ਗਲਤ ਸ਼ਬਦਾਵਲੀ ਬੋਲੀ ਗਈ ਹੈ।ਉਨ੍ਹਾਂ ਕਿਹਾ ਕਿ ਉਦਾਸੀ ਸਾਧੂਆਂ ਨੇ ਹਮੇਸ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰਮਤਿ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਹੈ।ਉਹ ਮਹਿਸੂਸ ਕਰਦਾ ਹਾਂ ਕਿ ਕੋਈ ਕਾਲ ਦਾ ਹੀ ਅਜਿਹਾ ਚੱਕਰ ਸੀ ਜਿਸ ਕਰਕੇ ਉਸ ਕੋਲੋਂ ਅਜਿਹੀ ਭੁੱਲ ਹੋ ਗਈ।ਆਪਣੀ ਗ਼ਲਤੀ ’ਤੇ ਬਹੁਤ ਪਛਤਾਵਾ ਹੈ।ਇੱਥੋਂ ਤਕ ਕਿ ਉਹ ਗੁਰੂ ਸਾਹਿਬ ਜੀ ਬਾਰੇ ਅਜਿਹੇ ਸ਼ਬਦ ਬੋਲ ਕੇ ਆਪਣੀਆਂ ਨਜ਼ਰਾਂ ਵਿੱਚ ਹੀ ਡਿੱਗ ਚੁੱਕਾ ਹੈ।ਉਸ ਨੂੰ ਪੂਰਨ ਤੌਰ ’ਤੇ ਅਹਿਸਾਸ ਹੈ ਕਿ ਇਸ ਗ਼ਲਤੀ ਨਾਲ ਸਮੂਹ ਸਿੱਖ ਸੰਗਤਾਂ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ।
ਪੱਤਰ ਦੇ ਅਖੀਰ ’ਚ ਉਨ੍ਹਾਂ ਆਸ ਪ੍ਰਗਟ ਕੀਤਾ ਕਿ ਪੰਥ ਉਸ ਨੂੰ ਅਕਾਲ ਤਖਤ ਸਾਹਿਬ ’ਤੇ ਹਾਜ਼ਰ ਹੋ ਕੇ ਆਪਣੀ ਗ਼ਲਤੀ ਲਈ ਖਿਮਾ ਯਾਚਨਾ ਕਰਨ ਦਾ ਅਵਸਰ ਜ਼ਰੂਰ ਦੇਵੇਗਾ ਅਤੇ ਉਹ ਖ਼ਾਲਸਾ ਪੰਥ ਦੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵੇਗਾ।
ਯਾਦ ਰਹੇ ਕਿ ਪਿਛਲੇ ਪੰਜ ਦਿਨ ਪਹਿਲਾਂ ਇਸੇ ਨਰਾਇਣ ਦਾਸ ਵਲੋਂ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਅਪਸ਼ਬਦ ਬੋਲਿਆ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ।ਦਮਦਮੀ ਟਕਸਾਲ ਸਮੇਤ ਸ਼੍ਰੋਮਣੀ ਕਮੇਟੀ ਸਮੇਤ ਕਈ ਪੰਥਕ ਧਿਰਾਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਮੰਗ ਪੱਤਰਾਂ ਦੀ ਝੜੀ ਲਾਉਂਦਿਆਂ ਉਕਤ ਨਰਾਇਣ ਦਾਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਸੀ।
Punjab Post Daily Online Newspaper & Print Media