Thursday, October 15, 2026

ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਬਗੈਰ ਖੇਤਾਂ `ਚ ਸਾਂਭਣ ਲਈ ਨਵੀਨਤਮ ਤਕਨੀਕਾਂ ਤੋਂ ਕਰਵਾਇਆ ਜਾਣੂ

PPN2205201820 ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਬਗੈਰ ਖੇਤਾਂ ਵਿੱਚ ਸਾਂਭਣ ਲਈ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਜ਼ਿਲਾ ਪਠਾਨਕੋਟ ਵਿੱਚ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਰਹੀਮਪੁਰ ਵਿੱਚ ਅਗਾਂਹਵਧੂ ਕਿਸਾਨ ਸੰਦੀਪ ਸਿੰਘ ਦੇ ਖੇਤਾਂ ਵਿੱਚ ਪਲਟਾਵੀ ਹੱਲ ਦਾ ਪ੍ਰਦਰਸ਼ਨ ਕੀਤਾ ਗਿਆ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਅਤੇ ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ ਦੇ ਪ੍ਰਬੰਧਾਂ ਹੇਠ ਕਰਵਾਏ ਇਸ ਟਰਾਇਲ ਮੌਕੇ ਗੁਰਦਿੱਤ ਸਿੰਘ, ਬਲਵਿੰਦਰ ਕੁਮਾਰ, ਸਾਹਿਲ ਮਹਾਜਨ ਅਤੇ ਮਨਦੀਪ ਸਿੰਘ ਸਹਾਇਕ ਟੈਕਨਾਲੋਜੀ ਮੈਨੇਜ਼ਰ, ਪ੍ਰੇਮ ਸਿੰਘ, ਸੰਸਾਰ ਚੰਦ, ਯੁਵਰਾਜ ਸਿੰਘ, ਸੰਦੀਪ ਕੁਮਾਰ, ਮਾਸਟਰ ਉਮ ਪ੍ਰਕਾਸ, ਵਿਕਰਾਂਤ ਸੈਣੀ, ਜੋਗਿੰਦਰ ਪਾਲ, ਕੁਲਦੀਪ ਸਿੰਘ, ਤਿਲਕ ਰਾਜ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।PPN2205201821
            ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਦੁਆਰਾ ਨਾੜ ਨੂੰ ਖੇਤਾਂ ਵਿੱਚ ਸਾੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਹਵਾ ਦਾ ਪ੍ਰਦੂਸ਼ਣ ਵਧਣ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।ਉਨਾਂ ਕਿਹਾ ਕਿ ਆਮ ਕਰਕੇ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ 80-90 ਫੀਸਦੀ ਨਾੜ ਦੀ ਤੂੜੀ ਬਣਾ ਲਈ ਜਾਂਦੀ ਹੈ ਅਤੇ ਬਹੁਤ ਘੱਟ ਨਾੜ ਦਾ ਹਿੱਸਾ ਖੇਤ ਵਿੱਚ ਬਚਦਾ ਹੈ, ਜਿਸ ਨੂੰ ਕਿਸਾਨਾਂ ਵੱਲੋਂ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ।ਉਨਾਂ ਕਿਹਾ ਕਿ ਰੀਪਰ ਨਾਲ ਤੂੜੀ ਬਨਾਉਣ ਉਪਰੰਤ ਸੁਹਾਗਾ ਮਾਰ ਕੇ ਪਾਣੀ ਲਗਾ ਦੇਣਾ ਚਾਹੀਦਾ ਅਤੇ ਵੱਤਰ ਆਉਣ ਤੇ ਤਵੀਆਂ ਜਾਂ ਉਲਟਾਵੇਂ ਹੱਲ ਨਾਲ ਨਾੜ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿੱਚ ਦਬਾ ਕੇ ਨਾੜ ਨੂੰ ਜ਼ਮੀਨ ਵਿੱਚ ਦਬਾ ਦੇਣਾ ਚਾਹੀਦਾ ਹੈ ਜਾਂ ਜ਼ੀਰੋ ਡਰਿਲ ਨਾਲ ਖੇਤ ਨੂੰ ਬਿਨਾਂ ਵਾਹੇ  ਜੰਤਰ ਜਾਂ ਮੂੰਗੀ ਦੀ ਬਿਜਾਈ ਕੀਤੀ ਜਾ ਸਕਦੀ।ਉਨਾਂ ਕਿਹਾ ਕਿ ਪਲਟਾਵੀ ਹੱਲ ਨਾਲ ਖੇਤ ਵਾਉਣ ਨਾਲ ਮਿੱਟੀ ਵਿੱਚ ਹਵਾ ਦਾ ਸੰਚਾਰ ਵਧ ਜਾਂਦਾ ਹੈ ਅਤੇ ਤੇਜ਼ ਧੁੱਪ ਨਾਲ ਜ਼ਮੀਨ ਵਿੱਚ ਮੌਜੂਦ ਉੱਲੀ, ਨਦੀਨ ਅਤੇ ਕੀੜੇ ਖਤਮ ਹੋ ਜਾਂਦੇ ਹਨ।ਅਗਾਂਹਵਧੂ ਕਿਸਾਨ ਸੰਦੀਪ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਯਤਨਾਂ ਤੋਂ ਪ੍ਰੇਰਿਤ ਹੋ ਕਿ ਪਿਛਲੇ ਤਿੰਨ ਸਾਲ ਤੋਂ ਝੋਨੇ ਅਤੇ ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਖੇਤ ਵਿੱਚ ਹੀ ਵਾਹ ਰਿਹਾ ਹਾਂ।ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਖੇਤਾਂ ਵਿੱਚ ਗੰਡੋਇਆਂ ਦੀ ਗਿਣਤੀ ਵਧਣ ਦੇ ਨਾਲ ਪੈਦਾਵਾਰ ਵਧੇਰੇ ਅਤੇ ਉੱਚ ਮਿਆਰੀ ਮਿਲਦੀ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਅਤੇ ਜ਼ਮੀਨ ਦੀ ਸਿਹਤ ਸੁਧਾਰਨ ਲਈ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਤਵੀਆਂ ਜਾਂ ਉਲਟਾਵੀਂ ਹੱਲ ਨਾਲ ਵਾਹ ਦੇਣ।
 

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply