ਪਰਾਲੀ ਦੀ ਸਾਂਭ ਸੰਭਾਲ ਤੱਕ ਚੋਣਵੇਂ ਕਿਸਾਨਾਂ ਦੀਆਂ ਲੱਗਣਗੀਆਂ 6 ਕਲਾਸਾਂ
ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਉਚ ਮਿਆਰੀ ਬਾਸਮਤੀ ਦੀ ਪੈਦਾਵਾਰ ਲੈਣ ਲਈ ਪੂਸਾ 1121 ਕਿਸਮ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਅਤੇ ਬਾਸਮਤੀ 386, ਬਾਸਮਤੀ 370 ਦੀ ਪਨੀਰੀ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਕੀਤੀ ਜਾਵੇ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜਤਿ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਦੇ ਪਿੰਡ ਝਲੋਆ ਵਿੱਚ ਸਥਿਤ ਤਿਲਕ ਰਾਜ ਦੇ ਖੇਤੀ ਫਾਰਮ ਤੇ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤਹਿਤ ਲਗਾਏ ਤੀਜੇ ਫਾਰਮ ਸਕੂਲ ਦੀ ਸ਼ੁਰੂਆਤ ਕਰਦਿਆਂ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਸਮੇਂ ਸ਼੍ਰੀਮਤੀ ਸਾਕਸ਼ੀ ਖੇਤੀ ਉਪ ਨਿਰੀਖਕ, ਅਰਮਾਨ ਮਹਾਜਨ ਸਹਾਇਕ ਤਕਨੀਕੀ ਪ੍ਰਬੰਧਕ, ਰਘਬੀਰ ਸਿੰਘ, ਜੀਵਨ ਲਾਲ, ਹਰਦੇਵ ਸਿੰਘ ਪਪਿਆਲ, ਗੌਰਵ ਕੁਮਾਰ, ਯੁਧਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਨੂੰ ਫਾਰਮ ਸਕੂਲ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਫਾਰਮ ਸਕੂਲ ਦਾ ਮਕਸਦ ਕਿਸਾਨਾਂ ਨੂੰ ਪ੍ਰੈਕਟੀਕਲੀ ਤਕਨੀਕੀ ਤੌਰ ਤੇ ਮਜ਼ਬੂਤ ਕਰਨਾ ਹੈ ਤਾਂ ਜੋ ਕਿਸੇ ਦੇ ਕਹਿਣ ਜਾਂ ਦੇਖਾ ਦੇਖੀ ਵਰਤੋਂ ਕੀਤੇ ਜਾਦੇ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਕਰਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਉਨਾ ਕਿਹਾ ਕਿ ਫਾਰਮ ਸਕੂਲ ਵਿੱਚ ਬਾਸਮਤੀ ਦੇ ਪੱਕਣ ਤੱਕ ਕੁੱਲ 6 ਤਕਨੀਕੀ ਕਲਾਸਾਂ ਲਗਾਈਆਂ ਜਾਣਗੀਆਂ,ਜਿਸ ਵਿੱਚ ਮੌਸਮ/ ਸਮੇਂ ਅਨੁਸਾਰ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਸ ਮਕਸਦ ਲਈ ਕੁੱਲ 30 ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਚੋਣ ਕੀਤੀ ਗਈ ਹੈ।ਉਨਾਂ ਕਿਹਾ ਕਿ ਬਾਸਮਤੀ ਦੀ ਫਸਲ ਨੂੰ ਬਿਮਾਰੀ ਰਹਿਤ ਰੱਖਣ ਲਈ ਵਰਤੇ ਜਾਣ ਵਾਲੇ ਬੀਜ ਨੂੰ ਪਨੀਰੀ ਬੀਜਣ ਤੋਂ ਪਹਿਲਾਂ ਉੱਲੀ ਨਾਸ਼ਕ ਰਸਾਇਣਾਂ ਨਾਲ ਸੋਧ ਲੈਣਾ ਚਾਹੀਦਾ।ਉਨਾਂ ਕਿਹਾ ਕਿ ਇੱਕ ਏਕੜ ਲਈ ਬਾਸਮਤੀ ਦੀ ਪਨੀਰੀ ਲਈ ਲੋੜੀਂਦੇ ਅੱਠ ਕਿਲੋ ਬੀਜ ਨੂੰ 15% ਲੂਣ ਵਾਲੇ 10 ਲਿਟਰ ਪਾਣੀ ਦੇ ਘੋਲ ਵਿਚ ਭਿਉਂ ਦਿਉ, ਹਲਕਾ, ਬਿਮਾਰੀ ਵਾਲਾ ਜਾਂ ਅੱਧ ਪੱਕਾ ਬੀਜ ਉੱਪਰ ਤਰ ਆਵੇਗਾ ਜਿਸ ਨੂੰ ਬਾਹਰ ਕੱਢ ਦਿਉ।ਉਨਾਂ ਕਿਹਾ ਕਿ ਹੇਠਾਂ ਬੈਠੇ ਤੰਦਰੁਸਤ ਬੀਜ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਉ। ਉਨਾਂ ਕਿਹਾ ਕਿ ਬੀਜ ਨੂੰ ਸਾਫ ਕਰਕੇ 20 ਗ੍ਰਾਮ ਕਾਰਬੈਂਡਾਜ਼ਿਮ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲਿਨ ਦੇ 10 ਲਿਟਰ ਪਾਣੀ ਦੇ ਘੋਲ ਵਿੱਚ 10-12 ਘੰਟੇ ਭਿਉਂ ਦਿਉ।ਉਨਾਂ ਕਿਹਾ ਕਿ ਸੋਧੇ ਬੀਜ ਨੂੰ ਗਿੱਲੀਆ ਬੋਰੀਆ ਉੱਪਰ 5-7 ਸੈ.ਮੀ ਦੀ ਮੋਟੀ ਤਹਿ ਵਿੱਚ ਖਿਲਾਰ ਕੇ ਗਿੱਲੀਆਂ ਬੋਰੀਆ ਨਾਲ ਢੱਕ ਦਿਉ ਅਤੇ ਢੱਕੇ ਹੋਏ ਬੀਜ ਨੂੰ ਸਮੇਂ ਸਮੇਂ ਤੇ ਪਾਣੀ ਦਿੰਦੇ ਰਹੋ।ਉਨਾਂ ਕਿਹਾ ਕਿ ਪੂਸਾ ਬਾਸਮਤੀ 1121 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਅਤੇ ਬਾਸਮਤੀ 386, 370 ਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਦੌਰਾਨ ਬੀਜੋ।ਉਨਾਂ ਕਿਹਾ ਕਿ ਪਨੀਰੀ ਬੀਜਣ ਉਪਰੰਤ ਬੀਜ ਨੂੰ ਰੂੜੀ ਅਤੇ ਮਿੱਟੀ ਦੇ ਮਿਸ਼ਰਣ ਦਾ ਛੱਟਾ ਦੇ ਕੇ ਢੱਕ ਦਿਉ।ਉਨਾਂ ਕਿਹਾ ਕਿ ਬਿਜਾਈ ਦੇ ਤਿੰਨ ਦਿਨਾਂ ਬਾਅਦ 500 ਮਿ.ਲੀ ਸੋਫਟ ਪ੍ਰਤੀ ਦਿਉ ਤਾਂ ਨੋ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕੇ।ਇਸ ਮੌਕੇ ਕਿਸਾਨਾਂ ਨੂੰ ਬਾਸਮਤੀ ਦਾ ਬੀਜ ਸੋਧਣ ਦੇ ਤਰੀਕੇ ਨੂੰ ਪ੍ਰਦਰਸ਼ਿਤ ਕਰਕੇ ਜਾਣਕਾਰੀ ਦਿੱਤੀ ਗਈ।
Punjab Post Daily Online Newspaper & Print Media