ਭੀਖੀ, 31 ਮਈ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਵਾਰਡ ਨੰ: 5 ਵਿਖੇ ‘ਨਵ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ’ ਦੀ ਇਕੱਤਰਤਾ ਹੋਈ।ਇਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਉਸਾਰੀ ਨਾਲ ਸਬੰਧਿਤ ਮਜ਼ਦੂਰ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਅਣਗਹਿਲੀਆਂ ਦਾ ਸ਼ਿਕਾਰ ਹੋ ਰਹੇ ਹਨ।ਮਜ਼ਦੂਰ ਨਵੀਆਂ ਕਾਪੀਆਂ ਬਣਾਉਣ, ਰੀਨਿਊ ਕਰਵਾਉਣ ਆਦਿ ਸਹੂਲਤਾਂ ਲੈਣ ਲਈ ਸੇਵਾ ਕੇਂਦਰ ਤੇ ਕਿਰਤ ਵਿਭਾਗ ਤੋਂ ਵਾਰ-ਵਾਰ ਜ਼ਲੀਲ ਹੋ ਰਹੇ ਹਨ।ਦਰਸ਼ਨ ਟੇਲਰ ਨੇ ਕਿਹਾ ਕਿ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਲਾਭਪਾਤਰੀ ਸਕੀਮਾਂ ਕਿਰਤ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਰੋਕ ਰੱਖੀਆਂ ਹਨ, ਇਹ ਸਕੀਮਾਂ ਸਿਰਫ਼ ਅਖ਼ਬਾਰਾਂ, ਟੀ.ਵੀ ਚੈਨਲਾਂ ਦੀ ਸੁਰਖ਼ੀਆਂ ਬਣ ਕੇ ਰਹਿ ਗਈਆਂ ਹਨ।ਇਸ ਦੇ ਸਬੰਧ ਵਿੱਚ 1 ਜੂਨ ਨੂੰ ਜ਼ਿਲ੍ਹਾ ਕਚਿਹਰੀਆਂ ਮਾਨਸਾ ਵਿਖੇ ਵਿਸ਼ਾਲ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ। ਉਨ੍ਹਾਂ ਨੇ ਪਿਛਲੇ ਦਿਨੀਂ ਪਿੰਡ ਕੋਟਦੁੱਨਾ ਵਿਖੇ ਪਿੰਡ ਦੇ ਅਕਾਲੀ, ਕਾਂਗਰਸੀ ਧਨਾਢਾਂ ਵੱਲੋਂ ਮਜ਼ਦੂਰਾਂ ਨਾਲ ਕੀਤੀ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਮਜ਼ਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਇੱਕਜੁੱਟ ਹੋਣ ਦਾ ਸੱਦਾ ਦਿੱਤਾ।ਇਸ ਦੌਰਾਨ ਨਵ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੀ 15 ਮੈਂਬਰੀ ਕਮੇਟੀ ਦੀ ਚੋਣ ਹੋਈ ਜਿਸ ਦਾ ਪ੍ਰਧਾਨ ਕਿਸ਼ਨ ਸਿੰਘ, ਮੀਤ ਸੁਖਚੈਨ ਸਿੰਘ, ਸਕੱਤਰ ਪਰਮਜੀਤ ਸਿੰਘ, ਪ੍ਰੈਸ ਸਕੱਤਰ ਰਾਮ ਸਿੰਘ, ਚਰਨਜੀਤ ਕੌਰ ਨੂੰ ਖਜ਼ਾਨਚੀ ਚੁਣਿਆ ਗਿਆ।ਇਸ ਮੌਕੇ ਪਰਮਜੀਤ ਕੌਰ, ਬਲਜੀਤ ਕੌਰ, ਗੁਰਮੇਲ ਕੌਰ, ਕਸ਼ਮੀਰਾ ਸਿੰਘ, ਮਨਦੀਪ ਸਿੰਘ ਗਿਰਧਾਰੀ ਲਾਲ ਆਦਿ ਮਿਸਤਰੀ ਅਤੇ ਮਜ਼ਦੂਰ ਹਾਜ਼ਰ ਸਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media