ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਚੱਲ ਰਿਹਾ 2 ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਅੱਜ ਸਮਾਪਤ ਹੋ ਗਿਆ। ਜਿਸ ’ਚ ‘ਰਾਸ਼ਟਰਵਾਦ ਅਤੇ ਪੰਜਾਬ ਵੰਡ’ ਵਿਸ਼ੇ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਡਾ. ਸੁਖਦੇਵ ਸਿੰਘ ਸੋਹਲ ਨੇ ਪੰਜਾਬ ਦੇ ਇਤਿਹਾਸ ’ਚ ਹੋਈ ਉਥਲ-ਪੁਥਲ ਅਤੇ ਭਾਰਤ-ਪਾਕਿ ਬਟਵਾਰੇ ਦੇ ਦੁਖਾਂਤ ਸਬੰਧੀ ਮਹੱਤਵਪੂਰਨ ਪਹਿਲੂਆਂ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ।ਇਸ ਤੋਂ ਪਹਿਲਾਂ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਬੁਲਾਰੇ ਡਾ. ਸੋਹਲ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਮੈਟਰੋਪੋਲੀਟਨ ਸਟੇਟ ਯੂਨੀਵਰਸਿਟੀ, ਡੇਨਵਰ, ਯੂ.ਐਸ.ਏ ਦੇ ਵਿਦਵਾਨਾਂ ਦਾ ਵਫ਼ਦ ਜਿਸ ’ਚ ਡਾ. ਐਂਡਰਿਊ ਮੂਡੂਨ, ਇਤਿਹਾਸ ਦੇ ਪ੍ਰੋਫੈਸਰ, ਜੇਮਜ਼ ਔਬਰੀ, ਅੰਗਰੇਜ਼ੀ ਦੇ ਪ੍ਰੋਫੈਸਰ ਅਤੇ ਡਾ. ਅਕਬਰਾਲੀ ਥੋਭਾਨੀ, ਕਾਰਜਕਾਰੀ ਨਿਰਦੇਸ਼ਕ, ਇੰਟਰਨੈਸ਼ਨਲ ਸਟੱਡੀਜ਼ ਦਫਤਰ ਵੀ ਮੌਜ਼ੂਦ ਸਨ।
ਡਾ. ਸੋਹਲ ਨੇ ‘ਅੰਮ੍ਰਿਤਸਰ ’ਚ ਰਾਸ਼ਟਰਵਾਦ ਅਤੇ ਵੰਡ’ ਵਿਸ਼ੇ ’ਤੇ ਆਪਣੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆ ਆਪਣੇ ਭਾਸ਼ਣ ’ਚ ਜਿਊਗਰੀਫ਼ੀ ਅਤੇ ਜਨਸੰਖਿਆ, ਕੌਮੀਵਾਦ: ਸਮਾਜਿਕ ਅਤੇ ਰਾਜਨੀਤਿਕ ਫ਼ੋਰਸ, ਬਟਵਾਰਾ (1947) ਅਤੇ ਅੰਮ੍ਰਿਤਸਰ ਦਾ ਇਤਿਹਾਸ ਸਬੰਧੀ ਇਕ ਵਿਸ਼ਲੇਸ਼ਣ ਕੀਤਾ।ਉਨ੍ਹਾਂ ਨੇ ਸੰਨ 1947 ਤੋਂ ਪਹਿਲਾਂ ਦੇ ਪੰਜਾਬ ਦਾ ਜ਼ਿਕਰ ਕੀਤਾ ਹੈ ਜੋ ਹਮੇਸ਼ਾਂ ਆਪਣੇ ਕੁਦਰਤੀ ਸਰੋਤਾਂ ਲਈ ਹਮਲਾਵਰਾਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ। ਉਨ੍ਹਾਂ ਨੇ ਸਿਆਸੀ ਦਬਾਅ ਦੇ ਭੂਗੋਲ ਬਾਰੇ ਇਕ ਵਿਸਤ੍ਰਿਤ ਦ੍ਰਿਸ਼ਟੀਕੋਣ ਵੀ ਪੇਸ਼ ਕੀਤਾ ਜੋ ਕਿ ਅੰਮ੍ਰਿਤਸਰ ਅਤੇ ਲਾਹੌਰ ਦੇ ਜ਼ਮੀਨੀ ਉਪਜਾਊ ਸ਼ਕਤੀਆਂ ਲਈ ਅਹਿਮ ਖੇਤਰ ਬਣ ਗਿਆ।ਉਨ੍ਹਾਂ ਨੇ ਰਾਸ਼ਟਰਵਾਦ ਦੇ ਵਿਸ਼ੇ ’ਤੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ ਜੋ ਪੰਜਾਬੀਆਂ ਲਈ 1905 ਤੋਂ 1947 ਤੱਕ ਸਮਾਜਿਕ ਅਤੇ ਰਾਜਨੀਤਿਕ ਤਾਕਤ ਵਜੋਂ ਉਭਰਿਆ। ਡਾ. ਸੋਹਲ ਨੇ 1849 ’ਚ ਕੱਚੇ ਪਦਾਰਥਾਂ ਅਤੇ ਹੋਰ ਸੰਸਾਧਨਾਂ ਲਈ ਬ੍ਰਿਟਿਸ਼ ਦੁਆਰਾ ਪੰਜਾਬ ਦੇ ਹਿੱਸੇ ਨੂੰ ਮਿਲਾਉਣ ਲਈ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ 1857 ’ਚ ਸਿੱਖਾਂ ਦੇ ਵਿਦਰੋਹ ਦੇ 2 ਨੁਕਤਿਆਂ ਸਬੰਧੀ ਵੀ ਚਰਚਾ ਕੀਤੀ।ਛੀਨਾ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਕੌਮੀ ਚੇਤਨਾ ਦੀ ਭਾਵਨਾ ਹੀ ਰਾਸ਼ਟਰਵਾਦ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਨੇ ਇਸ ਮੌਕੇ ਪੰਜਾਬ ਦੀ ਵੰਡ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਵੰਡ ਦੇ ਜਖ਼ਮ ਅੱਜ ਵੀ ਅੱਲ੍ਹੇ ਹਨ।ਛੀਨਾ ਨੇ ਕਿਹਾ ਕਿ 1947 ’ਚ ਮੁਸਲਿਮ ਲੀਗ ਦੀ ਪੰਜਾਬ ਬਟਵਾਰੇ ’ਚ ਅਹਿਮ ਭੂਮਿਕਾ ਸੀ ਉਨ੍ਹਾਂ ਰਾਜਨੀਤੀ ਦਾ ਸਹਾਰਾ ਲੈਂਦਿਆਂ ਭਾਰਤ 2 ਟੁਕੜਿਆਂ ’ਚ ਵੰਡ ਦਿੱਤਾ।ਉਨ੍ਹਾਂ ਅੰਮ੍ਰਿਤਸਰ, ਲਾਹੌਰ ਦੇ ਅੰਕੜਾ, ਭੂਗੋਲ, ਵਸੀਲਿਆਂ ਅਤੇ ਆਰਥਿਕ ਹਾਲਾਤ ਦੀ ਤੁਲਨਾ ਕਰਕੇ ਆਪਣੇ ਭਾਸ਼ਣ ਨੂੰ ਸਮਾਪਤ ਕੀਤਾ।
ਅਕਬਰਾਲੀ ਥੋਭਾਨੀ, ਕਾਰਜਕਾਰੀ ਨਿਰਦੇਸ਼ਕ, ਦਫਤਰ ਆਫ ਇੰਟਰਨੈਸ਼ਨਲ ਸਟੱਡੀਜ਼ ਨੇ ਮੈਨੇਜ਼ਮੈਂਟ ਅਤੇ ਪ੍ਰਿੰ: ਡਾ. ਮਨਪ੍ਰੀਤ ਕੌਰ ਦਾ ਧੰਨਵਾਦ ਕੀਤਾ ਅਤੇ ਡਾ. ਸੋਹਲ ਦੁਆਰਾ ਦਿੱਤੇ ਗਏ ਵਿਸ਼ੇਸ਼ ਭਾਸ਼ਣ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰ ਡਾ. ਮਨਪ੍ਰੀਤ ਕੌਰ ਨੇ ਕੈਂਪਸ ਵਿਖੇ ਮੁੱਖ ਮਹਿਮਾਨ ਅਤੇ ਵਿਦੇਸ਼ ਤੋਂ ਆਏ ਵਫ਼ਦ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਾ. ਸੋਹਲ ਵੱਲੋਂ ਪੰਜਾਬ ਵੰਡ ਸਬੰਧੀ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਅਤੇ ਬਾਹਰੋਂ ਆਏ ਡੈਲੀਗੇਟਾਂ ਨਾਲ ਸਾਂਝੀ ਕਰਨ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ।