Monday, March 23, 2026

ਜੋਧਪੁਰ ਨਜ਼ਰਬੰਦੀਆਂ ਦੇ ਕੇਸ ਨੰੂ ਚੁਨੌਤੀ ਕੇਂਦਰ ਦਾ ਸਿੱਖ ਕੋਮ ਨਾਲ ਇਕ ਹੋਰ ਵਿਤਕਰਾ – ਦਮਦਮੀ ਟਕਸਾਲ

ਕੇਂਦਰ ਦੀ ਕਾਂਗਰਸ ਹੀ ਨਹੀਂ ਗੈਰ ਕਾਂਗਰਸੀ ਸਰਕਾਰਾਂ ਵੀ ਸਿੱਖਾਂ ਨਾਲ ਕਰ ਰਹੀਆਂ ਹਨ ਬੇਇਨਸਾਫ਼ੀ

ਅੰਮ੍ਰਿਤਸਰ, 15 ਜੂਨ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੋਧਪੁਰ ਨਜਰਬੰਦੀਆਂ ਨੂੰ ਮੁਆਵਜ਼ਾ ਦੇਣ ਸੰਬੰਧੀ ਜਿਤੇ ਕੇਸ ਨੂੰ ਕੇਂਦਰ ਸਰਕਾਰ ਵੱਲੋਂ ਹਾਈਕੋਰਟ ’ਚ ਚੁਨੌਤੀ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਅਪੀਲ ਵਾਪਸ ਲੈਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਕੇਸ ਨੂੰ ਚੁਨੌਤੀ ਦੇ ਕੇ ਗੈਰ ਕਾਂਗਰਸੀ ਕੇਂਦਰੀ ਹਕੂਮਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਿਖ ਕੌਮ ਨੂੰ ਇਨਸਾਫ਼ ਦੇਣ ਅਤੇ ਜ਼ਖ਼ਮਾਂ ’ਤੇ ਮਲ੍ਹਮ ਲਾਉਣ ਦੀ ਥਾਂ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਕਤ ਚੁਨੌਤੀ ਕੇਂਦਰੀ ਹਕੂਮਤ ਦਾ ਸਿੱਖ ਕੌਮ ਨਾਲ ਇਕ ਹੋਰ ਵਿਤਕਰੇ ਦਾ ਸਬੂਤ ਹੈ। ਉਨ੍ਹਾਂ ਭਾਰਤੀ ਹਕੂਮਤ ਵਲੋਂ ਦਿੱਤੀ ਗਈ ਚੁਨੌਤੀ ਦਾ ਸਾਹਮਣਾ ਕਰਨ ਲਈ ਵਕੀਲਾਂ ਦਾ ਪੈਨਲ ਬਣਾਉਣ ਦਾ ਐਲਾਨ ਕੀਤਾ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਉਕਤ ਕੇਸ ਦੀ ਠੋਸ ਪੈਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਕਾਲੀ ਦਲ ਅਤੇ ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਨੂੰ ਉਕਤ ਮੁੱਦੇ ਨੂੰ ਪਾਰਲੀਮੈਂਟ ’ਚ ਉਠਾਉਣ ਦਾ ਸੱਦਾ ਵੀ ਦਿਤਾ ਹੈ।
ਦਮਦਮੀ ਟਕਸਾਲ ਮੁਖੀ ਨੇ ਦਸਿਆ ਕਿ ਕੇਂਦਰ ਦੀ ਕਾਂਗਰਸ ਹੀ ਨਹੀਂ ਗੈਰ ਕਾਂਗਰਸੀ ਸਰਕਾਰਾਂ ਵੀ ਸਿਖਾਂ ਨਾਲ ਬੇਇਨਸਾਫ਼ੀ ਕਰਨ ਤੋਂ ਬਾਜ ਨਹੀਂ ਆ ਰਹੀਆਂ ਹਨ।ਕੇਂਦਰ ਸਰਕਾਰ ਵਲੋਂ ਚੁੱਕੇ ਗਏ ਉਕਤ ਕਦਮ ਨੇ ਭਾਰਤੀ ਹਕੂਮਤ ਅਤੇ ਸਿਸਟਮ ਨੂੰ ਇਕ ਵਾਰ ਫਿਰ ਕਟਹਿਰੇ ‘ਚ ਖੜ੍ਹਾ ਕਰ ਦਿਤਾ ਹੈ। ਜੋਧਪੁਰ ਨਜਰਬੰਦੀਆਂ ਨੰੂ ਮੁਆਵਜ਼ਾ ਦੇਣ ਬਾਰੇ ਅੰਮ੍ਰਿਤਸਰ ਦੀ ਅਦਾਲਤ ਦਾ ਫ਼ੈਸਲਾ ਭਾਰਤੀ ਹਕੂਮਤ ਵਲੋਂ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਨੂੰ ਗਲਤ, ਬੇਲੋੜਾ ਅਤੇ ਹਜ਼ਾਰਾਂ ਬੇਕਸੂਰ ਸ਼ਰਧਾਲੂ ਸਿੱਖਾਂ ਨੂੰ ਸ਼ਹੀਦ ਕੀਤੇ ਜਾਣ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਸਿੱਧ ਕੀਤਾ ਹੈ।ਅਦਾਲਤ ਨੇ ਸਪੱਸ਼ਟ ਕਿਹਾ ਕਿ ਮੁਆਵਜ਼ੇ ਦੀ ਕੋਈ ਵੀ ਰਕਮ ਉਸ ਬੰਦੇ ਦੇ ਜ਼ਖ਼ਮਾਂ ਨੂੰ ਠੀਕ ਨਹੀ ਕਰ ਸਕਦੀ, ਜਿਸ ਨੂੰ ਨਜਾਇਜ਼ ਹਿਰਾਸਤ ਵਿਚ ਰਖਿਆ ਗਿਆ ਹੋਵੇ। ਮੁਆਵਜ਼ਾ ਦੇਣ ਦਾ ਮਕਸਦ ਸਿਰਫ਼ ਉਨ੍ਹਾਂ ਦੇ ਜ਼ਖ਼ਮਾਂ ਨੂੰ ਥੋੜਾ ਬਹੁਤ ਮਲ੍ਹਮ ਲਾਉਣ ਨਾਲ ਹੈ।
ਜੂਨ ‘84 ਦੌਰਾਨ ਸ੍ਰੀ ਦਰਬਾਰ ਸਾਹਿਬ ਹਮਲੇ ਸਮੇਂ ਜੋਧਪੁਰ ਜੇਲ੍ਹ ‘ਚ ਨਜ਼ਰਬੰਦ ਕੀਤੇ ਗਏ ਸਿੱਖ ਨੌਜਵਾਨਾਂ ਲਈ ਲੰਮੇ ਕਾਨੂੰਨੀ ਜੱਦੋ ਜਹਿਦ ਨਾਲ 5-5 ਲੱਖ ਰੁਪੈ ਸਮੇਤ 6 ਫੀਸਦੀ ਵਿਆਜ ਮੁਆਵਜ਼ਾ ਦਿਵਾਉਣ ਦਾ ਕੇਸ ਜਿੱਤਿਆ।ਜਦ ਕਿ ਪੰਜਾਬ ਦੀ ਬਾਦਲ ਸਰਕਾਰ ਵਲੋਂ 9 ਜੂਨ 2006 ਦੌਰਾਨ 1-1 ਲੱਖ ਰੁਪੈ ਮੁਆਵਜ਼ਾ ਦੇਣ ਦਾ ਪੱਤਰ ਜਾਰੀ ਕਰਨ ਉਪਰੰਤ ਰਕਮ ਦੇ ਦਿੱਤੀ ਗਈ ਹੋਣ ਕਾਰਨ ਉਕਤ ਮੁਆਵਜ਼ਾ ਰਕਮ ਹੁਣ 4-4 ਲੱਖ ਰਹਿ ਗਈ ਹੈ।     
ਦਮਦਮੀ ਟਕਸਾਲ ਮੁਖੀ ਨੇ ਦੱਸਿਆ ਕਿ 5-5 ਸਾਲ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖੇ ਜਾਣ ਕਾਰਨ ਜੋਧਪੁਰ ਨਜ਼ਰਬੰਦੀ ਸਿੰਘ ਮੁਆਵਜ਼ੇ ਦੇ ਹੱਕਦਾਰ ਹਨ। ਉਨ੍ਹਾਂ ਦਸਿਆ ਕਿ ਬਿਨਾ ਮਿਹਨਤਾਨਾ ਲਏ ਉਕਤ ਕੇਸ ਨੂੰ ਜ਼ਿਲ੍ਹਾ ਅਦਾਲਤ ’ਚੋਂ ਜਿੱਤ ਦਿਵਾਉਣ ਵਾਲੇ ਦਮਦਮੀ ਟਕਸਾਲ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ’ਚ ਵਕੀਲਾਂ ਦਾ ਪੈਨਲ ਜੋਧਪੁਰੀਆਂ ਨੂੰ ਬਣਦਾ ਹੱਕ ਦਿਵਾਉਣ ਲਈ ਹਾਈਕੋਰਟ ’ਚ ਕੇਸ ਦੀ ਪੈਰਵਾਈ ਕਰੇਗਾ।
ਉਨ੍ਹਾਂ ਕਿਹਾ ਕਿ ਭਾਰਤੀ ਸਿਆਸੀ ਨਿਜ਼ਾਮ ਤੋਂ ਸਿੱਖਾਂ ਦਾ ਭਰੋਸਾ ਦਿਨੋਂ ਦਿਨ ਖੁਰਦਾ ਜਾ ਰਿਹਾ ਹੈ।ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣ ਦੀ ਥਾਂ ਬਿਨਾ ਦੇਰੀ ਸਿੱਖ ਕੌਮ ਦਾ ਵਿਸ਼ਵਾਸ ਜਿੱਤਣ ਵੱਲ ਠੋਸ ਕਦਮ ਉਠਾਉਣ।ਕੇਂਦਰ ਆਪਣਾ ਨਿਜ਼ਾਮ ਦਰੁਸਤ ਕਰਨ ਅਤੇ ਬਿਨਾ ਦੇਰੀ ਜੋਧਪੁਰੀਆਂ ਦਾ ਕੇਸ ਹਾਈ ਕੋਰਟ ’ਚੋ ਵਾਪਸ ਲਵੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰੇ।ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜੇ ਹਕੂਮਤ ਨੇ ਸਿੱਖਾਂ ਨਾਲ ਵਿਤਕਰਾ ਬੰਦ ਨਾ ਕੀਤਾ ਤਾਂ ਭਵਿੱਖ `ਚਵੀ ਸਿੱਖ ਮਨਾਂ ਵਿਚੋਂ ਰੋਸ ਨੂੰ ਸ਼ਾਂਤ ਨਹੀਂ ਕੀਤਾ ਜਾ ਸਕੇਗਾ।
 

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply