Saturday, April 18, 2026

ਵਰਟੀਕਲ ਗਾਰਡਨ ਨੂੰ ਪੰਜਾਬ `ਚ ਉਤਸ਼ਾਹਿਤ ਕਰ ਰਿਹਾ ਹੈ ਮਹਿਰਾ ਪਰਿਵਾਰ

ਸਾਰੇ ਸਕੂਲਾਂ ਵਿਚ ਲਗਾਏ ਜਾਣਗੇ 100-100 ਰੁੱਖ – ਸੋਨੀ

PPN1906201806ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਇਕ ਪਾਸੇ ਜਿੱਥੇ ਬਹੁ-ਗਿਣਤੀ ਲੋਕ ਸਰਕਾਰਾਂ ਤੇ ਸਮਾਜ ਨੂੰ ਦੋਸ਼ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ, ਉਥੇ ਸਾਡੇ ਸ਼ਹਿਰ ਦੀਆਂ ਹੀ ਕੁੱਝ ਅਜਿਹੀਆਂ ਹਸਤੀਆਂ ਹਨ, ਜੋ ਸ਼ਹਿਰ ਨੂੰ ਸਾਫ-ਸੁਥਰਾ ਰੱਖਣ, ਵਾਤਾਵਰਣ ਨੂੰ ਸ਼ੁੱਧ ਕਰਨ, ਦਰਖਤ ਲਗਾਉਣ ਅਤੇ ਹੋਰ ਸਮਾਜ ਸੇਵੀ ਕੰਮਾਂ ਵਿਚ ਬਿਨਾਂ ਕੋਈ ਸਰਕਾਰੀ-ਦਰਬਾਰੀ ਮਦਦ ਦੇ ਲੱਗੀਆਂ ਹੋਈਆਂ ਹਨ।ਅਜਿਹਾ ਹੀ ਇਕ ਮਾਣ ਮੱਤਾ ਜੋੜਾ ਹੈ ਸ੍ਰੀਮਤੀ ਗੀਤਾਂਜਲੀ ਮਹਿਰਾ ਅਤੇ ਉਨਾਂ ਦਾ ਪਤੀ ਰੋਹਿਤ ਮਹਿਰਾ, ਜੋ ਕਿ ਪੇਸ਼ੇ ਵਜੋਂ ਵਧੀਕ ਕਮਿਸ਼ਨਰ ਆਮਦਨ ਕਰ ਵਿਭਾਗ ਹਨ।  
              ਸ੍ਰੀਮਤੀ ਮਹਿਰਾ ਨੇ ਦੱਸਿਆ ਕਿ ਉਨਾਂ ਨੂੰ ਵਰਟੀਕਲ ਗਾਰਡਨ ਦਾ ਵਿਚਾਰ ਪਲਾਸਟਿਕ ਦੀਆਂ ਫਾਲਤੂ ਬੋਤਲਾਂ ਨੂੰ ਵਰਤੋਂ ਵਿਚ ਲਿਆਉਣ ਲਈ ਆਇਆ।ਉਨਾਂ ਦੱਸਿਆ ਕਿ ਇਸ ਦੀ ਸ਼ੁਰੂਆਤ ਲੁਧਿਆਣਾ ਤੋਂ ਕੀਤੀ ਗਈ ਅਤੇ ਸਭ ਤੋਂ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਚ ਵਰਟੀਕਲ ਗਾਰਡਨ ਤਿਆਰ ਕੀਤਾ ਗਿਆ, ਜਿੱਥੇ ਕਿ ਕਰੀਬ 15 ਹਜ਼ਾਰ ਪੌਦੇ ਲਗਾਏ ਜਾ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।ਉਨਾਂ ਦੱਸਿਆ ਕਿ ਇਸ ਤੋਂ ਬਾਅਦ ਆਮਦਨ ਕਰ ਦਫਤਰ ਲੁਧਿਆਣਾ, ਡੀ.ਏ.ਵੀ ਸਕੂਲ, ਬੀ.ਸੀ.ਐਮ ਸਕੂਲ ਅਤੇ ਕਈ ਲੋਕਾਂ ਦੇ ਨਿੱਜੀ ਘਰਾਂ ਵਿਚ ਵਰਟੀਕਲ ਗਾਰਡਨ ਤਿਆਰ ਕੀਤੇ ਗਏ।ਹੁਣ ਤੱਕ ਕਰੀਬ ਪੌਣੇ ਦੋ ਲੱਖ ਪੌਦੇ ਇਹ ਵਰਟੀਕਲ ਗਾਰਡਨ ਰਾਹੀਂ ਲਗਾ ਚੁੱਕੇ ਹਨ।
              ਅੰਮ੍ਰਿਤਸਰ ਉਨਾਂ ਨੇ ਆਪਣਾ ਘਰ ਤੇ ਹਵਾਈ ਅੱਡਾ ਰੋਡ ’ਤੇ ਇਕ ਫਾਰਮ ਹਾਊਸ ਵਰਟੀਕਲ ਗਾਰਡਨ ਤਿਆਰ ਕੀਤਾ ਹੈ।ਉਨਾਂ ਦੱਸਿਆ ਕਿ ਇਸ ਲਈ ਫਾਲਤੂ ਪਦਾਰਥ ਹੀ ਲਏ ਜਾਂਦੇ ਹਨ ਅਤੇ ਸਾਰੇ ਬੂਟੇ ਸਦਾ ਬਾਹਰ ਲਗਾਏ ਜਾਂਦੇ ਹਨ, ਤਾਂ ਕਿ ਸਾਰਾ ਸਾਲ ਹਰਿਆਲੀ ਰਹੇ।ਉਨਾਂ ਦੱਸਿਆ ਕਿ ਗਰਮੀ ਦੇ ਦਿਨਾਂ ਵਿਚ ਇਸ ਦਾ ਵੱਡਾ ਲਾਹਾ ਇਹ ਵੀ ਮਿਲਦਾ ਹੈ ਕਿ ਬਾਹਰ ਦੇ ਤਾਪਮਾਨ ਨਾਲੋਂ ਕਮਰੇ ਦੇ ਅੰਦਰ ਦਾ ਤਾਪਮਾਨ 5 ਫੀਸਦੀ ਤੱਕ ਘੱਟ ਜਾਂਦਾ ਹੈ।ਸ੍ਰੀਮਤੀ ਮਹਿਰਾ ਨੇ ਦੱਸਿਆ ਕਿ ਉਨਾਂ ਦੀ ਟੀਮ ਇਸ ਲਈ ਕੋਈ ਫੀਸ ਨਹੀਂ ਲੈਂਦੀ, ਬਲਕਿ ਸਮਾਜ ਸੇਵਾ ਦੇ ਤੌਰ ’ਤੇ ਸਬੰਧਤ ਸੰਸਥਾ ਦੇ ਆਦਮੀਆਂ ਜਾਂ ਨਿੱਜੀ ਮਾਲਕ ਨੂੰ ਸਿੱਖਿਅਤ ਕੀਤਾ ਜਾਂਦਾ ਹੈ ਅਤੇ ਉਨਾਂ ਤੋਂ ਹੀ ਸਾਰਾ ਕੰਮ ਕਰਵਾਇਆ ਜਾਂਦਾ ਹੈ।ਉਨਾਂ ਇਸ ਦੀ ਜਾਣਕਾਰੀ ਲੈਣ ਲਈ ਖੁੱਲਾ ਸੱਦਾ ਦਿੱਤਾ।
               ਵਰਟੀਕਲ ਗਾਰਡਨ ਵੇਖਣ ਪਹੁੰਚੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਇਸ ਮੌਕੇ ਮਹਿਰਾ ਪਰਿਵਾਰ ਨੂੰ ਸਾਬਾਸ਼ ਦਿੰਦੇ ਕਿਹਾ ਕਿ ਅਜਿਹਾ ਉਦਮ ਸਾਰੇ ਸ਼ਹਿਰ ਵਾਸੀਆਂ ਨੂੰ ਕਰਨਾ ਚਾਹੀਦਾ ਹੈ, ਜਿਸ ਨਾਲ ਵਾਤਾਵਰਣ ਪਲਾਸਟਿਕ ਮੁੱਕਤ ਰਹੇਗਾ, ਉਥੇ ਹਰਿਆਲੀ ਵੀ ਪੈਦਾ ਹੋਵੇਗੀ।ਉਨਾਂ ਦੱਸਿਆ ਕਿ ਸਕੂਲਾਂ ਵਿਚ ਜਿੱਥੇ ਬੱਚਿਆਂ ਨੂੰ ਇਸ ਤਰਾਂ ਦਾ ਪਲਾਸਟਿਕ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾਵੇਗਾ, ਉਥੇ ਹਰ ਸਕੂਲ ਵਿਚ ਥਾਂ ਦੇ ਹਿਸਾਬ ਨਾਲ 100-100 ਬੂਟੇ ਲਗਾਏ ਜਾਣਗੇ।ਇਸ ਮੌਕੇ ਡਾਇਰੈਕਟਰ ਸਿੱਖਿਆ ਪ੍ਰਸ਼ਾਂਤ ਕਿਸ਼ੋਰ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਹੋਰ ਅਧਿਕਾਰੀਆਂ ਨੇ ਵੀ ਇਹ ਵਰਟੀਕਲ ਬਗੀਚਾ ਵੇਖਿਆ ਤੇ ਮਹਿਰਾ ਪਰਿਵਾਰ ਨੂੰ ਇਸ ਨੇਕ ਕਾਰਜ ਲਈ ਉਤਸ਼ਾਹਿਤ ਕੀਤਾ।

 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply