Friday, March 6, 2026

ਸਰਨਾ ਵੱਲੋਂ ਦਿੱਲੀ ਕਮੇਟੀ ਪ੍ਰਬੰਧਕਾਂ ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਜੀ.ਕੇ. ਨੇ ਨਕਾਰਿਆ

ਆਪਣੀ ਜੇਬ ਤੋਂ ਵਿਦੇਸ਼ ਯਾਤਰਾਵਾਂ ਕਰਨ ਦਾ ਕੀਤਾ ਦਾਅਵਾ

Manjit Singh GKਨਵੀਂ ਦਿੱਲੀ, 14 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਲਿੱਖੇ ਜਵਾਬੀ ਪੱਤਰ ਵਿੱਚ ਜਿੱਥੇ ਆਪਣੇ ਉਪਰ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ ਉਥੇ ਹੀ ਸਰਨਾ ਨੂੰ ਉਸਦੇ ਕਾਰਜਕਾਲ ਦੌਰਾਨ  ਕੀਤੇ ਗਏ ਮਾਲੀ ਘਪਲਿਆਂ, ਬੇਲੋੜੀ ਭਰਤੀ, ਟਾਸਕ ਫੋਰਸ ਦੀ ਦੁਰਵਰਤੋਂ ਸਣੇ ਦਿੱਲੀ ਦੀ ਸੰਗਤ ਵੱਲੋਂ ਕਮੇਟੀ ਚੋਣਾਂ ਦੌਰਾਨ ਸਰਨਾ ਨੂੰ ਦਿੱਤੀ ਗਈ ਵੱਡੀ ਹਾਰ ਬਾਰੇ ਵੀ ਚੇਤਾ ਕਰਵਾਇਆ ਹੈ।  ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦੇਣ ਦਾ ਦੋਸ਼ ਲਗਾਉਂਦੇ ਹੋਏ ਜੀ.ਕੇ. ਨੇ ਸਰਨਾ ਨੂੰ ਸ਼ਕਾਂਵਾਦੀ ਬਿਰਤੀ ਨੂੰ ਤਿਆਗ ਕੇ ਆਪਣੀ ਵੱਡੀ ਹਾਰ ਦੇ ਕਾਰਣਾ ਦੀ ਪੜਚੋਲ ਕਰਨ ਦੀ ਵੀ ਸਲਾਹ ਦਿੱਤੀ ਹੈ।
6 ਪੇਂਜਾਂ ਦੇ ਆਪਣੇ ਪੱਤਰ ਰਾਹੀਂ ਜੀ.ਕੇ. ਨੇ ਸਰਨਾ ਦੇ ਹਰ ਸਵਾਲ ਦਾ ਜਵਾਬ ਦੇਣ ਦੇ ਨਾਲ ਹੀ ਸਰਨਾ ਖਿਲਾਫ ਕਮੇਟੀ ਚੋਣਾਂ ਵਿੱਚ ਲਗਾਏ ਗਏ ਗੰਭੀਰ ਦੋਸ਼ਾਂ ਨੂੰ ਦੋਹਰਾਉਂਦੇ ਹੋਏ ਹਾਰਡ ਡਿਸਕਾਂ ਦੀ ਚੋਰੀ ਤੇ ਟ੍ਰਸਟਾਂ ਦੇ ਪੂਰੇ ਕਾਗਜ਼ਾਤ ਨਾ ਮਿਲਣ ਦੇ ਬਾਵਜੂਦ ਕਾਬੂ ਸਬੂਤਾਂ ਦੇ ਅਧਾਰ ਤੇ ਹੀ ਸੱਚ ਜਨਤਕ ਕਰਨ ਦਾ ਦਾਅਵਾ ਕੀਤਾ ਹੈ। ਸਰਨਾ ਵੱਲੋਂ ਆਪਣੇ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਕਮੇਟੀ ਚੋਣਾਂ ਵਿੱਚ ਹੋਈ ਜਿੱਤ ਨੂੰ ਬਨਾਵਟੀ ਦੱਸਣ ਤੇ ਤਿੱਖਾ ਐਤਰਾਜ਼ ਜਤਾਉਂਦੇ ਹੋਏ ਜੀ.ਕੇ. ਨੇ ਇਸ ਜਿੱਤ ਨੂੰ ਸਰਨਾ ਦੀ ਅਹੰਕਾਰੀ ਕਾਰਗੁਜ਼ਾਰੀ, ਭ੍ਰਿਸ਼ਟਾਚਾਰ , ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਜਿਹਾਦ ਛੇੜਨਾ ਅਤੇ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਪਾਰਟੀ ਦੇ ਇਸ਼ਾਰੇ ਤੇ ਕੌਮ ਨੂੰ ਚਲਾਉਣ ਦੇ ਖਿਲਾਫ ਦਿੱਲੀ ਦੀ ਸੰਗਤ ਦਾ ਫਤਵਾ ਕਰਾਰ ਦਿੱਤਾ ਹੈ। ਸਰਨਾ ਵੱਲੋਂ 11 ਸਾਲ ਪ੍ਰਧਾਨ ਦੇ ਅਹੁਦੇ ਦੀ ਸੇਵਾ ਨਿਭਾਉਣ ਦੇ ਬਾਵਜੂਦ ਆਪਣੇ ਹਲਕੇ ਚੋਂ ਹਾਰਨ ਤੇ ਵੀ ਜੀ.ਕੇ. ਨੇ ਹੈਰਾਨੀ ਜਤਾਈ ਹੈ।
ਸਰਨਾ ਤੇ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ਨੂੰ ਤਬਾਹ ਕਰਨ ਦਾ ਵੀ ਜੀ.ਕੇ. ਨੇ ਦੋਸ਼ ਲਗਾਇਆ ਹੈ। 15 ਨਵੰਬਰ 2012 ਨੂੰ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੇ ਸੱਦੇ ਤੇ ਅੰਤ੍ਰਿੰਗ ਬੋਰਡ ਦੀ ਮੀਟਿੰਗ ਵਿੱਚ ਹਿੱਸਾ ਲੈਣ ਜਾਣ ਵੇਲ੍ਹੇ ਸਰਨਾ ਵੱਲੋਂ ਟਾਸਕ ਫੋਰਸ ਰਾਹੀਂ ਉਨ੍ਹਾਂ ਤੇ ਹਮਲਾ ਕਰਾਉਣ ਅਤੇ ਗੁਰੂ ਦੀ ਗੋਲਕ ਚੋਂ ਬੇਲੋੜੀ ਟਾਸਕ ਫੋਰਸ ਵਾਸਤੇ 15 ਲੱਖ ਰੁਪਏ ਮਹੀਨਾ ਖਰਚ ਕਰਨ ਦਾ ਵੀ ਦੋਸ਼ ਲਗਾਇਆ ਹੈ। ਸਰਨਾ ਵੱਲੋਂ ਜੀ.ਕੇ. ਤੇ ਹਵਾਈ ਜਹਾਜ਼ਾਂ ਜਾਂ ਹੈਲੀਕਾਪਟਰਾਂ ਰਾਹੀਂ ਦਿੱਲੀ ਕਮੇਟੀ ਦੀ ਗੋਲਕ ਚੋਂ ਫੁਰਸਤ ਦੇ ਦੌਰੇ ਕਰਨ ਦੇ ਦੋਸ਼ ਤੇ ਜਵਾਬ ਵਿੱਚ ਜੀ.ਕੇ. ਵੱਲੋਂ ਪਿਛਲੇ ਸਾਲ ਉਤਰਾਖੰਡ ਵਿੱਚ ਆਈ ਕੁਦਰਤੀ ਕੁਰੋਪੀ ਦੌਰਾਨ ਮਾਨਵਤਾ ਦੇ ਅਧਾਰ ਤੇ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਫੋਜੀ ਅਧਿਕਾਰੀਆਂ ਅਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਦਿੱਲੀ ਕਮੇਟੀ ਦੀ ਕੀਤੀ ਗਈ ਸ਼ਲਾਘਾ ਬਾਰੇ ਵੀ ਦੱਸਿਆ ਹੈ। ਸਰਨਾ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਲਗਾਉਣ ਤੇ ਸਰਨਾ ਦੇ ਵਤੀਰੇ ਨੂੰ ਮੁਰਖੱਤਾਪੁਰਣ ਦੱਸਦੇ ਹੋਏ ਜੀ.ਕੇ. ਨੇ ਇਸ ਕਾਰਜ ਨੂੰ ਫੌਕੀ ਸਿਆਸੀ ਸ਼ੋਹਰਤ ਖੱਟਣ ਦਾ ਤਰੀਕਾ ਕਰਾਰ ਦਿੱਤਾ ਹੈ।
ਯੂ.ਕੇ., ਫ੍ਰਾਂਸ ਅਤੇ ਇਟਲੀ ਸਣੇ ਕਈ ਦੇਸ਼ਾਂ ਦੇ ਹਵਾਈ ਦੌਰਿਆਂ ਤੇ ਕਮੇਟੀ ਦੇ ਖਰਚੇ ਹੋਣ ਦੇ ਸਰਨੇ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋੇਏ ਜੀ.ਕੇ. ਨੇ ਕਿਹਾ ਕਿ ਉਹ ਆਪਣੀ ਜੇਬ ਦੇ ਖਰਚੇ ਤੋਂ ਵਿਦੇਸ਼ਾਂ ਵਿੱਚ ਵਸਦੇ ਸਿਖਾਂ ਦੀ ਸਾਰ ਲੈਣ ਲਈ ਪਿਛਲੇ ਕਈ ਸਾਲਾਂ ਤੋਂ ਜਾ ਰਹੇ ਹਨ ਤੇ ਗੁਰੂ ਦੀ ਗੋਲਕ ਚੋਂ ਉਨ੍ਹਾਂ ਦੇ ਪ੍ਰਧਾਨ ਬਨਣ ਤੋਂ ਬਾਅਦ ਇਕ ਪੈਸਾ ਵੀ ਇਸ ਮੱਦ ਵਿੱਚ ਉਨ੍ਹਾਂ ਵੱਲੋਂ ਖਰਚ ਨਹੀਂ ਕੀਤਾ ਗਿਆ ਹੈ। ਫ੍ਰਾਂਸ ਵਿੱਚ ਪਗੜੀ ਤੇ ਪਾਬੰਦੀ, ਕਈ ਦੇਸ਼ਾਂ ਵਿੱਚ ਐਯਰਪੋਰਟ ਤੇ ਪਗੜੀ ਦੀ ਤਲਾਸ਼ੀ, ਕਾਲੀ ਸੁੂਚੀ ਵਿਚ ਸ਼ਾਮਿਲ ਬਾਹਰ ਵਸਦੇ ਭਾਰਤੀ ਦੀਆਂ ਤਕਲੀਫ਼ਾ ਨੂੰ ਦੂਰ ਕਰਨ ਦੇ ਮਕਸਦ ਨਾਲ ਇਨ੍ਹਾਂ ਦੋਰਿਆਂ ਨੂੰ ਕਰਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਸਰਨਾ ਵੱਲੋਂ ਬੀਤੇ ਸਮੇਂ ਆਪਣੇ ਵਪਾਰ ਤੇ ਟ੍ਰਸਟਾਂ ਵਾਸਤੇ ਕੀਤੇ ਗਏ ਵਿਦੇਸ਼ੀ ਦੋਰਿਆਂ ਬਾਰੇ ਵੀ ਇਸ਼ਾਰਾ ਕੀਤਾ ਹੈ।  ਸਰਨਾ ਦੇ ਦਿਮਾਗ ਵਿੱਚ ਇਸ ਕਰਕੇ ਪੈਦਾ ਹੋਈ ਸ਼ੰਕਾ ਨੂੰ ਕਾਰਨ ਦੱਸਦੇ ਹੋਏ ਜੀ.ਕੇ. ਨੇ ਵਿਦੇਸ਼ਾਂ ਦੇ ਸਿੱਖਾਂ ਦੀਆਂ ਪਰੇਸ਼ਾਨੀਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਸਰਨਾ ਕਾਰਜਕਾਲ ਦੌਰਾਨ ਵਿਰੋਧੀ ਧਿਰਾਂ ਵੱਲੋਂ ਮਾਲੀ ਘਪਲਿਆਂ ਦੇ ਦੋਸ਼ ਲਗਾਉਣ ਤੇ ਸਰਨਾ ਵੱਲੋਂ ਦਿੱਲੀ ਕਮੇਟੀ ਦੇ ਖਾਤਿਆਂ ਦੀ ਜਾਂਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਪਾਸੋਂ ਕਰਵਾਉਣ ਦੀ ਕੀਤੀ ਗਈ ਪੇਸ਼ਕਸ਼ ਨੂੰ ਚੇਤਾ ਕਰਵਾਉਂਦੇ ਹੋਏ ਜੀ.ਕੇ. ਨੇ ਆਪਣੇ ਕਾਰਜਕਾਲ ਦੌਰਾਨ ਸਰਨਾ ਵੱਲੋਂ ਜਸਟਿਸ ਆਰ.ਐਸ. ਸੋਡੀ ਵੱਲੋਂ ਜਾਂਚ ਕਰਵਾਉਣ ਦੀ ਦਿੱਤੀ ਗਈ ਸਲਾਹ ਤੇ ਵੀ ਸਵਾਲ ਖੜੇ ਕੀਤੇ ਹਨ। ਆਪਣੇ ਕਾਰਜਕਾਲ ਦੌਰਾਨ ਕਮੇਟੀ ਦੇ ਖਾਤਿਆਂ ਨੂੰ ਸ਼ੀਸ਼ੇ ਵਾਂਗ ਸਾਫ ਦੱਸਦੇ ਹੋਏ ਜੀ.ਕੇ. ਨੇ  ਕਮੇਟੀ ਦੀ ਸੀਸ ਗੰਜ ਮੈਗਜ਼ੀਨ ਵਿੱਚ ਹਰ ਮਹੀਨੇ ਛੱਪਦੇ ਖਰਚ ਅਤੇ ਆਮਦਨ ਦੇ ਵੇਰਵਿਆਂ ਦਾ ਵੀ ਹਵਾਲਾ ਦਿੱਤਾ ਹੈ।
ਚੋਣਾਂ ਹਾਰਨ ਤੋਂ ਬਾਅਦ ਸਰਨਾ ਵੱਲੋਂ ਬਾਲਾ ਸਾਹਿਬ ਹਸਪਤਾਲ ਨਾਲ ਸੰਬਧਿਤ ਟ੍ਰਸਟ ਦੇ ਖਾਤਿਆਂ ਦੀ ਅਧੂਰੀ ਜਾਣਕਾਰੀ ਅਤੇ ਸਿਰਫ ਇਕ ਬੈਂਕ ਦੀ ਸਟੇਟਮੈਂਟ ਦੇਣ ਕਰਕੇ ਇਸ ਘਪਲੇ ਨੂੰ ਸਾਹਮਣੇ ਲਿਆਉਣ ਵਿੱਚ ਹੋ ਰਹੀ ਦੇਰੀ ਨੂੰ ਵੀ ਜੀ.ਕੇ. ਨੇ ਵੱਡਾ ਕਾਰਣ ਦੱਸਿਆ।  ਸਰਨਾ ਵੱਲੋਂ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਤਕ ਲੈ ਜਾਏ ਗਏ ਨਗਰ ਕੀਰਤਨ ਦੌਰਾਨ ਆਈ ਚੜਤ ਦਾ ਦਿੱਲੀ ਕਮੇਟੀ ਕੋਲ ਕੋਈ ਹਿਸਾਬ ਨਾ ਹੋਣ ਅਤੇ ਪਾਲਕੀ ਸਾਹਿਬ ਤੇ ਲੱਗੇ ਸੋਨੇ ਦੀ ਮਾਤਰਾ ਦੇ ਘੱਟ ਹੋਣ ਦਾ ਵੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਦੋਸ਼ ਲਗਾਉਂਦੇ ਹੋਏ ਅਜ੍ਹੇ ਤਕ ਉਸ ਪਾਲਕੀ ਸਾਹਿਬ ਦੇ ਸਥਾਪਿਤ ਨਾ ਹੋਣ  ਤੇ ਵੀ ਨਰਾਜਗੀ ਪ੍ਰਗਟਾਈ ਹੈ।
ਬਿਲਡਿੰਗਾ ਦੀ ਉਸਾਰੀ, ਗੈਰ ਜ਼ਰੂਰੀ ਭਰਤੀ, ਵਾਧੂ ਸਟਾਫ ਸਣੇ ਆਪਣੇ ਸਿਆਸੀ ਹੋਂਦ ਨੂੰ ਵਧਾਉਣ ਵਾਸਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਦਾ ਦੋਸ਼ ਲਗਾਉਂਦੇ ਹੋੇੲ ਜੀ.ਕੇ. ਨੇ ਸਰਨਾ ਤੇ ਆਪਣੇ ਬੁਜ਼ੁਰਗਾ ਵੱਲੋਂ ਕਮੇਟੀ ਦੀਆਂ ਬਣਾਈਆਂ ਗਈਆਂ ਜਾਇਦਾਦਾਂ ਨੂੰ ਖੁਰਦ-ਮੁਰਦ ਕਰਨ ਦੀ ਵੀ ਗੱਲ ਆਖੀ ਹੈ। ਖੁਦ ਨੂੰ ਉਸਾਰੂ ਕਾਰਜ ਕਰਨ ਵਾਲਾ ਦੱਸਦੇ ਹੋਏ ਜੀ.ਕੇ. ਨੇ ਸਰਨਾ ਵੱਲੋਂ ਆਪਣੇ ਆਪ ਨੂੰ ਖੁਦ ਹੀ ਇਮਾਨਦਾਰੀ ਦੇ ਦਿੱਤੇ ਜਾ ਰਹੇ ਪ੍ਰਮਾਣ ਪੱਤਰਾਂ ਕਰਕੇ ਸੰਗਤ ਨੂੰ ਗੁਮਰਾਹ ਕਰਨ ਦੀ ਗੱਲ ਕੀਤੀ ਹੈ। ਜੀ.ਕੇ. ਨੇ ਸਰਨਾ ਨੂੰ ਉਸ ਵੱਲੋਂ ਕੀਤੇ ਗਏ ਅਣਗਿਣਤ ਗਲਤ ਕਾਰਜਾਂ ਬਾਰੇ ਲਗਾਤਾਰ ਸਵਾਲ ਕਰਨ ਦੀ ਚੇਤਾਵਨੀ ਦਿੱਤੀ ਹੈ। ਅਕਾਲ ਪੁਰਖ ਅੱਗੇ ਸਰਨਾ ਨੂੰ ਸੁਮੱਤ ਦੇਣ ਦੀ ਅਰਦਾਸ ਕਰਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਆਪਣੀ ਹਾਰ ਦੇ ਕਾਰਣਾ ਅਤੇ ਕੌਮ ਨਾਲ ਕੀਤੇ ਗਏ ਧੋਖਿਆ ਬਾਰੇ ਵੀ ਖੁੱਲੇ ਦਿਮਾਗ ਨਾਲ ਚਿੰਤਨ ਕਰਨ ਦੀ ਸਲਾਹ ਦਿੱਤੀ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply