ਕਿਸੇ ਅਧਿਕਾਰੀ ਦੀ ਵਜ੍ਹਾ ਕਰਕੇ ਸਰਕਾਰ ਦੀ ਨਹੀਂ ਹੋਣ ਦਿੱਤੀ ਜਾਵੇਗੀ ਬਦਨਾਮੀ – ਔਜਲਾ
ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਜੋ ਕਿ ਬੀਤੇ ਕੱਲ੍ਹ ਤੋਂ ਸਿੱਧੇ ਤੌਰ ’ਤੇ ਨਸ਼ਾ ਮੁਕਤੀ ਮੁਹਿੰਮ ਵਿਚ ਕੁੱਦ ਪਏ ਹਨ, ਨੇ ਅੱਜ ਸਵਾਮੀ ਵਿਵੇਕਾਨੰਦ ਸੈਂਟਰ ਵਿਖੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਵਿਸਥਾਰਤ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲ੍ਹੇ ਨੂੰ ਨਸ਼ਾ ਮੁੱਕਤ ਕਰਨਾ ਉਨਾਂ ਦਾ ਮੁੱਖ ਮਕਸਦ ਹੈ ਅਤੇ ਇਸ ਵਿਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਕਿਸੇ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਕਰਕੇ ਪੰਜਾਬ ਸਰਕਾਰ ਦੀ ਬਦਨਾਮੀ ਹੋਵੇ, ਇਹ ਗੱਲ ਉਨਾਂ ਨੂੰ ਕਬੂਲ ਨਹੀਂ।ਔਜਲਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣਾ ਪੁਲਿਸ ਦਾ ਕੰਮ ਹੈ, ਪਰ ਪੁਲਿਸ ਦੀ ਢਿੱਲ-ਮੱਠ ਕਾਰਨ ਨਸ਼ੇ ਦੇ ਸੌਦਾਗਰ ਬੇਖੌਫ ਹੋ ਕੇ ਨਸ਼ੇ ਵੇਚ ਰਹੇ ਹਨ।ਉਨਾਂ ਕਿਹਾ ਕਿ ਮੈਂ ਜਿਸ ਵੀ ਇਲਾਕੇ ਵਿਚ ਗਿਆ ਹਾਂ, ਲੋਕਾਂ ਨੇ ਸਿੱਧੇ ਤੌਰ ’ਤੇ ਪੁਲਿਸ ਨੂੰ ਨਸ਼ੇ ਦੀ ਵਿਕਰੀ ਲਈ ਦੋਸ਼ੀ ਠਹਿਰਾਇਆ ਹੈ।
ਉਨਾਂ ਕਿਹਾ ਕਿ ਉਹ ਖ਼ੁਦ ਵੀ ਸੋਚਦੇ ਹਨ ਕਿ ਪੁਲਿਸ ਥਾਣੇ ਵਿਚ ਐਸ.ਐਚ.ਓ ਲੱਗਣ ਲਈ ਵੱਡੀਆਂ-ਵੱਡੀਆਂ ਸਿਫਾਰਸਾਂ ਕਿਉਂ ਆ ਰਹੀਆਂ ਹਨ, ਜਦੋਂ ਕਿ ਉਥੇ ਸਭ ਤੋਂ ਵੱਧ ਡਿਊਟੀ ਤੇ ਵੱਡੀ ਜਿੰਮੇਵਾਰੀ ਦਾ ਕੰਮ ਹੈ। ਉਨਾਂ ਕਿਹਾ ਕਿ ਆਮ ਸਰਕਾਰੀ ਨੌਕਰੀ ਵਿਚ ਲੋਕ ਸੌਖੇ ਸਟੇਸ਼ਨ ਜਾਂ ਥਾਂ ’ਤੇ ਡਿਊਟੀ ਕਰਨ ਨੂੰ ਤਰਜੀਹ ਦਿੰਦੇ ਹਨ, ਜਦਕਿ ਪੁਲਿਸ ਵਿਚ ਅਜਿਹਾ ਨਹੀਂ ਹੈ ਅਤੇ ਇਹ ਗੱਲ ਹੀ ਵੱਡਾ ਸਵਾਲ ਖੜ੍ਹਾ ਕਰਦੀ ਹੈ।ਉਨਾਂ ਕਿਹਾ ਕਿ ਜਿਸ ਵੀ ਪੁਲਿਸ ਅਧਿਕਾਰੀ ਦੇ ਇਲਾਕੇ ਵਿਚ ਨਸ਼ਾ ਵਿਕਦਾ ਹੈ, ਉਹ ਸਿੱਧੇ ਤੌਰ ’ਤੇ ਇਸ ਲਈ ਜਵਾਬਦੇਹ ਹੈ ਅਤੇ ਉਹ ਪੁਲਿਸ ਮੁਖੀ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਸਵਾਗਤ ਕਰਦਾ ਹਾਂ।
ਉਨਾਂ ਕਿਹਾ ਕਿ ਜੇਕਰ ਕਿਸੇ ਪੁਲਿਸ ਅਧਿਕਾਰੀ ’ਤੇ ਕਿਸੇ ਕਾਂਗਰਸੀ ਨੇਤਾ ਦਾ ਨਸ਼ੇੇ ਵੇਚਣ ਲਈ ਦਬਾਅ ਹੈ ਜਾਂ ਕੋਈ ਨਸ਼ਾ ਤਸਕਰ ਦੀ ਸਿਫਾਰਸ਼ ਕਰਦਾ ਹੈ, ਤਾਂ ਉਹ ਸਾਹਮਣੇ ਆ ਕੇ ਦੱਸੇ, ਨਹੀਂ ਤਾਂ ਨਸ਼ੇ ਦੀ ਵਿਕਰੀ ਰੋਕੇ। ਉਨਾਂ ਕਿਹਾ ਕਿ ਨਸ਼ੇ ਨਾ ਕਿ ਨਸ਼ਾ ਕਰਨ ਵਾਲੇ ਨੌਜਵਾਨ ਜਾਂ ਉਸ ਦੇ ਪਰਿਵਾਰ ਲਈ ਹੀ ਸੰਕਟ ਦਾ ਕਾਰਨ ਨਹੀਂ ਬਣਦਾ, ਬਲਕਿ ਇਸ ਨਾਲ ਸ਼ਹਿਰ ਵਿਚ ਅਮਨ-ਕਾਨੂੰਨ ਭੰਗ ਹੋ ਰਿਹਾ ਹੈ, ਸੜਕਾਂ ’ਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ ਅਤੇ ਅਪਰਾਧ ਵੱਧ ਰਿਹਾ ਹੈ। ਉਨਾਂ ਸਾਰੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਨਸ਼ੇ ਦੇ ਖਾਤਮੇ ਲਈ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਉਹ ਲਗਾਤਾਰ ਇਸ ਨੂੰ ਰੋਕਣ ਲਈ ਕੰਮ ਕਰਨਗੇ ਅਤੇ ਜੇਕਰ ਰਾਜ ਸਰਕਾਰ ਦੇ ਹਸਪਤਾਲਾਂ ਵਿਚ ਦਵਾਈ ਆਦਿ ਦੀ ਕਮੀ ਇਸ ਕੰਮ ਲਈ ਰਹਿ ਗਈ ਤਾਂ ਉਹ ਨਿੱਜੀ ਫੰਡ ਵਿਚੋਂ ਵੀ ਪੂਰਾ ਕਰਨਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਾਰੇ ਅਧਿਕਾਰੀਆਂ ਨੂੰ ਤੰਦਰੁਸਤ ਪੰਜਾਬ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਕਰਦੇ ਕਿਹਾ ਕਿ ਸਾਡੇ ਆਲੇ-ਦੁਆਲੇ ਨੂੰ ਨਸ਼ਾ ਮੁਕਤ ਕਰਨਾ ਖ਼ੁਦ ਲਈ ਕੰਮ ਕਰਨ ਵਾਲੀ ਡਿਊਟੀ ਹੈ।ਉਨਾਂ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਨੂੰ ਹਮਦਰਦੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਨਸੀਹਤ ਵੀ ਦਿੱਤੀ, ਤਾਂ ਜੋ ਨਸ਼ਾ ਛੱਡਣ ਆਇਆ ਵਿਅਕਤੀ ਨਸ਼ਾ ਮੁੱਕਤ ਹੋ ਕੇ ਹੀ ਘਰ ਪਰਤੇ।
ਇਸ ਮੀਟਿੰਗ ਦੌਰਾਨ ਨਿਤਿਸ਼ ਸਿੰਗਲਾ ਐਸ.ਡੀ.ਐਮ ਅੰਮ੍ਰਿਤਸਰ-2, ਡਾ: ਹਰਦੀਪ ਸਿੰਘ ਘਈ ਸਿਵਲ ਸਰਜਨ ਅਤੇ ਡਾ: ਪੀ.ਡੀ ਗਰਗ ਤੋਂ ਇਲਾਵਾ ਹੋਰ ਡਾਕਟਰ ਵੀ ਹਾਜ਼ਰ ਸਨ।
Punjab Post Daily Online Newspaper & Print Media