ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਲਈ 19 ਜੁਲਾਈ ਨੂੰ ਥਾਣਾ ਰਾਮਪੁਰਾ ਅੱਗੇ ਧਰਨਾ – ਭਾਕਿਯੂ
ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨ ਗੁਰਸੇਵਕ ਸਿੰਘ ਲਹਿਰਾ ਧੂੜਕੋਟ
ਖੁਦਕੁਸ਼ੀ ਮਾਮਲੇ ’ਚ ਪੁਲਸ ’ਤੇ ਵਾਅਦਾਖਿਲਾਫੀ ਦਾ ਦੋਸ਼ ਲਾਉਦੇ ਹੋਏ ਇਸ ਕੇਸ ’ਚ ਖੁਦ ਪੁਲਿਸ ਵੱਲੋਂ ਨਾਮਜ਼ਦ ਤਿੰਨ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ 19 ਜੁਲਾਈ ਨੂੰ ਰਾਮਪੁਰਾ ਥਾਣੇ ਅੱਗੇ ਸੂਬੇ ਪੱਧਰਾ ਧਰਨਾ ਲਾ ਕੇ ਸ਼ਹਿਰ ’ਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੇ ਜਾਰੀ ਕੀਤੇ ਸੂਬਾਈ ਪ੍ਰੈਸ ਰਿਲੀਜ਼ ’ਚ ਇਹ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਰਹੇ ਅਤੇ ਖੁਦਕੁਸ਼ੀ ਲਈ ਮਜਬੂਰ ਕਰ ਰਹੇ ਅਮਰਜੀਤ ਸ਼ਰਮੇ ਵਰਗੇ ਉੱਚ ਰਾਜਸੀ ਸ਼ਹਿ ਪ੍ਰਾਪਤ ਘੜੰਮ ਚੌਧਰੀਆਂ ਨੂੰ ਪੁਲਸ ਪ੍ਰਸ਼ਾਸਨ ਦੁਆਰਾ ਸਿਆਸੀ ਦਬਾਅ ਹੇਠ ਸ਼ਹਿ ਦੇਣ ਦਾ ਦੋਸ਼ ਲਾਇਆ ਗਿਆ ਹੈ।ਇਸ ਦੋਸ਼ ਦੀ ਪੁਸ਼ਟੀ ਲਈ ਤੱਥ ਪੇਸ਼ ਕਰਦਿਆਂ ਉਹਨਾਂ ਦੱਸਿਆ ਹੈ ਕਿ ਮ੍ਰਿਤਕ ਗੁਰਸੇਵਕ ਸਿੰਘ ਦੀ ਜੇਬ ’ਚੋਂ ਨਿਕਲੇ ਖੁਦਕੁਸ਼ੀ ਨੋਟ ਮੁਤਾਬਿਕ ਐਫ.ਆਈ.ਆਰ ’ਚ ਨਾਮਜ਼ਦ ਤਿੰਨ ਦੋਸ਼ੀਆਂ ਅਮਰਜੀਤ ਸ਼ਰਮਾ (ਭਗਤਾ), ਰਿਸ਼ੂ ਸ਼ਰਮਾ (ਰਾਮਪੁਰਾ) ਅਤੇ ਦਰਸ਼ਨ ਸਿੰਘ ਭੁੱਲਰ (ਮੰਡੀ ਕਲਾਂ) ਵਿੱਚੋਂ ਮਗਰਲੇ ਦੋ ਦੋਸ਼ੀਆਂ ਵੱਲੋਂ ਕੁੱਝ ਦਿਨਾਂ ’ਚ ਹੀ ਆਤਮ-ਸਮਰਪਣ ਤੋਂ ਬਾਅਦ ਪਹਿਲੇ ਮੁਖ ਦੋਸ਼ੀ ਨੂੰ ਸੈਂਕੜੇ ਕਿਸਾਨਾਂ ਵੱਲੋਂ ਲਗਾਤਾਰ 23 ਦਿਨ ਥਾਣੇ ਅੱਗੇ ਦਿਨ-ਰਾਤ ਧਰਨੇ ਦੌਰਾਨ 5 ਦਿਨ ਮੁਕੰਮਲ ਘਿਰਾਓ ਕਰਨ ਮਗਰੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ।ਪ੍ਰੰਤੂ ਤਫਤੀਸ਼ ਦੌਰਾਨ ਖੁਦ ਨਾਮਜ਼ਦ ਕੀਤੇ ਅਮਰਜੀਤ ਸ਼ਰਮਾ ਦੀ ਪਤਨੀ ਮਨਜੀਤ ਕੌਰ ਅਤੇ ਉਸ ਦਾ ਸਾਲਾ ਜਗਸੀਰ ਸਿੰਘ ਤੇ ਸਾਲੇਹਾਰ ਬਲਵਿੰਦਰ ਕੌਰ (ਵਾਸੀ ਮਸੀਤਾਂ ਥਾਣਾ ਡੱਬਵਾਲੀ) ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਪੁਲਿਸ ਨਾਬਰ ਰਹੀ। ਇਸ ਲਈ ਧਰਨਾ 24ਵੇਂ ਦਿਨ ਵੀ ਜਾਰੀ ਰਿਹਾ ਅਤੇ 28 ਜੂਨ ਦੇਰ ਸ਼ਾਮ ਨੂੰ ਉਦੋਂ ਹੀ ਸਮਾਪਤ ਕੀਤਾ ਗਿਆ ਜਦੋਂ ਐਸ.ਪੀ ਗੁਰਮੀਤ ਸਿੰਘ ਨੇ ਧਰਨੇ ’ਚ ਆ ਕੇ ਇਹਨਾਂ ਤਿੰਨਾਂ ਨੂੰ ਇੱਕ ਹਫ਼ਤੇ ’ਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ।ਪ੍ਰੰਤੂ 8 ਦਿਨ ਬੀਤਣ ਮਗਰੋਂ ਡੀ.ਐਸ.ਪੀ ਰੈਂਕ ਦੇ ਪੜਤਾਲ-ਅਧਿਕਾਰੀ ਕੋਲੋਂ ਜਾਣਕਾਰੀ ਲੈਣ ਲਈ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਦੀ ਅਗਵਾਈ ਹੇਠ ਪਹੁੰਚੇ ਜਥੇਬੰਦੀ ਦੇ ਵਫ਼ਦ ਨੂੰ ਤਿੰਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਕੋਰੀ ਨਾਂਹ ਸੁਣਨ ਨੂੰ ਮਿਲੀ।
ਅਜਿਹੇ ਜਾਬਰ ਵਤੀਰੇ ਵਿਰੁੱਧ ਰੋਸ ਵਜੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਮਾਲਵੇ ਦੇ ਪੰਜਾਬ ਭਰ ਦੇ ਹਜ਼ਾਰਾਂ ਕਿਸਾਨਾਂ ਵੱਲੋਂ 19 ਜੁਲਾਈ ਨੂੰ ਥਾਣੇ ਅੱਗੇ ਧਰਨਾ ਅਤੇ ਸ਼ਹਿਰ ’ਚ ਰੋਸ ਮਾਰਚ ਕੀਤਾ ਜਾਵੇਗਾ। ਸਮੂਹ ਕਿਸਾਨਾਂ ਨੂੰ ਇਨਸਾਫ ਖਾਤਰ ਪਰਿਵਾਰਾਂ ਸਮੇਤ ਸੰਘਰਸ਼ ’ਚ ਵਧ ਚੜ੍ਹ ਕੇ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media