Monday, November 23, 2026

ਨਸ਼ਿਆਂ ਖਿਲਾਫ ਬੱਚਿਆਂ ਦੀ ਮੈਰਾਥਨ ਦੌੜ ਨੂੰ ਸਿੱਖਆ ਮੰਤਰੀ ਸੋਨੀ ਨੇ ਦਿਖਾਈ ਝੰਡੀ

PPN0807201820ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਤੇਜ਼ ਕਰਨ ਲਈ ਅੱਜ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੀ ਮੈਰਾਥਨ ਦੌੜ ਕਰਵਾਈ ਗਈ। ਜਲਿਆਂ ਵਾਲਾ ਬਾਗ ਤੋਂ ਇਸ ਦੌੜ ਨੂੰ ਸ਼ੁਰੂ ਕਰਵਾਉਣ ਲਈ ਪਹੁੰਚੇ ਸਿੱਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਸ੍ਰੀ ਓ. ਪੀ ਸੋਨੀ ਨੇ ਕਿਹਾ ਕਿ ਨਸ਼ਿਆਂ ਨੂੰ ਮੁਕੰਮਲ ਰੂਪ ਵਿਚ ਖਤਮ ਕਰਨ ਲਈ ਸਰਕਾਰ ਦ੍ਰਿੜ ਹੈ ਅਤੇ ਇਸ ਲਈ ਨਸਿਆਂ ਖਿਲਾਫ ਘਰ-ਘਰ ਹੋਕਾ ਦਿੱਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਅੱਜ ਦੀ ਮੈਰਾਥਨ ਵੀ ਇਸੇ ਲੜੀ ਦਾ ਹਿੱਸਾ ਹੈ, ਕਿਉਂਕਿ ਬੱਚਿਆਂ ਨੂੰ ਇਸ ਭੈੜੀ ਅਲਾਮਤ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਬੱਚੇ ਨਸ਼ਿਆਂ ਦੇ ਮਾੜੇ ਨਤੀਜਿਆਂ ਤੋਂ ਜਾਣੂੰ ਹੋਣ।ਉਨਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ ਅਤੇ ਨਸ਼ੇ ਕਰਨ ਵਾਲਿਆਂ ਦਾ ਇਲਾਜ ਮੁਫਤ ਕਰਵਾਇਆ ਜਾ ਰਿਹਾ ਹੈ।ਉਨਾਂ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਆਪਣੇ ਜਾਣਕਾਰ ਘੇਰੇ ਵਿਚੋਂ ਜੇਕਰ ਕਿਸੇ ਨਸ਼ਈ ਵਿਅਕਤੀ ਨੂੰ ਜਾਣਦੇ ਹਨ, ਤਾਂ ਉਸ ਨੂੰ ਇਲਾਜ ਲਈ ਨਸ਼ਾ ਛੁਡਾਊ ਕੇਂਦਰ ਲੈ ਕੇ ਆਉਣ, ਨਾ ਕਿ ਉਸ ਨੂੰ ਨਫਰਤ ਦਾ ਪਾਤਰ ਬਨਾਉਣ, ਕਿਉਂਕਿ ਨਸ਼ਾ ਇਕ ਬਿਮਾਰੀ ਹੈ ਅਤੇ ਬਿਮਾਰੀ ਕੇਵਲ ਇਲਾਜ ਨਾਲ ਹੀ ਠੀਕ ਹੋ ਸਕਦੀ ਹੈ।
     ਇਸ ਮੈਰਾਥਨ ਦੌੜ ਵਿਚ ਵੱਖ-ਵੱਖ ਸਕੂਲਾਂ ਦੇ ਕਰੀਬ 2000 ਵਿਦਿਆਰਥੀਆਂ ਨੇ ਭਾਗ ਲਿਆ।ਸਿੱਖਆ ਮੰਤਰੀ ਨੇ ਇਸ ਦੌੜ ਨੂੰ ਜਲਿਆਂਵਾਲਾ ਬਾਗ ਤੋਂ ਝੰਡੀ ਵਿਖਾ ਕੇ ਰਵਾਨਾ ਕੀਤਾ, ਜੋ ਕੰਪਨੀ ਬਾਗ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਕੋਲ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਕੌਂਸਲਰ ਵਿਕਾਸ ਸੋਨੀ, ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ, ਡਿਪਟੀ ਡੀ.ਈ.ਓ ਸ੍ਰੀਮਤੀ ਰੇਖਾ ਮਹਾਜਨ ਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।

 

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply