ਕਾਂਗਰਸ ਤੇ ਅਕਾਲੀ ਦਲ ਨੇ ਸੂਬੇ ਵਿਚ ਨੌਜਵਾਨ ਪੀੜੀ ਨੂੰ ਬਰਬਾਦ ਕੀਤਾ- ਮਾਨ
ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਕਾਂਗਰਸ ਅਤੇ ਅਕਾਲੀ ਦਲ ਨੂੰ ਸੂਬੇ ਵਿਚ ਵੱਧ ਰਹੇ ਨਸ਼ਿਆਂ ਦੇ ਮਾਮਲੇ ਲਈ ਜ਼ਿੰਮੇਵਾਰ ਕਰਾਰ ਦਿੱਤਾ ਹੈ।ਮਾਝਾ ਮਜ਼ਬੂਤ ਮਿਸ਼ਨ ਦੇ ਅਧੀਨ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਤਰਨ ਤਾਰਨ ਅਤੇ ਬਟਾਲਾ ਵਿਖੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਆਪਣੇ ਰਾਜ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧੱਕਿਆ ਅਤੇ ਉਹ ਹੀ ਨਸ਼ੇ ਦਾ ਕਾਰੋਬਾਰ ਬਿਨਾ ਕਿਸੇ ਡਰ ਅਤੇ ਖ਼ੌਫ਼ ਦੇ ਕਾਂਗਰਸ ਰਾਜ ਦੌਰਾਨ ਵੀ ਵੱਧ ਫ਼ੁਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਨਸ਼ੇ ਕਾਰਨ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਇਸ ਗੱਲ ਦਾ ਸਪੱਸ਼ਟ ਸਬੂਤ ਹਨ।ਮਾਨ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਜਾਣ ਅਤੇ ਕਾਂਗਰਸ ਸਰਕਾਰ ਦੀ ਸਥਾਪਨਾ ਤੋਂ ਬਾਅਦ ਕੁੱਝ ਵੀ ਨਹੀਂ ਬਦਲਿਆ ਸਗੋਂ ਸਮਾਜ ਦਾ ਹਰ ਵਰਗ ਪਹਿਲਾਂ ਨਾਲੋਂ ਵੱਧ ਦੁਖੀ ਹੋਇਆ ਹੈ।

ਮਾਨ ਨੇ ਕਿਹਾ ਕਿ ਸੂਬੇ ਵਿਚ ਅਤੇ ਖ਼ਾਸ ਕਰ ਕੇ ਮਾਝਾ ਖੇਤਰ ਵਿਚ ਅਕਾਲੀ ਅਤੇ ਕਾਂਗਰਸੀ ਲੀਡਰਾਂ ਦੀ ਸ਼ਹਿ ਕਾਰਨ ਨਸ਼ੇ ਦਾ ਪ੍ਰਕੋਪ ਵਧਿਆ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਕਿਸਾਨਾਂ, ਗ਼ਰੀਬਾਂ, ਮਜ਼ਦੂਰਾਂ, ਉਦਯੋਗਪਤੀਆਂ, ਵਪਾਰੀਆਂ ਸਮੇਤ ਹਰ ਵਰਗ ਨਾਲ ਧੋਖਾ ਕੀਤਾ ਹੈ।ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਲਿਖੇ ਆਪਣੇ ਵਾਅਦਿਆਂ ਤੋਂ ਮੁੱਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਪ੍ਰਤੀ ਗੰਭੀਰ ਨਾ ਹੋਣ ਦਾ ਸਬੂਤ ਦਿੱਤਾ ਹੈ।ਉਨ੍ਹਾਂ ਮਾਝਾ ਦੇ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ ਹੌਸਲੇ ਬੁਲੰਦ ਰੱਖਦੇ ਹੋਏ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਯਤਨ ਕਰਦੇ ਰਹੇ ਹਨ ਅਤੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦੇ ਰਹਿਣ।
ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਝਾ ਖੇਤਰ ਦੇ ਲੋਕ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ, ਪ੍ਰੰਤੂ ਰਾਜ ਨੇਤਾਵਾਂ ਪੁਲਿਸ ਅਤੇ ਨਸ਼ਾ ਮਾਫ਼ੀਆ ਦੇ ਗੱਠਜੋੜ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ ਵਿਚ ਸੁੱਟ ਕੇ ਪੰਜਾਬ ਦੇ ਭਵਿੱਖ ਨੂੰ ਤਬਾਹ ਕੀਤਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ਼ ਪੰਜਾਬੀਆਂ ਨੂੰ ਮੂਰਖ ਬਣਾਇਆ ਹੈ ਸਗੋਂ ਸ੍ਰੀ ਗੁਟਕਾ ਸਾਹਿਬ ਜੀ ਦੀ ਸਹੁੰ ਚੱਕ ਕੇ ਨਸ਼ਾ ਬੰਦ ਕਰਨ ਦੇ ਵਾਅਦੇ ਤੋਂ ਮੁੱਕਰ ਕੇ ਪਾਪ ਵੀ ਕਮਾਇਆ ਹੈ। ਮਾਝਾ ਦੇ ਵਰਕਰਾਂ ਨੂੰ ਸੰਬੋਧਿਤ ਹੁੰਦਿਆਂ ਡਾ. ਬਲਬੀਰ ਨੇ ਕਿਹਾ ਕਿ ਮਝੇਲਿਆਂ ਨੇ ਹਮੇਸ਼ਾ ਹੀ ਰਾਜ ਅਤੇ ਦੇਸ਼ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ ਅਤੇ ਉਹ ਹੀ ਹੁਣ ਨਸ਼ੇ ਦੇ ਸੌਦਾਗਰਾਂ ਦਾ ਖ਼ਾਤਮਾ ਕਰਨਗੇ।
ਇਸ ਮੌਕੇ ਬੋਲਦਿਆਂ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮਾਝਾ ਖੇਤਰ ਵਿਚ ਧਰਾਤਲ ਪੱਧਰ ਉੱਤੇ ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਨੇ ਫਰਵਰੀ 2017 ਵਿਚ ਮਾਝਾ ਮਜ਼ਬੂਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਨੂੰ ਕਾਫ਼ੀ ਸਫਲਤਾ ਮਿਲੀ ਹੈ ਅਤੇ ਮਾਝਾ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਹਨ।ਕਾਂਗਰਸ ਸਰਕਾਰ `ਤੇ ਹੱਲਾ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਕੈਪਟਨ ਨੇ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਕੇ ਪੰਜਾਬ ਦੇ ਵੋਟਰਾਂ ਨਾਲ ਧੋਖਾ ਕੀਤਾ ਅਤੇ ਪੰਜਾਬ ਦੇ ਲੋਕ ਉਸ ਦੇ ਇਸ ਕਾਰਜ ਲਈ ਕਦੇ ਮੁਆਫ਼ ਨਹੀਂ ਕਰਨਗੇ।
Punjab Post Daily Online Newspaper & Print Media