ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸਾਵਣ ਰੁੱਤ ਦੇ ਸ਼ੁਰੂਆਤੀ ਦੌਰ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪੌਦਾਕਰਨ ਕੀਤਾ।ਖ਼ਾਲਸਾ ਮੈਨੇਜ਼ਮੈਂਟ ਵੱਲੋਂ ਵਾਤਾਵਰਣ ਨੂੰ ਸਾਫ਼-ਸੁੱਥਰਾ ਤੇ ਹਰਿਆ-ਭਰਿਆ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਸਮੂਹ ਖ਼ਾਲਸਾ ਵਿੱਦਿਅਕ ਅਦਾਰਿਆਂ ’ਚ ਹਜ਼ਾਰਾਂ ’ਚ ਗਿਣਤੀ ’ਚ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।ਜਿਸ ਸਬੰਧੀ ਛੀਨਾ ਵੱਲੋਂ ਸਮੂਹ ਅਦਾਰਿਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਕਾਲਜ ਵਿਖੇ ਹੁਮਸ ਭਰੇ ਮਾਹੌਲ ’ਚ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੇ ਯਤਨਾਂ ਨਾਲ ਕਰਵਾਏ ਪ੍ਰੋਗਰਾਮ ’ਚ ਐਨ.ਐਸ.ਐਸ ਅਤੇ ਰੈਡ ਕਰਾਸ ਯੂਨਿਟ ਦੀ ਟੀਮ ਦੇ ਵਿਦਿਆਰਥੀਆਂ ਨੇ ਅੱਜ ਕਾਲਜ ਦੇ ਵਿਹੜੇ ’ਚ ਬੜੇ ਉਤਸ਼ਾਹ ਨਾਲ ਹਿੱਸਾ ਲੈਂਦਿਆ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਨੂੰ ਪਾਲਣ ਦਾ ਅਹਿਦ ਲਿਆ।ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ 50ਵੀਂ ਵਰ੍ਹੇਗੰਢ ’ਤੇ ਛੀਨਾ ਨੇ ਪ੍ਰਿੰ: ਡਾ. ਮਨਪ੍ਰੀਤ ਕੌਰ ਨਾਲ ਕੇਕ ਕੱਟ ਕੇ ਸਟਾਫ਼ ਤੇ ਵਿਦਿਆਰਥੀਆਂ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਕਾਲਜ ਦੀ ਤਰੱਕੀ ਦੀ ਕਾਮਨਾ ਕੀਤੀ।
ਛੀਨਾ ਨੇ ਡਾ. ਮਨਪ੍ਰੀਤ ਕੌਰ ਨਾਲ ਮਿਲ ਕੇ ਕਾਲਜ ਕੈਂਪਸ ਵਿਖੇ ਪੌਦਾ ਲਗਾਉਣ ਦੀ ਮੁਹਿੰਮ ਨੂੰ ਆਰੰਭ ਕਰਦਿਆਂ 60 ਕਰੀਬ ਬੂਟੇ ਵਿਦਿਆਰਥੀਆਂ ਵੱਲੋਂ ਲਗਾਏ।ਛੀਨਾ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਣ ’ਚ ਆ ਰਹੇ ਬਦਲਾਅ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਕੰਪਿਊਟਰੀ ਯੁੱਗ ’ਚ ਮਨੁੱਖ ਆਪਣੇ ਜੀਵਨ ਨਾਲ ਸਬੰਧਿਤ ਜੀਵ-ਜੰਤੂਆਂ ਤੋਂ ਇਲਾਵਾ ਪੇੜ-ਪੌਦਿਆਂ, ਰੁੱਖਾਂ, ਪਾਣੀ ਅਤੇ ਹੋਰ ਕੁਦਰਤੀ ਸੋਮਿਆਂ ਨੂੰ ਨਜ਼ਰ ਅੰਦਾਜ ਕਰ ਰਿਹਾ ਹੈ, ਜੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਭਿਅੰਕਰ ਹੈ।ਛੀਨਾ ਨੇ ਕਿਹਾ ਕਿ ਜੇਕਰ ਇਨਸਾਨ ਇਵੇਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁੱਖ ਮੋੜਦਾ ਗਿਆ ਤਾਂ ਦੇਸ਼ ਨੂੰ ਸੋਕਾ, ਦੂਸ਼ਿਤ ਆਬੋ-ਹਵਾ, ਜਹਿਰਲੀਆਂ ਗੈਸਾਂ, ਜਹਿਰਲੇ ਖਾਧ-ਪਦਾਰਥਾਂ ਅਤੇ ਭਿਆਨਕ ਬਿਮਾਰੀਆਂ ਦਾ ਸਾਹਮਣਾ ਆਉਣ ਵਾਲੀ ਨਸਲ ਨੂੰ ਕਰਨਾ ਪਵੇਗਾ, ਇਸ ਲਈ ਸਾਫ਼-ਸੁੱਥਰੇ ਅਤੇ ਮਾਹੌਲ ਨੂੰ ਹਰਿਆ-ਭਰਿਆ ਬਣਾਉਣ ਲਈ ਘੱਟੋਂ-ਘੱਟ ਹਰੇਕ ਇਨਸਾਨ ਇਕ ਪੌਦਾ ਜਰੂਰ ਲਗਾਉਣ
ਇਸ ਮੌਕੇ ਪ੍ਰਿੰ: ਡਾ. ਮਨਪ੍ਰੀਤ ਕੌਰ ਨੇ ਮੈਨੇਜ਼ਮੈਂਟ ਵੱਲੋਂ ਕਾਲਜ ਨੂੰ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ: ਛੀਨਾ ਦੇ ਹੁਕਮਾਂ ਮੁਤਾਬਕ 60 ਦੇ ਲਗਭਗ ਵੱਖ-ਵੱਖ ਤਰ੍ਹਾਂ ਦੇ ਬੂਟੇ ਵਿਦਿਆਰਥੀਆਂ ਦੁਆਰਾ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਧੀਆਂ ਅਤੇ ਰੁੱਖ ਜੀਵਨ ਦਾ ਅਟੁੱਟ ਅੰਗ ਹਨ। ਅੱਜ ਸਮਾਜ ’ਚ ਧੀਆਂ ਨੂੰ ਕੁੱਖ ’ਚ ਮਾਰਨ ਅਤੇ ਰੁੱਖਾਂ ਦੀ ਕਟਾਈ ਵੱਡੇ ਪੱਧਰ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਚਿੰਤਾਜਨਕ ਹੈ।ਉਨ੍ਹਾਂ ਕਿਹਾ ਕਿ ਸਮਾਜਿਕ ਸੋਚ ’ਚ ਧੀਆਂ ਅਤੇ ਰੁੱਖਾਂ ਪ੍ਰਤੀ ਬਦਲਾਅ ਲਿਆਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਉਲੀਕਿਆ ਗਿਆ ਹੈ, ਜੋ ਹਮੇਸ਼ਾਂ ਹੀ ਜਾਰੀ ਰਹੇਗਾ। ਪ੍ਰਿੰ: ਮਨਪ੍ਰੀਤ ਕੌਰ ਨੇ ਅੱਜ ਦੇ ਪੌਦੇ ਇਮਪੈਕਟ ਸੰਸਥਾ ਵੱਲੋਂ ਲਏ ਗਏ ਹਨ। ਇਸ ਮੌਕੇ ਸਮੂਹ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਤੇ ਹੋਰ ਸਖ਼ਸੀਅਤਾਂ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media