ਕੂੜਾ ਪ੍ਰਬੰਧਨ ਦੇ ਸਿਖਾਏ ਗਏ ਗੁਰ- ਪ੍ਰਾਜੈਕਟ ਡਾਇਰੈਕਟਰ
ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਵੱਛ ਭਾਰਤ ਸ਼ਹਿਰੀ ਮੁਹਿੰਮ ਤਹਿਤ ਸਰਕਾਰ ਵੱਲੋਂ ਜਿਲੇ੍ਹ ਦੀ ਰੈਂਕਿੰਗ ਸੁਧਾਰਨ ਲਈ ਸਾਲਿਡ
ਵੇਸਟ ਮੈਨੇਜਮੈਂਟ ਤਹਿਤ ਕੂੜੇ ਦਾ ਪ੍ਰਬੰਧਨ ਸਹੀ ਢੰਗ ਨਾਲ ਕਰਨ ਲਈ ਅੱਜ ਸਥਾਨਕ ਬੱਚਤ ਭਵਨ ਵਿਖੇ ਪੂਰਨ ਸਿੰਘ ਪ੍ਰਾਜੈਕਟ ਡਾਇਰੈਕਟਰ ਸਵੱਛ ਭਾਰਤ ਮਿਸ਼ਨ ਸ਼ਹਿਰੀ ਦੀ ਅਗਵਾਈ ਵਿੱਚ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਦੌਰਾਨ ਪੂਰਨ ਸਿੰਘ ਨੇ ਦੱਸਿਆ ਕਿ ਕੂੜੇ ਦਾ ਪ੍ਰਬੰਧਨ ਸੁਚੱਜੇ ਢੰਗ ਨਾਲ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਸੁੱਕਾ ਅਤੇ ਗਿੱਲਾ ਕੂੜਾ ਵੱਖ ਵੱਖ ਰੱਖਣਾ ਚਾਹੀਦਾ ਹੈ ਅਤੇ ਗਿੱਲੇ ਕੂੜੇ ਰਾਹੀਂ ਅਸੀਂ ਖਾਦ ਦਾ ਨਿਰਮਾਣ ਕਰਕੇ ਇਸ ਨੂੰ ਸਹੀ ਢੰਗ ਨਾਲ ਸਾਂਭ ਸਕਦੇ ਹਾਂ।ਪੂਰਨ ਸਿੰਘ ਵੱਲੋਂ ਪੇਸ਼ਕਾਰੀ ਰਾਹੀਂ ਕੂੜੇ ਦਾ ਪ੍ਰਬੰਧ ਸਹੀ ਢੰਗ ਨਾਲ ਕਰਨ ਦੇ ਗੁਰ ਵੀ ਸਾਂਝੇ ਕੀਤੇ ਗਏ।
ਪੂਰਨ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਭਾਗੀਦਾਰੀ ਨਾਲ ਹੀ ਅਸੀਂ ਕੂੜੇ ਨੂੰ ਸਹੀ ਵਰਤੋਂ ਵਿੱਚ ਲਿਆ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸਾਨੂੰ ਕੂੜੇ ਨੂੰ ਬਿਲਕੁਲ ਵੀ ਨਹੀਂ ਜਲਾਉਣਾ ਚਾਹੀਦਾ ਕਿਉਂਕਿ ਇਸ ਨਾਲ ਵਾਤਾਵਰਣ ਵੀ ਪ੍ਰਭਾਵਿਤ ਹੰੁਦਾ ਹੈ।ਪੂਰਨ ਸਿੰਘ ਨੇ ਦੱਸਿਆ ਕਿ ਸਾਨੂੰ ਪਲਾਸਟਿਕ ਦੇ ਲਿਫਾਫੇ ਵਰਤੋਂ ਵਿੱਚ ਨਹੀਂ ਲਿਆਉਣੇ ਚਾਹੀਦੇ ਕਿੳਂਕਿ ਇਨ੍ਹਾਂ ਨਾਲ ਸ਼ਹਿਰਾਂ ਵਿੱਚ ਸੀਵਰੇਜ ਦੀ ਬਲਾਕੇਜ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਵੱਛਤਾ ਦਾ ਸਰਵੇਖਣ 2018 ਅਧੀਨ ਸਾਨੂੰ ਕੂੜਾ ਇਧਰ ਉਧਰ ਨਹੀਂ ਸੁੱਟਣਾ ਚਾਹੀਦਾ ਸਗੋਂ ਇਸ ਨੂੰ ਸਹੀ ਢੰਗ ਨਾਲ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਗਿੱਲੇ ਕੂੜੇ ਤੋਂ ਖਾਦ ਬਣਾ ਕੇ ਉਸ ਨੂੰ ਕਈ ਕੰਮਾਂ ਵਿੱਚ ਵਰਤ ਸਕਦੇ ਹਾਂ ਜਿਸ ਨਾਲ ਕੂੜੇ ਦਾ ਪ੍ਰਬੰਧਨ ਵੀ ਸੁਚੱਜੇ ਢੰਗ ਨਾਲ ਹੋ ਜਾਂਦਾ ਹੈ।
ਇਸ ਮੌਕੇ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਅਗਸਤ ਤੋਂ 31 ਅਗਸਤ ਤੱਕ ਸਵੱਛ ਭਾਰਤ ਗ੍ਰਾਮੀਣ ਮੁਹਿੰਮ ਤਹਿਤ ਸਰਕਾਰ ਜਿਲ੍ਹੇ ਦੇ ਸਾਰੇ ਪਿੰਡਾਂ ਦਾ ਸਰਵੈ ਕਰਨ ਜਾ ਰਹੀ ਹੈ, ਜਿਸ ਵਿਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਨੂੰ ਟੀਮਾਂ ਖੁਦ ਜਾ ਕੇ ਵੇਖਣਗੀਆਂ।ਉਨਾਂ ਨੇ ਪਿੰਡਾਂ ਨਾਲ ਸੰਬਧਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਹ ਜਾਣਕਾਰੀ ਸਾਂਝੇ ਕਰਦੇ ਦਸਿਆ ਕਿ ਕੇਂਦਰ ਸਰਕਾਰ ਵੱਲੋਂ 4 ਸਾਲ ਪਹਿਲਾਂ ਚਲਾਏ ਸਵੱਛ ਭਾਰਤ ਮੁਹਿੰਮ ਦਾ ਪਿੰਡਾਂ ਵਿਚ ਕਿੰਨਾ ਅਸਰ ਹੋਇਆ ਹੈ, ਉਹ ਇਸ ਸਰਵੈ ਤੋਂ ਪਤਾ ਲੱਗੇਗਾ। ਉਨਾਂ ਦੱਸਿਆ ਕਿ ਇਹ ਟੀਮਾਂ ਪਿੰਡਾਂ ਦੇ ਸਕੂਲਾਂ, ਆਂਗਨਵਾੜੀ ਕੇਂਦਰਾਂ, ਬੱਸ ਸਟੈਂਡ, ਹਸਪਤਪਾਲਾਂ, ਬਾਜ਼ਾਰ, ਪੰਚਾਇਤ ਘਰ, ਡਿਸਪੈਂਸਰੀ, ਧਾਰਮਿਕ ਸਥਾਨਾਂ ਦਾ ਆਲਾ-ਦੁਆਲਾ, ਵਾਟਰ ਪੰਪ ਸਟੇਸ਼ਨ ਆਦਿ ’ਤੇ ਜਾਣਗੀਆਂ ਅਤੇ ਇੱਥੇ ਸਫਾਈ ਪ੍ਰਬੰਧ ਨੂੰ ਵੇਖ ਕੇ ਪਿੰਡਾਂ ਨੂੰ ਅੰਕ ਦੇਣਗੀਆਂ। ਇਸ ਤੋਂ ਇਲਾਵਾ ਲੋਕ ਵਿਚ ਸਫਾਈ ਨੂੰ ਲੈ ਕੇ ਜਾਗਰੂਕਤਾ ਹੈ ਜਾਂ ਨਹੀਂ ਬਾਰੇ ਵੀ ਪਤਾ ਲਗਾਉਣਗੀਆਂ। ਉਨਾਂ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਕਤ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਇਹ ਕੋਸ਼ਿਸ਼ ਕੀਤੀ ਜਾਵੇ ਕਿ ਜਿਲ੍ਹੇ ਦੇ ਪਿੰਡ ਸਵੱਛ ਭਾਰਤ ਮੁਹਿੰਮ ਵਿਚ ਅਵੱਲ ਆਉਣ ਤੇ ਜਿਲ੍ਹੇ ਦਾ ਨਾਮ ਰੌਸ਼ਨ ਹੋਵੇ। ਉਨਾਂ ਕਿਹਾ ਕਿ ਸਾਰੀਆਂ ਜਨਤਕ ਥਾਵਾਂ ’ਤੇ ਹੁੰਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਤਾਂ ਜੋ ਬਰਸਾਤ ਦੇ ਦਿਨਾਂ ਵਿਚ ਬਿਮਾਰੀਆਂ ਆਦਿ ਨਾ ਫੈਲਣ।
ਸੰਘਾ ਨੇ ਹਦਾਇਤ ਕੀਤੀ ਕਿ ਜਿਲ੍ਹੇ ਦੇ ਸਾਰੇ ਪਿੰਡਾਂ ਵਿਚ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਦੀ ਜਾਚ ਸਿਖਾਈ ਜਾਵੇ ਅਤੇ ਸਾਰੇ ਪਿੰਡਾਂ ਵਿਚ ਹੀ ਕੰਧ ਚਿਤਰ ਬਣਾ ਕੇ ਪਿੰਡਾਂ ਦੀ ਖੂਬਸੂਰਤੀ ਵਿਚ ਵਾਧਾ ਕੀਤਾ ਜਾਵੇ।ਉਨਾਂ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿਚ ਬੱਚਿਆਂ ਦੇ ਲੇਖ ਮੁਕਬਾਲੇ ਕਰਵਾਉਣ ਲਈ ਵੀ ਕਿਹਾ।ਸੰਘਾ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿੱਚ ਸਵੱਛਤਾ ਦੀ ਮੁਹਿੰਮ ਨੂੰ ਲੈ ਕੇ ਬੱਚਿਆਂ ਨੂੰ ਜਾਗਰੂਕ ਕਰਨ।
ਸੈਮੀਨਾਰ ਵਿੱਚ ਸਹਾਇਕ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ ਅਲਕਾ ਕਾਲੀਆ, ਜਾਇੰਟ ਕਮਿਸ਼ਨਰ ਨਗਰ ਨਿਗਮ ਸੌਰਭ ਅਰੋੜਾ, ਐਸ.ਡੀ.ਐਮ ਅੰਮ੍ਰਿਤਸਰ-1 ਅਤੇ 2, ਅਜਨਾਲਾ ਵਿਕਾਸ ਹੀਰਾ, ਰਾਜੇਸ਼ ਸ਼ਰਮਾ ਅਤੇ ਰਜਤ ਓਬਰਾਏ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media