Sunday, June 15, 2025
Breaking News

ਭਾਈ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਨੂੰ 31ਅਗਸਤ ਤੱਕ ਦਾ ਅਲਟੀਮੇਟਮ

ਪੈਦਲ ਮਾਰਚ ਪੁੱਜਣ ‘ਤੇ ਪੁਲਿਸ ਅਧਿਕਾਰੀਆਂ ਦੀ ਸੂਝ ਨਾਲ ਟਲਿਆ ਹਿੰਸਕ ਟਕਰਾਅ

PPN17081413

ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ ਬਿਊਰੋ)- ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਇੱਕ ਪੈਦਲ ਮਾਰਚ, ਜਿਸ ਵਿੱਚ ਕਾਫੀ ਗਿਣਤੀ ਵਿੱਚ ਨੌਜਵਾਨ, ਬੀਬੀਆਂ ਤੇ ਸੰਗਤਾਂ ਹਾਜ਼ਰ ਸਨ ਦੀ ਅਗਵਾਈ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਅਰਦਾਸ ਕਰਨ ਲਈ ਅੰਮ੍ਰਿਤਸਰ ਪੁੱਜੇ ਤਾਂ ਰਾਮ ਤਲਾਈ ਚੌਂਕ ਨੇੜੇ ਉਨ੍ਹਾਂ ਦੀ ਸਤਿਕਾਰ ਕਮੇਟੀ (ਭਾਈ ਅਮਰੀਕ ਸਿੰਘ) ਨਾਲ ਤਕਰਾਰ ਹੋ ਗਈ, ਜਦੋ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਭਾਈ ਗੁਰਬਖਸ਼ ਸਿੰਘ ‘ਤੇ ਨੇ ਇਸ ਤੋਂ ਪਹਿਲਾਂ ਸਰਕਾਰ ਨਾਲ ਮਿਲੀਭੁਗਤ ਕਰਕੇ ਸੰਘਰਸ਼ ਤੇ ਭੁੱਖ ਹੜਤਾਲ ਖਤਮ ਕਰਨ ਦਾ ਇਲਜਾਮ ਲਗਾਉਦਿਆਂ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਨ ਤੋ ਰੋਕਣ ਦੀ ਕੋਸ਼ਿਸ਼ ਕੀਤੀ।

ਭਾਈ ਗੁਰਬਖਸ਼ ਸਿੰਘ ਨਾਲ ਮੌਜੂਦ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਜਿਲ੍ਹਾ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ ਅਤੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪੁਲਿਸ ਦੇ ਸੀਨੀ: ਅਧਿਕਾਰੀਆਂ ਨੇ ਸੂਝ ਬੂਝ ਨਾਲ ਤਕਰਾਰ ਨੂੰ ਰੁਕਵਾ ਕੇ ਮਾਰਚ ਦਾ ਕਾਫਲਾ ਅੱਗੇ ਤੁਰਵਾਇਆ।ਇਥੋਂ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਸਮੇਤ ਮਾਰਚ ਵਿੱਚ ਸ਼ਾਮਿਲ ਸਿੰਘਾਂ ਨੇ ਦਿੱਤੇ ਪ੍ਰੋਗਰਾਮ ਮੁਤਾਬਿਕ ਬੰਦੀ ਸਿੰਘਾਂ ਦੀ ਰਿਹਾਈ ਅਤੇ ਸੰਘਰਸ਼ ਜਾਰੀ ਰੱਖਣ ਦੀ ਅਰਦਾਸ ਕੀਤੀ।ਭਾਈ ਖਾਲਸਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ 31 ਅਗਸਤ ਤੱਕ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਕਰਵਾਉਣ ਜਾਂ ਅਸਤੀਫਾ ਦੇਣ ਲਈ ਮੰਗ ਪੱਤਰ ਸੌਂਪਿਆ ।

PPN17081414
ਅਰਦਾਸ ਉਪਰੰਤ ਭਾਈ ਗੁਰਬਖਸ਼ ਸਿੰਘ ਖਾਲਸਾ, ਭਾਈ ਕੰਵਰਬੀਰ ਸਿੰਘ ਅੰਮ੍ਰਿਤਸਰ ਤੇ ਬੰਦੀ ਸਿੰਘਾਂ ਦੇ ਪ੍ਰੀਵਾਰਕ ਮੈਂਬਰਾਂ ਵੱਲੋ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਭੁਪਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਭਾਈ ਖਲਾਸਾ ਨੇ ਦੱਸਿਆ ਕਿ ਉਹ ਜਦ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਸਨ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਯਤਨ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ ਕਿ ਜਥੇਦਾਰ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ।ਇਸ ਲਈ ਅੱਜ ਉਹਨਾਂ ਨੇ ਬੰਦੀ ਸਿੰਘਾਂ ਦੇ ਪ੍ਰੀਵਾਰਾਂ ਸਮੇਤ ਜੋ ਮੰਗ ਪੱਤਰ ਦਿੱਤਾ ਹੈ, ਉਸ ਵਿੱਚ ਜਥੇਦਾਰ ਗਿ: ਗੁਰਬਚਨ ਸਿੰਘ ਨੂੰ 31 ਅਗਸਤ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ 31 ਅਗਸਤ ਤੱਕ ਜਵਾਬ ਦੇਣ।ਉਨਾਂ ਕਿਹਾ ਕਿ ਅਗਰ ਜਥੇਦਾਰ ਸ੍ਰੀ ਅਕਾਲ ਤਖਤ ਵੱਲੋ 31 ਅਗਸਤ ਤੱਕ ਜਵਾਬ ਨਹੀ ਆਉਦਾ ਤਾਂ ਉਹ ਮੁੜ ਭੁੱਖ ਹੜਤਾਲ ਤੇ ਬੈਠਣਗੇ।
ਜਿਕਰਯੋਗ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਅਰੰਭ ਕੀਤੀ ਭੁੱਖ ਹੜਤਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਖਲ ਨਾਲ ਖਤਮ ਕਰ ਦਿੱਤੀ ਗਈ ਸੀ, ਲੇਕਿਨ ਅਜੇ ਤੱਕ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਨਾ ਹੋਣ ਕਰਕੇ ਉਹਨਾਂ ਨੇ 10 ਅਗਸਤ ਤੋਂ ਗੁ: ਅੰਬ ਸਾਹਿਬ ਮੋਹਾਲੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਲਈ ਮਾਰਚ ਸ਼ੁਰੂ ਕੀਤਾ ਸੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply