ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ਵਿਚ ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਬਾਰੇ ਸਥਾਨਕ ਰੇਡੀਓ ਐਂਕਰਾਂ ਵੱਲੋਂ ਕੀਤੀ ਗਈ ਨਸਲੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।ਇਕ ਬਿਆਨ ਰਾਹੀਂ ਪ੍ਰਧਾਨ ਸ਼੍ਰੋਮਣੀ ਕਮੇਟੀ ਲੌਂਗੋਵਾਲ ਨੇ ਕਿਹਾ ਕਿ ਅਮਰੀਕਾ ’ਚ ਅਟਾਰਨੀ ਜਨਰਲ ਦੇ ਅਹਿਮ ਅਹੁਦੇ ’ਤੇ ਬਿਰਾਜਮਾਨ ਗੁਰਬੀਰ ਸਿੰਘ ਗਰੇਵਾਲ ਦੀ ਸਿੱਖ ਪਛਾਣ ਨੂੰ ਲੈ ਕੇ ਰੇਡੀਓ ਐਂਕਰਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਉਨ੍ਹਾਂ ਦੀ ਨਫ਼ਰਤ ਭਰੀ ਮਾਨਸਿਕਤਾ ਨੂੰ ਪ੍ਰਗਟਾਉਣ ਵਾਲੀਆਂ ਹਨ।ਉਨ੍ਹਾਂ ਕਿਹਾ ਕਿ ਐਂਕਰਾਂ ਵੱਲੋਂ ਇਕ ਸਿੱਖ ਨੂੰ ਉਸ ਦੇ ਨਾਂ ਨਾਲ ਜਾਣਨ ਦੀ ਥਾਂ ਮਜ਼ਾਕ ਭਰੇ ਲਹਿਜ਼ੇ ਵਿਚ ਪੱਗੜੀਧਾਰੀ ਵਿਅਕਤੀ ਕਹਿਣਾ ਸਿੱਖਾਂ ਦੀ ਤੌਹੀਨ ਹੈ ਅਤੇ ਇਸ ਘਟਨਾ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਵਿਚ ਸਿੱਖਾਂ ਦੀ ਤਰੱਕੀ ਕੁੱਝ ਲੋਕ ਅੱਜ ਵੀ ਬਰਦਾਸ਼ਤ ਨਹੀਂ ਕਰ ਰਹੇ।ਉਨ੍ਹਾਂ ਕਿਹਾ ਕਿ ਸਿੱਖ ਆਪਣੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਾਬਤ-ਸੂਰਤ ਸਰੂਪ ਨਾਲ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਨ ਅਤੇ ਦਸਤਾਰ ਸਿੱਖਾਂ ਲਈ ਇਕ ਪਛਾਣ ਦੇ ਨਾਲ-ਨਾਲ ਇਕ ਧਾਰਮਿਕ ਚਿੰਨ੍ਹ ਵੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੁਨੀਆਂ ਨੂੰ ਇਹ ਗੱਲ ਵੀ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਸਿੱਖ ਹੱਕ-ਸੱਚ ਦੀ ਗੱਲ ਕਰਨ ਵਾਲੀ, ਇਮਾਨਦਾਰ ਅਤੇ ਮਿਹਨਤੀ ਕੌਮ ਹੈ।ਸਿੱਖ ਜਿਸ ਦੇਸ਼ ਵਿਚ ਵੀ ਵੱਸੇ ਹਨ, ਉਸ ਦੀ ਬਿਹਤਰੀ ਤੇ ਤਰੱਕੀ ਲਈ ਮੂਹਰੇ ਹੋ ਕੇ ਕੰਮ ਕਰਦੇ ਹਨ।ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਇਹ ਦੂਸਰਿਆਂ ਖ਼ਾਤਰ ਆਪਣੀ ਜਾਨਾਂ ਨਿਸ਼ਾਵਰ ਕਰਨ ਵਿਚ ਵੀ ਪਿੱਛੇ ਨਹੀਂ ਹਟਦੇ।ਲੌਂਗੋਵਾਲ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਾਮਲਿਆਂ ਸਬੰਧੀ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਨ, ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰੇ ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media