Friday, March 6, 2026

ਚੋਣ ਪ੍ਰਚਾਰ ਖ਼ਤਮ ਹੋਣ ‘ਤੇ ਬਾਹਰੋਂ ਆਏ ਸਿਆਸਤਦਾਨਾਂ ਤੇ ਵਰਕਰਾਂ ਨੂੰ ਚੋਣ ਹਲਕੇ ਛੱਡਣ ਦੀਆਂ ਹਦਾਇਤਾਂ

PPN18081402
ਬਠਿੰਡਾ, 18 ਅਗਸਤ (ਜਸਵਿੰਦਰ ਸਿੰਘ ਜੱਸੀ)- ਭਾਰਤੀ ਚੋਣ ਕਮਿਸ਼ਨ ਨੇ ਤਲਵੰਡੀ ਸਾਬੋ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਖ਼ਤਮ ਹੋਣ ‘ਤੇ ਬਾਹਰਲੇ ਹਲਕਿਆਂ ਤੋਂ ਆਏ ਸਿਆਸਤਦਾਨਾਂ ਅਤੇ ਵਰਕਰਾਂ ਨੂੰ ਚੋਣ ਹਲਕਾ ਛੱਡਣ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹਾ ਚੋਣ ਅਫਸਰ ਡਾ. ਬਸੰਤ ਗਰਗ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਤੁਰੰਤ ਬਾਅਦ ਬਾਹਰੀ ਖੇਤਰਾਂ ਤੋਂ ਆਏ ਸਮੂਹ ਸਿਆਸਤਦਾਨਾਂ ਤੇ ਵਰਕਰਾਂ ਵੱਲੋਂ ਚੋਣ ਹਲਕਾ ਛੱਡਣਾ ਯਕੀਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਹਲਕਿਆਂ ਨਾਲ ਸਬੰਧਤ ਚੁਣੇ ਹੋਏ ਸੰਸਦ ਮੈਂਬਰ ਨੂੰ ਇਸ ਪ੍ਰਕਿਰਿਆ ਤੋਂ ਛੋਟ ਦਿੱਤੀ ਗਈ ਹੈ ਭਾਵੇਂ ਕਿ ਉਹ ਇਸ ਹਲਕੇ ਦਾ ਵੋਟਰ ਨਾ ਹੋਵੇ। ਉਨ੍ਹਾਂ ਕਿਹਾ ਕਿ ਚੋਣ ਖੇਤਰ ‘ਚ ਵਿਚਰ ਰਹੇ ਅਜਿਹੇ ਨੁਮਾਇੰਦੇ ਨੂੰ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਪ੍ਰਚਾਰ ਕਰਨ ਦੀ ਆਗਿਆ ਨਹੀਂ ਹੋਵੇਗੀ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਤਹਿਤ ਚੋਣ ਪ੍ਰਚਾਰ ਖ਼ਤਮ ਪਿੱਛੋਂ ਸਬੰਧਤ ਹਲਕਿਆਂ ‘ਚ ਕਿਸੇ ਤਰ੍ਹਾਂ ਦੀ ਮੁਹਿੰਮ ਨਹੀਂ ਵਿੱਢੀ ਜਾਵੇਗੀ ਅਤੇ ਬਾਹਰੀ ਹਲਕਿਆਂ ਤੋਂ ਆਏ ਸਿਆਸਤਦਾਨ, ਪਾਰਟੀ ਤੇ ਹੋਰ ਵਰਕਰ, ਜੋ ਸਬੰਧਤ ਹਲਕੇ ਦੇ ਵੋਟਰ ਨਾ ਹੋਣ, ਦਾ ਵੀ ਤੁਰੰਤ ਚੋਣ ਹਲਕਾ ਛੱਡਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿਉਂ ਜੋ ਉਨ੍ਹਾਂ ਦੀ ਹਲਕੇ ‘ਚ ਮੌਜੂਦਗੀ ਨਾਲ ਨਿਰਪੱਖ ਚੋਣਾਂ ਕਰਾਉਣ ‘ਚ ਦਿੱਕਤ ਆਉਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਫਸਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਧਰਮਸ਼ਾਲਾਵਾਂ ਆਦਿ ਚੈਕ ਕਰ ਕੇ ਯਕੀਨੀ ਬਣਾਉਣ ਕਿ ਉਥੇ ਕੋਈ ਬਾਹਰੀ ਸ਼ਖ਼ਸ ਮੌਜੂਦ ਨਾ ਹੋਵੇ। ਇਸ ਤੋਂ ਇਲਾਵਾ ਹੋਟਲਾਂ ਤੇ ਗੈਸਟਹਾਊਸਾਂ ‘ਚ ਰਹਿ ਰਹੇ ਵਿਅਕਤੀਆਂ ਨੂੰ ਤਸਦੀਕ ਕਰਨ, ਚੋਣ ਹਲਕਿਆਂ ਦੀਆਂ ਸਰਹੱਦਾਂ ‘ਤੇ ਚੈਕ ਪੋਸਟਾਂ ਬਣਾ ਕੇ ਬਾਹਰੋਂ ਆ ਰਹੇ ਵਾਹਨਾਂ ਦੀ ਆਵਾਜਾਈ ‘ਤੇ ਨਿਰੰਤਰ ਨਿਗ੍ਹਾ ਰੱਖਣ ਅਤੇ ਵੋਟ ਪਾਉਣ ਆਉਣ ਵਾਲੇ ਵਿਅਕਤੀ/ਵਿਅਕਤੀਆਂ ਸਮੂਹਾਂ ਦੀ ਸ਼ਨਾਖ਼ਤ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply