ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਵਿਜੈ ਬੈਂਕ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜਦੀਆਂ ਸੰਗਤਾਂ ਦੀ
ਸਹੂਲਤ ਲਈ ਸ਼੍ਰੋਮਣੀ ਕਮੇਟੀ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਭੇਟ ਕੀਤੀਆਂ ਗਈਆਂ ਹਨ, ਜਿਸ ਦੀਆਂ ਚਾਬੀਆਂ ਅੱਜ ਬੈਂਕ ਅਧਿਕਾਰੀਆਂ ਪਾਸੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਬਲਵਿੰਦਰ ਸਿੰਘ ਜੌੜਾਸਿੰਘਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਪ੍ਰਾਪਤ ਕੀਤੀਆਂ।ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਬੈਂਕ ਦੇ ਐਮ.ਡੀ ਅਤੇ ਸੀ.ਈ.ਓ ਆਰ.ਏ ਸ਼ੰਕਰਾ ਨਰਾਇਣਨ, ਐਗਜੈਕਟਿਵ ਡਾਇਰੈਕਟਰ ਵਾਈ. ਨਾਗੇਸ਼ਵਰ ਰਾਓ, ਮੁਰਲੀ ਰਾਮਾ ਸਵਾਮੀ, ਚੀਫ ਵਿਜੀਲੈਂਸ ਅਫ਼ਸਰ ਜੀ.ਐਸ.ਨਾਰੰਗ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸਿਰੋਪਾਓ, ਲੋਈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।ਆਰ.ਏ ਸ਼ੰਕਰਾ ਨਰਾਇਣਨ ਨੇ ਕਿਹਾ ਕਿ ਵਿਜੈ ਬੈਂਕ ਵੱਲੋਂ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਲਈ 8 ਬੈਟਰੀ ਗੱਡੀਆਂ ਭੇਟ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਅੱਜ ਇਕ ਗੱਡੀ ਸੰਗਤ ਨੂੰ ਅਰਪਣ ਕੀਤੀ ਗਈ ਹੈ ਅਤੇ ਜਲਦ ਹੀ ਬਾਕੀ ਗੱਡੀਆਂ ਵੀ ਪੁੱਜਦਾ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਵਿਜੈ ਬੈਂਕ ਵੱਲੋਂ ਸੰਗਤਾਂ ਦੀ ਸੇਵਾ ਲਈ 8 ਬੈਟਰੀ ਨਾਲ ਚੱਲਣਾ ਵਾਲੀਆਂ ਗੱਡੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 30 ਲੱਖ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੱਡੀਆਂ ਨਾਲ ਜਿਥੇ ਸੰਗਤਾਂ ਨੂੰ ਆਉਣ-ਜਾਣ ਦੀ ਸਹੂਲਤ ਮਿਲੇਗੀ, ਉਥੇ ਹੀ ਬੈਟਰੀ ਨਾਲ ਚੱਲਣ ਕਾਰਨ ਪ੍ਰਦੂਸ਼ਣ ਤੋਂ ਰਾਹਤ ਵੀ ਮਿਲੇਗੀ। ਡਾ. ਰੂਪ ਸਿੰਘ ਨੇ ਬੈਂਕ ਅਧਿਕਾਰੀਆਂ ਦਾ ਇਸ ਸੇਵਾ ਲਈ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਸਕੱਤਰ ਸਤਬੀਰ ਸਿੰਘ ਧਾਮੀ, ਮੁਖਤਾਰ ਸਿੰਘ ਮੈਨੇਜਰ, ਬੈਂਕ ਦੇ ਰਿਜਨਲ ਮੈਨੇਜਰ ਲੁਧਿਆਣਾ ਕੇ.ਵੀ ਜੈਚੰਦਰਨ, ਚੀਫ਼ ਮੈਨੇਜਰ ਅੰਮ੍ਰਿਤਸਰ ਸ਼ੈਲੇਸ ਪਾਂਡੇ, ਇਕਬਾਲ ਸਿੰਘ ਵਧੀਕ ਮੈਨੇਜਰ, ਭਾਈ ਪਰਮਜੀਤ ਸਿੰਘ ਖਾਲਸਾ ਫੈਡਰੇਸ਼ਨ ਆਗੂ ਆਦਿ ਮੌਜੂਦ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media