Friday, May 1, 2026

ਖਹਿਰਾ ਦੀ ਅਗਵਾਈ `ਚ ‘ਆਪ ਬਾਗੀਆਂ ਦੀ ਬਠਿੰਡੇ ‘ਚ ਬੱਲੇ-ਬੱਲੇ ਤੋਂ ਹਾਈਕਮਾਂਡ ਹੈਰਾਨ’

ਕੰਵਰ ਸੰਧੂ ਦੇ ਪੜ੍ਹੇ ਮਤੇ ਦਿੱਲੀ ਵਾਲਿਆਂ ਵਲੋਂ ਮੰਨਣੇ ਔਖੇ, ਸਿਸੋਦੀਆ ਦੀ 13 ਦੀ ਪੰਜਾਬ ਰੈਲੀ ਨੂੰ ਵੱਡੀ ਚੁਨੌਤੀ
ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਨੇਤਾ ਦੇ ਅਹੁਦੇ PPN0208201820ਤੋਂ ਹਟਾਉਣ ਪਿਛੋਂ ਗਿਣਤੀ ਦੇ ਦਿਨਾਂ ਵਿੱਚ ਹੀ ਬਠਿੰਡੇ ਦੇ ਖੁੱਲ੍ਹੇ ਮੈਦਾਨ ਵਿਚ ਸੁਖਪਾਲ ਖਹਿਰਾ ਹਮਾਇਤੀਆਂ ਵਲੋਂ ਕੀਤੇ ਵੱਡੇ ਇਕੱਠ ਨੇ ਪਾਰਟੀ ਹਾਈਕਮਾਂਡ ਨੂੰ ਇਹ ਵੀ ਸੋਚਣ ‘ਤੇ ਮਜ਼ਬੂਰ ਕਰ ਦਿਤਾ ਹੈ ਕਿ ‘ਆਪ‘ ਦੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ 13 ਅਗਸਤ ਨੂੰ ਪੰਜਾਬ ਵਿਚ ਰੈਲੀ ਕਰਨ ਦੀ ਮਾਰੀ ‘ਸਿਆਸੀ ਬੜਕ‘ ਕਿੰਨੀ ਕੁ ਦੂਰ ਤੱਕ ਸੁਣਾਈ ਦੇ ਸਕਦੀ ਹੈ।
ਲੱਗਪਗ 5 ਏਕੜ ਵਿਚ ਤਿਆਰ ਕੀਤੀ ਰੈਲੀ ਵਾਲੀ ਥਾਂ ਦੇ ਇਕੱਠ ਨੂੰ ਦੇਖਦਿਆਂ ਹਰ ਕੋਈ ਸੌਖਿਆਂ ਹੀ ਕਹਿ ਸਕਦਾ ਹੈ ਕਿ ਸਰੋਤਿਆਂ ਦੀ ਹਾਜ਼ਰੀ ਬੇਸ਼ੁਮਾਰ ਹੈ।ਪਾਰਟੀ ਦੇ ਲੋਕ ਇਸ ਗਿਣਤੀ ਨੂੰ 50000 ਤੱਕ ਦੱਸਦੇ ਹਨ, ਪਰ ਇਸ ਨੂੰ ਅੱਧ 25000 ਵੀ ਮੰਨ ਲਿਆ ਜਾਏ ਤਾਂ ਇਹ ਸੁਖਪਾਲ ਖਹਿਰਾ ਹਮਾਇਤੀ ਤੇ ਹਾਈਕਮਾਂਡ ਵਿਰੋਧੀ ਆਵਾਜ਼ ਬਹੁਤ ਉਚੀ ਬਣ ਜਾਂਦੀ ਹੈ।
 ਇਸ ਮੌਕੇ ਮੁੱਖ ਆਗੂਆਂ ਤੋਂ ਇਲਾਵਾ ਮਾਸਟਰ ਬਲਦੇਵ ਸਿੰਘ ਜੈਤੋ, ਕੰਵਰ ਸੰਧੂ, ਰਾਜਵੰਤ ਸਿੰਘ ਮਾਛੀਵਾੜਾ, ਗੁਰਚਰਨ ਸਿੰਘ ਰਾਮਗੜ੍ਹੀਆ, ਨਾਜਰ ਸਿੰਘ ਮਾਨਸਾਹੀਆ, ਜਗਤਾਰ ਸਿੰਘ ਜੱਗਾ ਰਾਜਪੁਰ, ਜਗਤਾਰ ਸਿੰਘ ਕਮਾਲੂ, ਕੁਲਵੰਤ ਸਿੰਘ ਮਾਹਲਕਲਾਂ, ਜੱਸੀ ਜਸਰਾਜ, ਦੀਪਕ ਬਾਂਸਲ ਵੀ ਜ਼ਿਕਰਯੋਗ ਸਨ।ਕੰਵਰ ਸੰਧੂ ਵਲੋਂ ਪੇਸ਼ ਕੀਤੇ ਮਤਿਆਂ ਨੂੰ ਸਾਂਝੀ ਆਵਾਜ਼ ਵਿਚ ਪਾਸ ਕਰ ਦਿਤਾ ਗਿਆ। ਜਿੰਨਾਂ ਵਿੱਚ

-ਵਲੰਟੀਅਰ ਕਨਵੈਨਸ਼ਨਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ।
-ਅਸੰਬਲੀ ‘ਚ ਆਪੋਜ਼ੀਸ਼ਨ ਨੂੰ ਬਦਲਣ ਲਈ ਲੋਕਤੰਤਰੀ ਤਰੀਕੇ ਨਾਲ ਪਾਰਟੀ ਦਾ ਇਕੱਠ ਕਰੋ।
-ਪਾਰਟੀ ਲੀਡਰਸ਼ਿਪ ਪੰਜਾਬ ਵਿੰਗ ਨੂੰ 100 ਫੀਸਦੀ ਖੁਦਮੁਖਤਿਆਰੀ ਦੇਵੇ।
-ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕੀਤਾ ਜਾਏ।
-ਇਕੱਠ ਵਿੱਚ ਨਾ ਆਉਣ ਵਾਲੇ ਵਿਧਾਇਕਾਂ ਦੇ ਵਿਰੋਧ ਦਾ ਫੈਸਲਾ ਕੀਤਾ ਜਾਵੇ।

ਇਨ੍ਹਾਂ ਮਤਿਆਂ ਤੋਂ ਇਲਾਵਾ ਕੁੱਝ ਹੋਰ ਵੀ ਮਤੇ ਸਨ, ਜੋ ਸਰਬਸੰਮਤੀ ਨਾਲ ਪਾਸ ਕੀਤੇ ਗਏ।ਦੁਪਿਹਰ ਦੀ ਸਿਖਰਦੀ ਹੁੰਮਸ ਵਿਚ ਏਨੇ ਭਾਰੀ ਇਕੱਠ ਵਿਚ ਸੁਖਪਾਲ ਖਹਿਰਾ ਵਲੋਂ 2022 ਦੀਆਂ ਚੋਣਾਂ ਲਈ ਤਿਆਰੀ ਦਾ ਸੱਦਾ ਦੇਣਾ ਵੀ ਪਾਰਟੀ ਹਾਈਕਮਾਂਡ ਨੂੰ ਛੇਤੀ ਕਿਤੇ ਪਚਣ ਵਾਲਾ ਨਹੀਂ।ਇਸ ਇਕੱਠ ਵਿੱਚ ਮਤਿਆਂ ਰਾਹੀਂ ਦਿੱਲੀ ਲੀਡਰਸ਼ਿਪ ਵੱਲੋਂ ਮਨਮਰਜੀ ਨਾਲ ਨਿਯੁੱਕਤ ਕੀਤੇ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਦੀ ਨਿਯੁੱਕਤੀ ਨੂੰ ਰੱਦ ਕਰ ਦਿੱਤਾ ਇਸ ਦੇ ਨਾਲ ਪਾਰਟੀ ਦੇ ਪੰਜਾਬ ਵਿੱਚ ਬਣਾਏ ਨਵੇਂ ਜਥੇਬੰਦਕ ਢਾਂਚੇ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਉਥੇ ਹੀ ‘‘ਪੰਜਾਬੀ ਏਕਤਾ ਜਿੰਦਾਬਾਦ’’ ਦੇ ਨਾਹਰੇ ਤਹਿਤ ਪੰਜਾਬ ਦੇ ਵਰਕਰਾਂ ਦੀ ਖੁਦ ਮੁਖਤਿਆਰੀ ਲੈਣ ਦੀ ਮੰਗ ਨੂੰ ਮਜਬੂਤ ਕਰਦੇ ਹੋਏ ਆਉਂਦੀਆਂ 2022 ਦੀਆਂ ਚੋਣਾਂ ਲਈ ਨਵੀਂ ਪਾਰਟੀ ਬਣਾਉਣ ਦਾ ਸੰਕੇਤ ਦਿੰਦੇ ਹੋਏ ਖਹਿਰਾ ਨੇ ਆਪਣੇ ਆਪ ਨੂੰ ਬਤੌਰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪੇਸ਼ ਕਰਦੇ ਹੋਏ ਐਲਾਨ ਕੀਤਾ ਕਿ ਜੇਕਰ ਪੰਜਾਬੀਆਂ ਨੇ ਉਹਨਾਂ ਦਾ ਡੱਟ ਕੇ ਸਾਥ ਦਿੱਤਾ ਤਾਂ ਉਹ ਆਉਂਦੇ ਸਮੇਂ ਵਿੱਚ ਹਮਖਿਆਲੀ ਪਾਰਟੀਆਂ ਨਾਲ ਮਜਬੂਤ ਗਠਬੰਧਨ ਬਣਾ ਕੇ ਪੰਜਾਬ ਦੇ ਭਵਿੱਖ ਦੀ ਨਵੀਂ ਤਸਵੀਰ ਪੇਸ਼ ਕਰਨਗੇ ਅਤੇ ਇਹ ਵੀ ਐਲਾਨ ਕੀਤਾ ਕਿ ਜੇਕਰ ਤਾਕਤ ਮਿਲੀ ਤਾਂ ਬੇਅਦਬੀ ਘਟਨਾਵਾਂ ਦੇ ਸਾਜਿਸ਼ਕਾਰ, ਦੋਸ਼ੀ ਅਤੇ ਇਨਸਾਫ ਮੰਗਣ ਵਾਲੀਆਂ ਸੰਗਤਾਂ ਦਾ ਕਤਲੇਆਮ ਕਰਨ ਵਾਲੇ ਪੁਲਿਸ ਅਫਸਰਾਂ, ਮੁਲਾਜ਼ਮਾਂ ਦੇ ਨਾਲ ਉਸ ਸਮੇਂ ਦੇ ਡੀ.ਜੀ.ਪੀ, ਗ੍ਰਹਿ ਮੰਤਰੀ ਸਮੇਤ ਵੋਟ ਦੀ ਰਾਜਨੀਤੀ ਲਈ ਡੇਰੇਦਾਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ ਕਿਉਂਕਿ ਅਕਾਲੀ ਭਾਜਪਾ ਗਠਬੰਧਨ ਸਰਕਾਰ ਵੇਲੇ ਹੋਈਆਂ ਇਹਨਾਂ ਘਟਨਾਵਾਂ ਲਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਬਣਦਾ ਫਰਜ਼ ਨਹੀਂ ਨਿਭਾਇਆ ਤੇ ਹੁਣ ਕੈਪਟਨ ਸਰਕਾਰ ਵੀ ਉਹਨਾਂ ਦੋਸ਼ੀਆਂ ਨੂੰ ਬਚਾਉਣ ਲਈ ਸਿਆਸੀ ਚਾਲਾਂ ਖੇਡ ਰਹੀ ਹੈ।
ਇਸ ਦੇ ਨਾਲ ਪੰਜਾਬ ਦੀ ਕਿਸਾਨੀ, ਜਵਾਨੀ ਤੇ ਵਪਾਰ ਨੂੰ ਬਚਾਉਣ ਲਈ ਇਤਿਹਾਸਕ ਕਦਮ ਪੱਟੇ ਜਾਣਗੇ। ਪਾਸ ਮਤਿਆਂ ਰਾਹੀਂ ਵਰਕਰਾਂ ਨੂੰ ਇਹ ਵੀ ਕਿਹਾ ਕਿ ਅੱਜ ਦੀ ਕਨਵੈਨਸ਼ਨ ਦਾ ਵਿਰੋਧ ਕਰਨ ਵਾਲੇ ਪਾਰਟੀ ਦੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ ਜਾਵੇ ਕਿਉਂਕਿ ਸੁਖਪਾਲ ਖਹਿਰਾ ਦੇ ਹਮਾਇਤੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੇ ਪਾਰਟੀ ਹਾਈਕਮਾਂ ਨੇ ਉਨ੍ਹਾਂ ਦੇ ਮਤਿਆ ਦੇ ਹੱਕ ‘ਚ ਹਾਮੀ ਭਰਨ ਦਾ ਛੇਤੀ ਹੀ ਕੋਈ ਫੈਸਲਾ ਨਾ ਕੀਤਾ ਤਾਂ 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜਿਲ੍ਹਾ ਪੱਧਰੀ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਪਾਰਟੀ ਵਿਚੋਂ ਅਸਤੀਫੇ ਦੇਣ ਵਾਲਿਆਂ ਦਾ ਇਕ ਅਹਿਮ ਇਕੱਠ ਵੀ ਕੀਤਾ ਜਾਏਗਾ।ਜਿਸ ਨਾਲ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵਲੋਂ 13 ਅਗਸਤ ਨੂੰ ਕੀਤੀ ਜਾਣ ਵਾਲੀ ਰੈਲੀ ਅੱਗੇ ਇਕ ਵੱਡੀ ਚਨੌਤੀ ਖੜ੍ਹੀ ਹੋ ਗਈ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply