Saturday, November 14, 2026

ਸਹੀ ਕੀਟਨਾਸ਼ਕ ਦਾ ਸਹੀ ਸਮੇਂ ਤੇ ਸਹੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ- ਡਾ. ਅਮਰੀਕ ਸਿੰਘ

PPN1208201804ਪਠਾਨਕੋਟ, 12 ਅਗਸਤ (ਪੰਜਾਬ ਪੋਸਟ ਬਿਊਰੋ) – ਫਸਲਾਂ ਉੱਪਰ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕਾਂ ਤੋਂ ਵਧੇਰੇ ਫਾਇਦਾ ਲੈਣ ਲਈ ਛਿੜਕਾਅ ਨੁਕਤਿਆਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਸਮੇ, ਸਹੀ ਕੀਟਨਾਸ਼ਕ ਦਾ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ।ਇਹ ਵਿਚਾਰ ਡਾ ਅਮਰੀਕ ਸਿੰਘ ਭੌਂ ਪਰਖ-ਕਮ-ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਬੇੜੀ ਬਜੁਰਗਾਂ ਵਿੱਚ ਕਿਸਾਨਾਂ ਨੂੰ ਕੀਟਨਾਸ਼ਕ ਛਿੜਕਾਅ ਤਕਨੀਕਾਂ ਬਾਰੇ ਲਗਾਏ ਕਿਸਾਨ ਜਾਗਰੁਕਤਾ ਕੈਂਪ ਵਿੱਚ ਜਾਣਕਾਰੀ ਦਿੰਦਿਆਂ ਪ੍ਰਗਟਾਏ।ਇਸ ਮੌਕੇ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ,ਸ਼੍ਰੀ ਗੁਰਦਿੱਤ ਸਿੰਘ,ਸੁਭਾਸ ਚੰਦਰ ਖੇਤੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ, ਉਤਮ ਚੰਦ, ਮਿੱਤ ਸਿੰਘ, ਰਵਿੰਦਰ ਸਿੰਘ ਫਿਰੋਜਪੁਰ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
        ਕਿਸਾਨਾਂ ਨੂੰ ਸੁਰੱਖਿਅਤ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਆਮ ਕਰਕੇ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਸਮੇਂ ਕਿਸਾਨ ਜਾਂ ਖੇਤ ਮਜ਼ਦੂਰ ਅਣਗਹਿਲੀ ਵਰਤ ਜਾਂਦੇ ਹਨ ਜਿਸ ਕਾਰਨ ਕਈ ਵਾਰ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਇਸ ਛਿੜਕਾਅ ਕਰਦੇ ਸਮੇਂ ਛਿੜਕਾਅ ਤਕਨੀਕਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।ਉਨਾ ਕਿਹਾ ਕਿ ਨਦੀਨਨਾਸ਼ਕ ਦਵਾਈ ਦਾ ਛਿੜਕਾਅ ਹਵਾ ਦੇ ਰੁੱਖ/ਵਹਾ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਚਾਹੀਦਾ ਹੈ ਤਾਂ ਜੋ ਰਸਾਇਣ ਛਿੜਕਾਅ ਕਰਨ ਵਾਲੇ ਵਿਅਕਤੀ ਉੱਪਰ ਨਾਂ ਪਵੇ ਅਤੇ ਨਾਂ ਹੀ ਸਾਹ ਰਾਹੀ ਸਰੀਰ ਅੰਦਰ ਜਾਵੇ।ਉਨਾਂ ਕਿਹਾ ਕਿ ਕਦੇ ਵੀ ਹਵਾ ਦੇ ਉਲਟ ਦਿਸ਼ਾ ਵਿੱਚ ਛਿੜਕਾਅ ਨਾਂ ਕਰੋ।ਉਨਾਂ ਕਿਹਾ ਕਿ ਛਿੜਕਾਅ ਕਰਨ ਸਮੇਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਦਵਾਈ ਅਤੇ ਪਾਣੀ ਦੀ ਸਿਫਾਰਸ਼ਸ਼ੁਦਾ ਮਾਤਰਾ ਸਹੀ ਹੋਵੇ।
ਉਨਾਂ ਕਿਹਾ ਕਿ ਕੀਟਨਾਸ਼ਕ ਦਾ ਤਦ ਹੀ ਛਿੜਕਾਅ ਕਰੋ ਜੇਕਰ ਕੀਟ ਦੁਆਰਾ ਹੋ ਰਹੇ ਨੁਕਸਾਨ ਦਾ ਪੱਧਰ ਆਰਥਿਕ ਕਗਾਰ ਨੂੰ ਪਾਰ ਕਰ ਚੁੱਕਾ ਹੋਵੇ।ਡਾ. ਮਨਦੀਪ ਕੋਰ ਨੇ ਕਿਹਾ ਕਿ ਬਾਸਮਤੀ ਦੀ ਮਿਆਰੀ ਉਪਜ ਪੈਦਾ ਕਰਨ ਲਈ ਫਸਲ ਉੱਪਰ ਐਸੀਫੇਟ, ਕਾਰਬੈਂਡਾਜ਼ਿਮ, ਥਾਈਮੈਥਾਕਸਮ, ਟਰਾਈਜੋਫਾਸ ਅਤੇ ਟ੍ਰਾਈਸਾਈਕਲਾਜ਼ੋਲ ਦੀ ਵਰਤੋਂ ਨਾਂ ਕੀਤੀ ਜਾਵੇ ਤਾਂ ਜੋ ਐਕਸਪੋਰਟ ਏਜੰਸੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾਂ ਆਵੇ ਅਤੇ ਬਾਸਮਤੀ ਦਾ ਰੇਟ ਵੀ ਸਹੀ ਮਿਲੇ।ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਸਿਫਾਰਸ਼ਾਂ ਮੁਤਾਬਿਕ ਕੇਵਲ ਦੋ ਬੋਰੀਆਂ ਯੂਰੀਆਂ ਖਾਦ ਦੀ ਹੀ ਵਰਤੀ ਜਾਵੇ।ਉਨਾ ਕਿਹਾ ਕਿ ਜੇਕਰ ਝੋਨੇ ਦੀ ਲਵਾਈ ਤੋਂ ਪਹਿਲਾਂ ਜੰਤਰ/ਮੂੰਗੀ ਦੀ ਫਸਲ ਬਤੌਰ ਹਰੀ ਖਾਦ ਖੇਤ ਵਿੱਚ ਉਗਾਈ ਹੋਵੇ ਤਾਂ ਯੂਰੀਆ ਖਾਦ ਦੇ ਇੱਕ ਤੋਂ ਡੇਢ ਬੈਗ ਪ੍ਰਤੀ ਏਕੜ ਵਰਤੇ ਜਾਣ।ਅਖੀਰ ਵਿੱਚ ਗੁਰਦਿੱਤ ਸਿੰਘ ਨੇ ਹਾਜ਼ਰ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।
       

 

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply