ਸ਼ਹੀਦ ਮਦਨ ਲਾਲ ਢੀਂਗਰਾ ਦੇ ਸ਼ਹੀਦੀ ਦਿਹਾੜੇ ’ਤੇ ਸਮਾਗਮ
ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹੀਦੀ ਸਬੰਧੀ ਰਾਜ ਪੱਧਰੀ ਸਮਾਗਮ ਜੋ ਕਿ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਵਿਖੇ ਮਨਾਇਆ ਜਾਣਾ ਸੀ, ਉਹ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਅਚਾਨਕ ਸਵਰਗਵਾਸ ਹੋੋ ਜਾਣ ਕਰਨ ਜਿਲ੍ਹਾ ਪ੍ਰਸਾਸਨ ਵੱਲੋਂ ਰੱਦ ਕਰ ਦੇਣ ਕਾਰਨ ਜਿਲ੍ਹਾ ਪ੍ਰਸਾਸ਼ਨ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਟਾਊਨ ਹਾਲ ਵਿਖੇ ਸਥਾਪਿਤ ਸ਼ਹੀਦ ਮਦਨ ਲਾਲ ਢੀਂਗਰਾ ਦੇ ਬੁੱਤ ਵਿਖੇ ਸੰਖੇਪ ਸਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਥੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪੁਸ਼ਪਾਂਜਲੀ ਅਰਪਿਤ ਕਰਕੇ ਸ਼ਹੀਦ ਨੂੰ ਯਾਦ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਸ਼ਹੀਦ ਸਾਰੇ ਦੇਸ਼ ਦਾ ਅਨਮੋਲ ਵਿਰਸਾ ਹਨ।ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਲੱਖਾਂ ਹੀ ਦੇਸ਼ ਭਗਤਾਂ, ਸ਼ੂਰਬੀਰ ਯੋਧਿਆਂ ਨੇ ਕੁਰਬਾਨੀ ਦਿੱਤੀ ਹੈ, ਜਿੰਨਾਂ ਦੀ ਬਦੌਲਤ ਅਸੀਂ ਅੱਜ ਆਜ਼ਾਦ ਫਿਜਾਂ ਵਿੱਚ ਘੁੰਮ ਰਹੇ ਹਾਂ।ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਸ਼ਹੀਦਾਂ ਵੱਲੋਂ ਦਰਸਾਏ ਗਏ ਰਸਤੇ ਤੋਂ ਸੇਧ ਲੈਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸ੍ਰੀ ਵਾਜਪਾਈ ਦੇ ਅਕਾਲ ਚਲਾਣੇ ਕਾਰਨ ਸਰਕਾਰ ਵੱਲੋਂ ਸ਼ੋਕ ਐਲਾਨ ਦੇਣ ਨਾਲ ਸਮਾਗਮ ਰੱਦ ਕਰਨਾ ਪਿਆ ਸੀ, ਪਰ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਹ ਸਥਾਨ, ਜੋ ਕਿ ਉਨਾਂ ਦੇ ਜਨਮ ਸਥਾਨ ਦੇ ਨੇੜੇ ਹੈ, ਦੀ ਚੋਣ ਕੀਤੀ ਗਈ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ.ਸ੍ਰੀਵਾਸਤਵਾ, ਸਹਾਇਕ ਕਮਿਸ਼ਨਰ ਜਨਰਲ ਸ਼ਿਵਰਾਜ ਸਿੰਘ ਬੱਲ, ਐਸ.ਡੀ.ਅੇੈਮ ਅੰਮ੍ਰਿਤਸਰ-2 ਰਾਜੇਸ਼ ਸ਼ਰਮਾ, ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਅਤੇ ਹੋਰ ਸਖਸ਼ੀਅਤਾਂ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।
Punjab Post Daily Online Newspaper & Print Media