Tuesday, March 10, 2026

ਅੰਮ੍ਰਿਤਸਰ ਤੋਂ ਕੁਆਲਾਲੰਪਰ ਏਅਰ ਏਸ਼ੀਆ ਉਡਾਨ ਸ਼ੁਰੂ

ਸੈਰ ਸਪਾਟਾ ਸਨਅਤ ਤੇ ਪੰਜਾਬੀਆਂ ਲਈ ਵਰਦਾਨ ਬਣੇੇਗੀ ਇਹ ਉਡਾਨ-ਸਿੱਧੂ

PPN1708201803ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਏਸ਼ੀਆ ਉਪ ਮਹਾਂਦੀਪ ਵਿਚ ਸੱਸਤੀ ਤੇ ਚੰਗੀ ਹਵਾਈ ਸੇਵਾ ਲਈ ਜਾਣੀ ਜਾਂਦੀ ਏਅਰ ਏਸ਼ੀਆ ਨੇ ਅੰਮਿ੍ਰਤਸਰ ਤੋਂ ਕੁਆਲਾਲੰਪਰ ਲਈ ਨਵੀਂ ਉਡਾਨ ਏਅਰ ਏਸ਼ੀਆ ਐਕਸ ਸ਼ੁਰੂ ਕਰ ਦਿੱਤੀ ਹੈ। ਬੀਤੀ ਰਾਤ ਡੀ 7188 ਨਾਮ ਦਾ ਇਹ ਜਹਾਜ਼ ਕੁਆਲਾਲੰਪਰ ਤੋਂ ਚੱਲ ਕੇ ਆਪਣੇ ਮਿੱਥੇ ਸਮੇਂ ਤੋਂ 10 ਮਿੰਟ ਪਹਿਲਾਂ 10.20 ’ਤੇ ਅੰਮ੍ਰਿਤਸਰ ਪੁੱਜਾ।ਵਾਪਸੀ `ਤੇ ਇਹ ਉਡਾਨ ਪੌਣੇ ਬਾਰਾਂ ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 8.05 ਮਿੰਟ ਤੇ ਕੁਆਲਾਲੰਪਰ ਪਹੁੰਚ ਗਈ।ਆਉਣ ਤੇ ਜਾਣ ਵਾਲੀਆਂ ਦੋਵੇਂ ਉਡਾਨਾਂ 80 ਫੀਸਦੀ ਭਰੀਆਂ ਹੋਈਆਂ ਸਨ।
ਇਸ ਉਡਾਨ ਦੀ ਖੁਸ਼ੀ ਸਾਂਝੀ ਕਰਨ ਲਈ ਬੁਲਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਤੋਂ ਇਹ ਉਡਾਨ ਸ਼ੁਰੂ ਕਰਨ ਵਾਸਤੇ ਏਅਰ ਲਾਈਨ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਅੰਮ੍ਰਿਤਸਰ ਜੋ ਕਿ ਗੁਰੂ ਰਾਮ ਦਾਸ ਜੀ ਵਲੋਂ ਵਸਾਇਆ ਗਿਆ ਨਗਰ ਹੈ, ਜਿਸ ਵਿਚ ਹਰ ਰੋਜ਼ ਡੇਢ ਲੱਖ ਦੇ ਕਰੀਬ ਯਾਤਰੀ ਵਿਸ਼ਵ ਭਰ ਵਿਚੋਂ ਆਉਂਦੇ ਹਨ ਅਤੇ ਛੁੱਟੀਆਂ ਤੇ ਤਿਉਹਾਰਾਂ ਦੇ ਦਿਨਾਂ ਵਿੱਚ ਇਹ ਗਿਣਤੀ ਤਿੰਨ ਲੱਖ ਨੂੰ ਪਹੁੰਚ ਜਾਂਦੀ ਹੈ।
ਉਨਾਂ ਕਿਹਾ ਕਿ ਇਹ ਉਡਾਨ ਸ਼ੁਰੂ ਹੋਣ ਨਾਲ ਜਿਥੇ ਅੰਮ੍ਰਿਤਸਰ ਤੋਂ ਸੈਰ ਸਪਾਟੇ ਲਈ ਕੁਆਲਾਲੰਪਰ, ਬਾਲੀ, ਮੈਲਬਰਨ, ਸਿਡਨੀ, ਸਿੰਘਾਪੁਰ ਅਤੇ ਬੈਂਕਾਕ ਅਸਾਨੀ ਨਾਲ ਜਾ ਸਕਣਗੇ, ਉਥੇ ਨਿਊਜੀਲੈਂਡ, ਆਸਟਰੀਆ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਪ੍ਰਵਾਸੀ ਪੰਜਾਬੀ ਵੀ ਇਸ ਉਡਾਨ ਦਾ ਲਾਭ ਉਠਾ ਸਕਣਗੇ ਅਤੇ ਉਨਾਂ ਨੂੰ ਦਿੱਲੀ ਜਾ ਕੇ ਖੱਜ਼ਲ ਨਹੀਂ ਹੋਣਾ ਪਵੇਗਾ। ਉਨਾਂ ਕਿਹਾ ਕਿ ਇਸ ਨਾਲ ਜਿਥੇ ਵਿਦੇਸ਼ ਵੱਸਦੇ ਪ੍ਰਵਾਸੀ ਪੰਜਾਬੀ ਖੁਸ਼ ਹੋਣਗੇ, ਉਥੇ ਅੰਮਿ੍ਰਤਸਰ ਦੀ ਸੈਰ ਸਪਾਟਾ ਸਨਅਤ ਨੂੰ ਵੱਡਾ ਹੁੰਗਾਰਾ ਮਿਲੇਗਾ ਅਤੇ ਇਹ ਹੁਣ ਵਿਸ਼ਵ ਪ੍ਰਸਿਧ ਸੈਲਾਨੀ ਕੇਂਦਰਾਂ ਨਾਲ ਸਿੱਧੇ ਸੰਪਰਕ ਵਿਚ ਆ ਜਾਵੇਗਾ। ਉਨਾਂ ਦੱਸਿਆ ਕਿ ਵਿਸ਼ਵ ਭਰ ਵਿਚ ਅਸਾਨ ਦਰਾਂ ’ਤੇ ਹਵਾਈ ਯਾਤਰਾ ਮੁਹਈਆ ਕਰਵਾਉਣ ਲਈ ਜਾਣੀ ਜਾਂਦੀ ਏਅਰ ਏਸ਼ੀਆ ਨੇ ਹਫਤੇ ਵਿਚ ਚਾਰ ਦਿਨ ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਇਹ ਉਡਾਨ ਅੰਮ੍ਰਿਤਸਰ ਤੋਂ ਕੁਆਲਾਲੰਪਰ ਲਈ ਚਲਾਈ ਹੈ, ਜੋ ਕਿ ਰਾਤ 11.45 ਵਜੇ ਇਥੋਂ ਚੱਲ ਕੇ ਸਵੇਰੇ 8.05 ’ਤੇ ਕੁਆਲਾਲੰਪਰ ਪਹੁੰਚੇਗੀ ਅਤੇ ਇਨਾਂ ਦਿਨਾਂ ਵਿਚ ਹੀ ਸ਼ਾਮ 7.20’ਤੇ ਕੁਆਲਾਲੰਪਰ ਤੋਂ ਚੱਲਿਆ ਕਰੇਗੀ।
                   ਇਸ ਮੌਕੇ ਸੰਬੋਧਨ ਕਰਦੇ ਏਅਰ ਏਸ਼ੀਆ ਐਕਸ ਦੇ ਚੇਅਰਮੈਨ ਸ੍ਰੀਮਤੀ ਟਾਨ ਰਫੀਡਾਹ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਤੇ ਜੇਬ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਘੱਟ ਖਰਚੇ ’ਤੇ ਇਹ ਉਡਾਨ ਸ਼ੁਰੂ ਕੀਤੀ ਹੈ, ਜਿਸ ਵਿਚ ਕੁਆਲਾਲੰਪਰ ਤੱਕ ਦੀ ਟਿਕਟ 26 ਅਗਸਤ ਤੱਕ ਕੇਵਲ ਫਿਲਹਾਲ 5490 ਰੁਪਏ ਰੱਖੀ ਗਈ ਹੈ ਅਤੇ ਇਸ ਟਿਕਟ ’ਤੇ ਯਾਤਰਾ 31 ਜਨਵਰੀ 2019 ਤੱਕ ਕੀਤੀ ਜਾ ਸਕੇਗੀ। ਉਨਾਂ ਦੱਸਿਆ ਕਿ ਦਿਲੀ ਤੇ ਜੈਪੁਰ ਤੋਂ ਬਾਅਦ ਅੰਮਿ੍ਰਤਸਰ ਤੋਂ ਇਹ ਉਡਾਨ ਸ਼ੁਰੂ ਕੀਤੀ ਹੈ ਅਤੇ ਆਸ ਹੈ ਕਿ ਇਹ ਲੋਕਾਂ ਦੇ ਸਹਿਯੋਗ ਨਾਲ ਬੇਹੱਦ ਕਾਮਯਾਬ ਰਹੇਗੀ।
            ਸਿੱਧੂ ਇਸ ਮੌਕੇ ਨੇ ਮੀਡੀਆ ਕਰਮੀਆਂ ਨਾਲ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਸਾਂਝਾ ਕਰਦੇ ਹੋਏ ਉਨਾਂ ਦੀ ਮੌਤ ਨੂੰ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਅਤੇ ਸਾਰੇ ਹਾਜ਼ਰੀਨ ਨਾਲ ਦੋ ਮਿੰਟ ਦਾ ਮੋਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply