ਸੋਨ ਤਮਗਾ ਜਿੱਤ ਕੇ ਖਿਡਾਰੀਆਂ ਨੇ ਜ਼ਿਲੇ, ਸੂਬੇ ਤੇ ਦੇਸ਼ ਦਾ ਮਾਣ ਵਧਾਇਆ – ਡੀ.ਸੀ
ਭੀਖੀ (ਮਾਨਸਾ), 27 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਜ਼ਿਲ੍ਹੇ ਦੇ ਦਲੇਲ ਵਾਲਾ ਅਤੇ ਕਿਸ਼ਨਗੜ੍ਹ ਫਰਵਾਹੀ ਦੇ 2 ਨੌਜਵਾਨਾਂ ਸਵਰਨ ਸਿੰਘ
(ਅਰਜੁਨ ਅਵਾਰਡੀ) ਅਤੇ ਸੁਖਮੀਤ ਸਿੰਘ ਵਲੋਂ 18ਵੀਂ ਏਸ਼ੀਆਈ ਖੇਡਾਂ ਵਿੱਚ ਸੋਨ ਤਮਗੇ ਜਿੱਤਣ `ਤੇ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਦਿਸ਼ਾ-ਨਿਰਦੇਸ਼ਾਂ `ਤੇ ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਦੋਹਾਂ ਪਿੰਡਾਂ ਵਿੱਚ ਨਿੱਜੀ ਤੌਰ `ਤੇ ਜਾ ਕੇ ਜੇਤੂ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਮੂੂੰਹ ਮਿੱਠਾ ਕਰਵਾਇਆ।ਸਹਾਇਕ ਕਮਿਸ਼ਨਰ ਨੇ ਪਰਿਵਾਰਕ ਮੈਂਬਰਾਂ ਨੂੰ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਵੀ ਦੋਵਾਂ ਪਰਿਵਾਰਾਂ ਨੂੰ ਆਪਣੇ ਦਫ਼ਤਰ ਆਉਣ ਦਾ ਸੱਦਾ ਦਿੱਤਾ ਅਤੇ ਚਾਹ ਤੇ ਮਠਿਆਈ ਨਾਲ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
ਸਵਰਨ ਸਿੰਘ ਦੇ ਪਿਤਾ ਗੁਰਮੁੱਖ ਸਿੰਘ ਅਤੇ ਮਾਤਾ ਸ਼੍ਰੀਮਤੀ ਸੁਰਜੀਤ ਕੌਰ ਨੇ ਦੱਸਿਆ ਕਿ ਸਵਰਨ ਸਿੰਘ ਪਿਛਲੇ ਕਰੀਬ 10 ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ ਅਤੇ ਉਸ ਨੇ ਇਸ ਰੋਇੰਗ ਮੁਕਾਬਲੇ ਲਈ ਬਹੁਤ ਸਖ਼ਤ ਮਿਹਨਤ ਕੀਤੀ ਸੀ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਉਨ੍ਹਾਂ ਦਾ ਪੁੱਤਰ ਸੋਨ ਤਮਗਾ ਜਿੱਤ ਕੇ ਲਿਆਵੇਗਾ। ਉਧਰ ਦੂਜੇ ਪਾਸੇ ਸੁਖਮੀਤ ਸਿੰਘ ਦੇ ਪਿਤਾ ਅਮਰੀਕ ਸਿੰਘ ਅਤੇ ਮਾਤਾ ਸ਼੍ਰੀਮਤੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੁਖਮੀਤ ਸਿੰਘ ਨੂੰ ਸ਼ੁਰੂ ਤੋਂ ਹੀ ਖੇਡਾਂ ਦਾ ਬਹੁਤ ਸ਼ੌਂਕ ਹੈ।ਉਨ੍ਹਾਂ ਦੱਸਿਆ ਕਿ ਉਸ ਵਲੋਂ ਕੀਤੀ ਅਣਥੱਕ ਮਿਹਨਤ ਸਦਕਾ ਹੀ ਸੁਖਮੀਤ ਸਿੰਘ ਨੇ ਦੇਸ਼ ਲਈ ਸੋਨ ਤਮਗਾ ਜਿੱਤ ਕੇ ਆਪਣਾ ਸੁਪਨਾ ਪੂਰਾ ਕੀਤਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ, ਪੰਜਾਬ ਸੂਬੇ ਅਤੇ ਦੇਸ਼ ਵਾਸੀਆਂ ਲਈ ਬਹੁਤ ਹੀ ਫ਼ਖ਼ਰ ਵਾਲੀ ਗੱਲ ਹੈ ਕਿ ਏਸ਼ੀਅਨ ਖੇਡਾਂ ਦੇ ਰੋਇੰਗ ਮੁਕਾਬਲੇ ਵਿੱਚ ਜ਼ਿਲ੍ਹੇ ਦੇ 2 ਰੋਇੰਗ ਖਿਡਾਰੀਆਂ ਸਵਰਨ ਸਿੰਘ ਵਿਰਕ (ਦਲੇਲ ਵਾਲਾ) ਅਤੇ ਸ਼੍ਰੀ ਸੁਖਮੀਤ ਸਿੰਘ (ਕਿਸ਼ਨਗੜ੍ਹ ਫਰਵਾਹੀ) ਨੇ ਸੋਨ ਤਮਗਾ ਦੇਸ਼ ਦੀ ਝੋਲੀ ਵਿੱਚ ਪਾਇਆ ਹੈ।ਉਨ੍ਹਾਂ ਕਿਹਾ ਕਿ ਇਹ ਖਿਡਾਰੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਜਿਸ ਕਾਰਨ ਉਨ੍ਹਾਂ ਨੇ ਕਈ ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਰੋਇੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਉਨ੍ਹਾਂ ਉਮੀਦ ਜਤਾਈ ਕਿ ਦੋਵਾਂ ਖਿਡਾਰੀਆਂ ਤੋਂ ਜ਼ਿਲ੍ਹੇ ਦੇ ਨੌਜਵਾਨ ਪ੍ਰੇਰਣਾ ਲੈ ਕੇ ਆਪਣਾ ਭਵਿੱਖ ਰੁਸ਼ਨਾਉਣਗੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦਾ ਨਾਮ ਵਿਸ਼ਵ ਦੇ ਨਕਸ਼ੇ `ਤੇ ਉਕੇਰਨ ਵਾਲੇ ਦੋਵਾਂ ਖਿਡਾਰੀਆਂ ਦਾ ਮਾਨਸਾ ਪੁੱਜਣ `ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।
ਸਹਾਇਕ ਕਮਿਸ਼ਨਰ (ਜ) ਨਵਦੀਪ ਕੁਮਾਰ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਨੁੱਖ ਵਿੱਚ ਇੱਛਾ ਸ਼ਕਤੀ ਹੋਵੇ ਅਤੇ ਪੂਰੀ ਲਗਨ ਅਤੇ ਮਿਹਨਤ ਨਾਲ ਉਹ ਕਿਸੇ ਉਦੇਸ਼ ਵੱਲ ਤੁਰ ਪਵੇ ਤਾਂ ਮੰਜ਼ਿਲ ਨੂੰ ਸਰ ਕਰਨ ਵਿੱਚ ਕੋਈ ਵੀ ਰੁਕਾਵਟ ਨਹੀਂ ਆ ਸਕਦੀ। ਉਨ੍ਹਾਂ ਨੇ ਦੋਵਾਂ ਪਰਿਵਾਰਾਂ ਨੂੰ ਇਨ੍ਹਾਂ ਖਿਡਾਰੀਆਂ ਦੀ ਇਸ ਸਫ਼ਲਤਾ `ਤੇ ਵਧਾਈ ਦਿੱਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਗੁਰਲਾਭ ਸਿੰਘ ਮਾਹਲ, ਸਰਪੰਚ ਸ਼੍ਰੀਮਤੀ ਸਵਰਨ ਕੌਰ, ਸਵਰਨ ਸਿੰਘ ਦੇ ਭਰਾ ਲਖਵਿੰਦਰ ਸਿੰਘ ਮੌਜੂਦ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media