ਪੰਜਾਬ ਵਿਚ 5 ਸ਼ੂਟਿੰਗ ਰੇਂਜਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਤ ਕਰਨ ਲਈ ਖਰਚੇ ਜਾਣਗੇ 5.20 ਕਰੋੜ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ) – ਮਾਲ ਤੇ ਸੂਚਨਾ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸਾਰਥਿਕ ਨਤੀਜਿਆਂ ਲਈ ਖਿਡਾਰੀਆਂ ਦੀ ਟ੍ਰੇਨਿੰਗ ਲਈ ਆਰਥਿਕ ਮਦਦ ਸਮੇ ਸਿਰ ਯਕੀਨੀ ਬਣਾਵੇਗੀ, ਤਾਂ ਜੋ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਸਫਲਤਾ ਦੇ ਝੰਡੇ ਗੱਡ ਸਕਣ। ਉੁਹ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਮ੍ਰਿਤਸਰ ਰਾਈਫਲ ਕਲੱਬ ਵੱਲੋਂ ਕਰਵਾਈ ਗਈ ੧੫ਵੀਂ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਪੀਅਨਸ਼ਿਪ ਵਿਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਦਸਿਆ ਕਿ ਪੰਜਾਬ ਸਰਕਾਰ ਸ਼ੂਟਿੰਗ ਰੇਜ ਦੇ ਬੁਨਿਆਦੀ ਢਾਂਚੇ ਵਿਚ ਹੋਰ ਗੁਣਵੱਤਾ ਤੇ ਵਿਆਪਕ ਸੁਧਾਰ ਲਿਆਉਣ ਪੰਜਾਬ ਨੂੰ 5 ਖੇਤਰਾਂ ਵਿਚ ਵੰਡ ਕੇ 5 ਸ਼ੂਟਿੰਗ ਰੇਜਾਂ ਨੂੰ 5 ਕਰੋੜ 20 ਲੱਖ ਦੀ ਲਾਗਤ ਨਾਲ ਅੰਤਰਾਸ਼ਟਰ ਪੱਧਰ ਦਾ ਬਣਾਵੇਗੀ। ਉਨਾਂ੍ਹ ਦੱਸਿਆ ਕਿ ਪੰਜਾਬ ਸਰਕਾਰ ਮੁਹਾਲੀ ਵਿਚ ਲੜਕਿਆਂ ਲਈ ਅਤੇ ਬਠਿੰਡਾ ਵਿਚ ਲੜਕੀਆਂ ਲਈ ਸੂਟਿੰਗ ਵਾਸਤੇ ਸੈਂਟਰ ਫਾਰ ਐਕਸੀਲੈਂਸ ਕਾਇਮ ਕਰਨ ਜਾ ਰਹੀ ਹੈ। ਉਨਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਅੱਜ ਸਕੂਲ ਖੇਡਾਂ ਵਿਚ ਜੇਤੂ ਰਹੇ ਖਿਡਾਰੀਆਂ ਨੂੰ ਨਗਦ ਇਨਾਮ ਦੀ ਪਿਰਤ ਸ਼ੁਰੂ ਕੀਤੀ ਅਤੇ 7 ਲੱਖ ਰੁਪਏ ਤੋਂ ਵੱਧ ਦੇ ਇਨਾਮ ਖਿਡਾਰੀਆਂ ਵਿਚ ਤਕਸੀਮ ਕੀਤੇ। ਅੱਜ ਚੈਂਪੀਅਨ ਬਣੇ ਲੜਕੀ ਵਿਚ ਨਵਜੀਤ ਨਿੱਜ਼ਰ ਅਤੇ ਲੜਕਿਆਂ ਵਿਚ ਮਾਧੁਰ ਅਰੋੜਾ ਰਹੇ। ਉਹਨਾਂ ਸ਼ੂਟਿੰਗ ਲਈ ਅਤਿ ਆਧੁਨਿਕ ਹਥਿਆਰ ਅਤੇ ਸਾਜੋ ਸਾਮਾਨ ਤੇ ਜੋਰ ਦੇਦਿੰਆਂ ਕਿਹਾ ਕਿ ਸ਼ੂਟਿੰਗ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਉਲੰਪਿਕਸ ਤੇ ਅੰਤਰਰਾਸ਼ਟਰੀ ਖੇਡਾਂ ਵਿਚ ਪੰਜਾਬ ਦਾ ਭਵਿੱਖ ਬਹੁਤ ਉਜਵਲ ਹੈ।
ਚੈਂਪੀਅਨਸ਼ਿਪ ਦੋਰਾਨ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਲੋਕ ਸੰਪਰਕ ਮੰਤਰੀ ਸ. ਮਜੀਠੀਆ, ਜੋ ਕਿ ਪੰਜਾਬ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਪਿਛਲੇ ਦਿਨੀ ਗਲਾਸਗੋ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਦੇ ਨਿਸ਼ਾਨਬਾਜ ਅਭਿਨਵ ਬਿੰਦਰਾ, ਜੀਤੂ ਰਾਏ, ਅਪੂਰਵੀ ਚੰਡੇਲਾ ਤੇ ਰਾਹੀ ਸਰਨੋਬਤ ਵਲੋ ੪ ਗੋਲਡ ਮੈਡਲ ਜਿੱਤੇ ਗਏ। ਭਾਰਤੀ ਖਿਡਾਰੀਆਂ ਵਲੋ ਜਿੱਤੇ ਗਏ 64 ਮੈਡਲਾਂ ਵਿਚੋ 19 ਮੈਡਲ ਨਿਸ਼ਾਨੇਬਾਜਾਂ ਦੇ ਸਨ। ਉਨਾਂ ਅੱਗੇ ਕਿਹਾ ਕਿ 2008 ਉਲੰਪਿਕਸ ਖੇਡਾਂ ਵਿਚ ਭਾਰਤ ਨੇ ਕੁਲ 26 ਮੈਡਲ ਜਿੱਤੇ ਸਨ, ਜਿਸ ਵਿਚੋ ਨਿਸ਼ਾਨੇਬਾਜ ਅਭਿਨਵ ਬਿੰਦਰਾ ਦੇ ਗੋਲਡ ਮੈਡਲ ਸਮੇਤ ਨਿਸ਼ਾਨੇਬਾਜਾ ਨੇ 4 ਮੈਡਲ ਫੁੰਡੇ ਸਨ। ਉਨਾਂ ਕਿਹਾ ਕਿ ਅਭਿਨਵ ਬਿੰਦਰਾ, ਰਾਜਵਰਧਨ ਸਿੰਘ ਰਾਠੌਰ, ਵਿਜੇ ਕੁਮਾਰ, ਗਗਨ ਨਾਰੰਗ, ਰੰਜਨ ਸੋਢੀ, ਹਿਨਾ ਸਿੱਧੂ ਤੇ ਅੰਜਲੀ ਭਾਗਵਤ ਨਿਸ਼ਾਨੇ ਬਾਜਾਂ ਨੇ ਦੁਨਿਆ ਵਿਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਸ਼ੂਟਿੰਗ ਨੂੰ ਪ੍ਰਫੁਲਤ ਕਰਨ ਲਈ ਸਰਕਾਰ ਕੋਈ ਕਸਰ ਨਹੀਂ ਛੱਡੇਗੀ।
ਉਹਨਾਂ ਦੱਸਿਆ ਕਿ ਬਾਦਲ ਪਿੰਡ ਵਿਚ ਇਕ ਕਰੋੜ ਦੀ ਲਾਗਤ ਨਾਲ ਵਿਸ਼ਵ ਪਧਰੀ ਸ਼ੂਟਿੰਗ ਰੇਂਜ ਸਥਾਪਿਤ ਕੀਤੀ ਗਈ ਹੈ ਜੋ ਕਿ ਦੇਸ਼ ਭਰ ਵਿਚੋਂ ਨਿਵੇਕਲੀ ਹੈ। ਉਹਨਾਂ ਕਿਹਾ ਕਿ ਪੰਜਾਬ ਰਾਇਫਲ ਸ਼ੂਟਿੰਗ ਐਸੋਸੀਏਸ਼ਨ ਵੱਲਂੋ ਇਕ ਵੱਖਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਸ਼ੂਟਿੰਗ ਮੁਕਾਬਲਿਆਂ ਲਈ ਹਰ ਜਰੂਰਤ ਪੂਰੀ ਕਰੇਗੀ। ਉਹਨਾਂ ਦਸਿਆ ਕਿ ਦੱਸ ਵਿਸ਼ਵ ਪਧਰੀ ਖਿਡਾਰੀ ਜਿਨਾਂ ਵਿਚ ਰੰਜਨ ਸੋਢੀ , ਅਵਨੀਤ ਸਿੱਧੂ, ਮਾਨਵ ਸੰਧੂ ਅਤੇ ਹਰਵੀਨ ਸਰੋਆ ਨੂੰ ਪੰਜਾਬ ਸਰਕਾਰ ਵਲੋਂ ਡੀਐਸਪੀ ਬਣਾਏ ਗਏ ਹਨ।
ਸ: ਮਜੀਠੀਆ ਅਗੇ ਕਿਹਾ ਕਿ ਭਾਰਤ ਵਿਚ ਨਿਸ਼ਾਨੇ ਬਾਜੀ ਦੀ ਖੇਡ ਹਰਮਨ ਪਿਆਰੀ ਬਣ ਗਈ ਹੈ। ਜਿਸ ਦੇ ਸਿੱਟੇ ਵਜੋ ਨਾਮੀ ਉਦਯੋਗਿਕ ਘਰਾਣਿਆਂ ਪ੍ਰਾਈਵੇਟ ਕੰਪਨੀਆਂ , ਇੰਡੀਅਨ ਏਅਰ ਲਾਈਨਜ ਅਤੇ ਰੇਲਵੇ ਤੋਂ ਇਲਾਵਾ, ਭਾਰਤੀ ਫੌਜ, ਬੀਐਸਐਫ, ਪੰਜਾਬ ਪੁਲੀਸ ਅਤੇ ਸੀਆਈਐਸਐਫ ਵਿਚ ਨਿਸ਼ਾਨੇ ਬਾਜ ਚੰਗੀਆਂ ਪਦਵੀਆਂ ਹਾਸਲ ਕਰ ਰਹੇ ਹਨ।
ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁਲਤ ਕਰਨ ਸੰਬੰਧੀ ਵਿਸੇਸ਼ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਸ: ਮਜੀਠੀਆ ਨੇ ਦਸਿਆ ਕਿ ਸਰਕਾਰ 2014-15 ਦੇ ਸਲਾਨਾ ਬਜਟ ਵਿਚ ਖੇਡਾਂ ਲਈ 33 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਓਲੰਪਿਕਸ, ਏਸ਼ੀਅਨ ਅਤੇ ਕਾਮਨ ਵੈਲਥ ਖੇਡਾਂ ਵਿਚ ਮੈਡਲ ਜਿਤਣ ਵਾਲੇ ਖਿਡਾਰੀਆਂ ਲਈ 125 ਨੌਕਰੀਆਂ ਰਾਖਵੀਆਂ ਰੱਖੀਆਂ ਗਈਆਂ ਹਨ। ਅੱਜ ਕਰਵਾਈ ਗਈ 15 ਵੀਂ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਪੀਅਨਸ਼ਿਪ ਵਿਚ 16 ਵੱਖ-ਵੱਖ ਸ਼੍ਰੇਣੀਆਂ ਵਿਚ ਮੁਕਾਬਲੇ ਕਰਵਾਏ ਗਏ । ਇਸ ਵਿਚ 20 ਜਿਲਿਆਂ ਵਿਚੋ 78 ਸਕੂਲਾਂ ਦੇ 278 ਖਿਡਾਰੀਆਂ ਜਿਨਾਂ ਵਿਚ ਅੰਡਰ 15 ਅਤੇ ਅੰਡਰ 19 ਦੇ ਖਿਡਾਰੀਆਂ ਨੇ ਹਿੱਸਾ ਲਿਆ। ਪਹਿਲੇ ਸਥਾਨ ‘ਤੇ ਆਉਣ ਵਾਲੇ ਗੋਲਡ ਮੈਡਲ ਜੇਤੂ ਖਿਡਾਰੀਆਂ ਨੁੰ 21 ਹਜਾਰ ਰੁਪੈ, ਦੂਜੇ ਸਥਾਨ ‘ਤੇ ਸਿਲਵਰ ਮੈਡਲ ਜੇਤੂ ਨੁੰ 14 ਹਜਾਰ ਰੁਪੈ, ਅਤੇ ਤੀਜੇ ਸਥਾਨ ਕਾਂਸਾ ਮੈਡਲ ਜੇਤੂ ਨੂੰ ੭ ਹਜਾਰ ਰੁਪੈ ਦੇ ਇਨਾਮ ਦਿਤੇ ਗਏ। ਇਸ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦੇ ਵਰਗਾਂ ਵਿਚ ਚੈਂਪੀਅਨ ਬਣੇ ਬੱਚਿਆਂ ਨੂੰ 25-25 ਹਜਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ।ਇਸ ਮੌਕੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਰਾਜਾ ਸਿੱਧੂ ਜਨਰਲ ਸਕੱਤਰ,ਅਵਨੀਤ ਸਿੱਧੂ ਕੌਮਾਂਤਰੀ ਨਿਸ਼ਾਨੇਬਾਜ਼, ਮੇਜਰ ਸ਼ਿਵੀ, ਵੀਰਪਾਲ ਕੌਰ, ਸਾਹਿਲਜੀਤ ਸਿੰਘ ਸੰਧੂ, ਮਨਪ੍ਰੀਤ ਸਿੰਘ ਠੇਕੇਦਾਰ, ਕੇਸ਼ਵ ਕਾਲੀਆ, ਪਰਮਿੰਦਰ ਸਿੰਘ ਬਰਾੜ, ਕੈਪਟਨ ਰੰਧਾਵਾ, ਅਵਤਾਰ ਸਿੰਘ ਅਤੇ ਪ੍ਰੋ. ਸਰਚਾਂਦ ਸਿੰਘ ਵੀ ਹਾਜ਼ਰ ਸਨ।