ਅਵਤਾਰ ਸਿੰਘ ਕੈਂਥ
ਅੱਜ ਪੰਜਾਬ ਦੇ ਵਿਧਾਨ ਸਭਾ ਹਲਕਿਆ ਵਿਚ ਜਿਮਨੀ ਚੋਣਾ ਸੰਬੰਧੀ ਵੋਟਾ ਪੈਣੀਆ ਹਨ ਅਤੇ ਸਾਰੇ ਪੰਜਾਬ ਵਾਸੀਆ ਦੀਆ ਨਜਰਾਂ ਇਹਨਾਂ ਦੋਵੇ ਹੋਠ ਸੀਟਾਂ ਤੇ ਲੱਗੀਆ ਹੋਈਆ ਹਨ ਕਿਉਕਿ ਲੰਘੀਆਂ ਪਾਰਲੀਮੈਟ ਚੋਣਾਂ ਵਿਚ ਪੰਜਾਬ ਦੀਆ ਦੋਵੇ ਮੁੱਖ ਰਾਜਨੀਤਿਕ ਪਾਰਟੀਆ ਕਾਂਗਰਸ ਤੇ ਅਕਾਲੀ ਭਾਜਪਾ ਕੋਈ ਵਧਿਆ ਪ੍ਰਦਰਸਨ ਨਹੀ ਕਰ ਸਕੀ ਅਤੇ ਇਹਨਾਂ ਦੋਵੇ ਰਾਜਨੀਤਿਕ ਪਾਰਟੀਆ ਦੇ ਆਮ ਲੋਕਾਂ ਪ੍ਰਤੀ ਰਵੀਏ ਤੋ ਦੁੱਖੀ ਲੋਕਾਂ ਨੇ ਨਵੀਂ ਰਾਜਨੀਤਿਕ ਆਮ ਆਦਮੀ ਪਾਰਟੀ ਪੰਜਾਬ ਵਿਚੋ ਚਾਰ ਸੀਟਾਂ ‘ਤੇ ਜਿੱਤ ਦਿਵਾਈ ਹੁਣ ਵੇਖਣਾ ਇਹ ਹੈ ਕਿ ਲੰਘੀਆਂ ਪਾਰਲੀਮੈਟ ਚੋਣਾਂ ਦਾ ਪ੍ਰਭਾਵ ਇਹਨਾਂ ਜਿਮਨੀ ਚੋਣਾਂ ‘ਤੇ ਪੈਦਾ ਹੈ ਜਾਂ ਨਹੀ।ਸਾਲ 2012 ਦੀ ਪੰਜਾਬ ਅਸੰਬਲੀ ਚੋਣ ਵਿਚ ਕਾਂਗਰਸੀ ਉਮੀਦਵਾਰ ਵਜੋਂ ਸਫ਼ਲ ਹੋਏ ਸ: ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਵਿਧਾਇਕ ਪੱਦ ਤੋਂ ਅਸਤੀਫ਼ਾ ਦੇਕੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦੇ ਬਾਅਦ ਤਲਵੰਡੀ ਸਾਬੋ ਅਸੰਬਲੀ ਹਲਕੇ ਦੀ ੨੧ ਅਗਸਤ ਨੂੰ ਹੋ ਰਹੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਅੱਜ ਸ਼ਾਮ ਸਮਾਪਤ ਹੋ ਗਿਆ। ਇਸ ਹਲਕੇ ਦਾ ਵਿਧਾਇਕ ਬਨਣ ਦਾ ਹੱਕਦਾਰ ਕੌਣ, ਕਿਉਂ ਹੈ, ਬਾਰੇ ਜਨਤਾ ਦੀ ਕਚਿਹਰੀ ਵਿਚ ਦਲੀਲਾਂ ਦੇਣ ਦੇ ਬਾਅਦ ਵਕੀਲ ਰੂਪੀ ਰਾਜਸੀ ਆਗੂ ਆਪਣੇ ਘਰੀਂ ਪਰਤਣੇ ਸ਼ੁਰੂ ਹੋ ਗਏ, ਜਦੋਂਕਿ ਜਨਤਾ ਦੀ ਅਦਾਲਤ ਆਪਣਾ ਫ਼ੈਸਲਾ ੨੧ ਅਗਸਤ ਨੂੰ ਲਿਖੇਗੀ, ਜੋ 25 ਅਗਸਤ 2014 ਜਨਤਕ ਤੌਰ ‘ਤੇ ਸੁਣਾ ਦਿੱਤਾ ਜਾਵੇਗਾ।
ਤਲਵੰਡੀ ਸਾਬੋ ਹਲਕੇ ਦਾ ਵਿਧਾਇਕ ਬਨਣ ਦੇ ਭਾਂਵੇ 7 ਦਾਅਵੇਦਾਰ ਹਨ, ਪਰ ਇਨ੍ਹਾਂ ਵਿਚੋਂ ਚਾਰ, ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਸ: ਜੀਤ ਮਹਿੰਦਰ ਸਿੰਘ ਸਿੱਧੂ, ਕਾਂਗਰਸ-ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸ: ਹਰਮਿੰਦਰ ਸਿੰਘ ਜੱਸੀ, ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਉੱਘੇ ਗਾਇਕ ਬਲਕਾਰ ਸਿੰਘ ਸਿੱਧੂ ਵੀ ਜਨਤਾ ਦੀ ਕਚਿਹਰੀ ਵਿਚ ਆਪਣਾ ਪੱਖ਼ ਮਜ਼ਬੂਤੀ ਨਾਲ ਪੇਸ਼ ਕਰਦੇ ਰਹੇ ਹਨ।
ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਦੇ ਹੱਕ ਵਿਚ ਪਾਰਟੀ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ, ਇਸਦੇ ਸੀਨੀਅਰ ਆਗੂ ਮੁਨੀਸ਼ ਸਿਸੋਦੀਆ, ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਜਰਨੈਲ ਸਿੰਘ ਦਿੱਲੀ, ਸੁਪਰੀਮ ਕੋਰਟ ਦੇ ਵਕੀਲ ਸ: ਐਚ. ਐਸ. ਫੂਲਕਾ ਨੇ ”ਸਾਡਾ ਸੁਪਨਾ ਨਵਾਂ ਪੰਜਾਬ” ਦੇ ਨਾਅਰੇ ਹੇਠ ਵੋਟਰਾਂ ਤੱਕ ਪਹੁੰਚ ਕਰਦਿਆਂ ਸਾਰੇ ਹਲਕੇ ਵਿਚ ੧੮ ਅਤੇ ੧੯ ਅਗਸਤ ਨੂੰ ਪ੍ਰਭਾਵਸ਼ਾਲੀ ‘ਰੋਡ ਸ਼ੋਅ’ ਕੀਤੇ ਹਨ।
ਆਮ ਆਦਮੀ ਪਾਰਟੀ ਨੇ ਪਹਿਲਾਂ ਇਸ ਹਲਕੇ ਵਿਚ ਉੱਘੇ ਗਾਇਕ ਬਲਕਾਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਸੀ, ਪਰ ਬਾਅਦ ਵਿਚ ਕਈ ਦੋਸ਼ਾਂ ਨੂੰ ਆਧਾਰ ਬਣਾਕੇ ਉਸ ਦੀ ਥਾਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਉਮੀਦਵਾਰ ਬਣਾ ਦਿੱਤਾ ਗਿਆ, ਜਿਸ ਤੋਂ ਨਰਾਜ਼ ਹੋ ਕੇ ਬਲਕਾਰ ਸਿੰਘ ਸਿੱਧੂ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ, ਜਿਸਦੀ ਹਮਾਇਤ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ (ਮਾਨ) ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਦੀ ਅਪੀਲ ਕਰ ਰਿਹਾ ਹੈ, ਖੱਬੇ ਪੱਖੀ ਪਾਰਟੀਆਂ ਦੇ ਆਗੂ ਕਿਸੇ ਉਮੀਦਵਾਰ ਦੇ ਹੱਕ ਜਾਂ ਵਿਰੋਧ ਵਿਚ ਪ੍ਰਚਾਰ ਕਰਦੇ ਨਹੀਂ ਦੇਖੇ ਗਏ।
ਚੋਣ ਪ੍ਰਚਾਰ ਵਿਚ ਕਾਂਗਰਸ ਪਾਰਟੀ ਨੇ ਆਧੁਨਿਕ ਤਕਨੀਕ ਵਰਤੋਂ ਕਰਦਿਆਂ ਵੀ. ਡੀ. ਓ. ਫ਼ਿਲਮਾਂ ਜਾਰੀ ਕੀਤੀਆਂ ਹਨ, ਜਿਸ ਵਿਚ ਅਸੰਬਲੀ ੨੦੧੨ ਦੀ ਚੋਣ ਵਿਚ ਤਲਵੰਡੀ ਸਾਬੋ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਸ: ਜੀਤ ਮਹਿੰਦਰ ਸਿੰਘ ਸਿੱਧੂ ਨੂੰ ਇਕ ਜੈਟ ਹਵਾਈ ਜਹਾਜ਼ ਦੀ ਫੋਟੋ ਜਾਰੀ ਕਰਦਿਆਂ ਦਿਖਾਇਆ ਗਿਆ ਹੈ, ਜਿਸ ਵਿਚ ਉਹ ਇਸ ਜ਼ਹਾਜ਼ ਨੂੰ ਬਾਦਲ ਪਰਿਵਾਰ ਦੇ ਹੋਣ ਦਾ ਦਾਅਵਾ ਕਰਦੇ ਕਹਿ ਰਹੇ ਹਨ ਕਿ ਇਸ ਜਹਾਜ਼ ਦੀ ਕੀਮਤ ੮੦ ਏਕੜ ਜ਼ਮੀਨ ਦੇ ਬਰਾਬਰ ਹੈ, ਇਨ੍ਹਾਂ ਕੈਸਿਟਾਂ ਵਿਚ ਸ: ਜੀਤ ਮਹਿੰਦਰ ਸਿੰਘ ਸਿੱਧੂ ਬਾਦਲ ਪਰਿਵਾਰ ਵਿਰੁੱਧ ਤਿੱਖੀ ਦੂਸ਼ਣਬਾਜ਼ੀ ਕਰਦੇ ਦਿਖਾਏ ਗਏ ਹਨ।
ਕਾਂਗਰਸੀ ਆਗੂ ਭ੍ਰਿਸ਼ਟਾਚਾਰ, ਨਸ਼ਾ ਤਸਕਰੀ, ਮਹਿੰਗਾਈ, ਬੇਰੁਜ਼ਗਾਰੀ, ਪੁਲਿਸ ਜ਼ਬਰ, ਰੇਤ ਬੱਜਰੀ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ, ਲੋਕਾਂ ‘ਤੇ ਪਾਏ ਟੈਕਸਾਂ ਦਾ ਭਾਰ, ਬਿਜਲੀ ਸੰਕਟ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਦੇ ਮੁੱਦੇ ਚੁੱਕ ਕੇ, ਸ: ਜੀਤ ਮਹਿੰਦਰ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਅਤੇ ਹਲਕੇ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਨ ਦਾ ਦੋਸ਼ ਲਗਾਕੇ ਕਹਿ ਰਹੇ ਹਨ ਕਿ ਉਹ ਆਪਣੇ ਵਿਰੁੱਧ ਦਰਜ ਹੋਏ ਫੌਜਦਾਰ ਕੇਸ ਤੋਂ ਬਚਣ ਲਈ ਹੀ ਸੱਤਾਧਾਰੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ।
ਅਕਾਲੀ ਦਲ-ਭਾਜਪਾ ਦੇ ਆਗੂ ਭਾਈਚਾਰਕ ਏਕਤਾ, ਅਮਨ ਅਤੇ ਵਿਕਾਸ ਦੇ ਮੁੱਦੇ ‘ਤੇ ਚੋਣ ਲੜ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ੧੯੯੭ ਤੋਂ ਲੈ ਕੇ 2012 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਇਸ ਹਲਕੇ ਤੋਂ ਉਮੀਦਵਾਰ ਨਾ ਚੁਣੇ ਜਾਣ ਕਰਕੇ ਹੀ ਇਹ ਹਲਕਾ ਵਿਕਾਸ ਪੱਖ਼ ਤੋਂ ਪਛੜਿਆ ਹੈ। ਇਸ ਸਮੇਂ ਕੇਂਦਰ ਅਤੇ ਪੰਜਾਬ ਵਿਚ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਸੱਤਾ ਵਿਚ ਹੈ, ਜੋ ਇਲਾਕੇ ਦਾ ਵਿਕਾਸ ਕਰਵਾ ਸਕਦੇ ਹਨ।
ਮੁੱਖ ਮੰਤਰੀ ਸ: ਬਾਦਲ ਤੇ ਹੋਰ ਆਗੂਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਮੁੱਦੇ ਨੂੰ ਖੂਬ ਉਛਾਲਕੇ ਦੋਸ਼ ਲਾ ਰਹੇ ਹਨ ਕਿ ਕਾਂਗਰਸ ਦੇ ਆਗੂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਬਾਜ ਨਹੀਂ ਆ ਰਹੇ। ਉਹ ਕਾਂਗਰਸ ਦੇ ਰਾਜ ਵਿਚ ਸਿੱਖਾਂ ਅਤੇ ਪੰਜਾਬ ਨਾਲ ਹੋਈਆਂ ਵਧੀਕੀਆਂ ਦਾ ਜ਼ਿਕਰ ਵਾਰ ਵਾਰ ਕਰਦੇ ਹਨ ਅਤੇ ਪੰਜਾਬ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸੋਕਾ ਆਰਥਿਕ ਪੈਕੇਜ ਅਤੇ ਵੱਡੇ ਉਦਯੋਗ ਲਿਆਉਣ ਦੇ ਵਾਅਦੇ ਕਰਕੇ ਤਲਵੰਡੀ ਸਾਬੋ ਨੂੰ ਆਉਂਦੇ ੨ ਸਾਲਾਂ ਵਿਚ ਨਮੂਨੇ ਦਾ ਹਲਕਾ ਬਣਾਉਣ ਦਾ ਦਾਅਵਾ ਕਰਦੇ ਹਨ।
ਮੁਲਾਜ਼ਮ ਮਜ਼ਦੂਰ ਜਥੇਬੰਦੀਆਂ, ਬੇਰੁਜ਼ਗਾਰ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਰੋਸ ਵਿਖਾਵੇ ਕਰਕੇ ਇਸ ਹਲਕੇ ਦੀ ਰਾਜਨੀਤੀ ਨੂੰ ਗਰਮ ਕਰ ਰੱਖਿਆ ਹੈ, ਉਨ੍ਹਾਂ ਦੀਆਂ ਪੁਲਿਸ ਨਾਲ ਹਰ ਰੋਜ਼ ਝੜਪਾਂ ਹੋ ਰਹੀਆਂ ਹਨ, ਜਿਸ ਦਾ ਵਿਰੋਧੀ ਧਿਰਾਂ ਲਾਭ ਲੈਣ ਦਾ ਯਤਨ ਕਰ ਰਹੀਆਂ ਹਨ।
ਅਜ਼ਾਦ ਉਮੀਦਵਾਰ ਵਜੋਂ ਸ: ਬਲਕਾਰ ਸਿੰਘ ਸਿੱਧੂ ਦੋਸ਼ ਲਾ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ ਦੇ ਪਰਿਵਾਰ ਦਾ ਪਿਛੋਕੜ ਅੱਤਵਾਦ ਨਾਲ ਰਿਹਾ ਹੈ।ਆਮ ਆਦਮੀ ਪਾਰਟੀ ਦੇ ਆਗੂ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਅਮਨ ਕਾਨੂੰਨ ਦੀ ਮਾੜੀ ਹਾਲਤ ਦੇ ਮੁੱਦੇ ਚੁੱਕ ਰਹੇ ਹਨ, ਆਪਣੀ ੪੯ ਦਿਨਾਂ ਦੀ ਦਿੱਲੀ ਸਰਕਾਰ ਵੱਲੋਂ ਜਨਤਕ ਭਲਾਈ ਲਈ ਕੀਤੇ ਕੰਮਾਂ ਦਾ ਉਲੇਖ ਕਰਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸ: ਜੀਤ ਮਹਿੰਦਰ ਸਿੱਧੂ ਵੱਲੋਂ ਕੀਤੀ ਗਈ ਦਲ ਬਦਲੀ ਨੂੰ ਵੋਟਰ ਪਸੰਦ ਨਹੀਂ ਕਰ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਜਿਨ੍ਹਾਂ ਨਾਲ ਉਸ ਦਾ ਰਾਜਨੀਤਿਕ ਵਿਰੋਧ ਰਿਹਾ ਹੈ, ਵੀ ਸ: ਜੀਤ ਮਹਿੰਦਰ ਸਿੰਘ ਸਿੱਧੂ ਨੂੰ ਪਾਰਟੀ ਦਾ ਉਮੀਦਵਾਰ ਬਣਾਉਣ ‘ਤੇ ਖੁਸ਼ ਨਹੀਂ ਜਾਪਦੇ, ਪਰ ਕਾਂਗਰਸ ਪਾਰਟੀ ਵਿਚ ਧੜੇਬੰਦੀ ਕਰਕੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਜਿਨ੍ਹਾਂ ਦਾ ਇਸ ਇਲਾਕੇ ਵਿਚ ਨਿੱਜੀ ਜਨਤਕ ਆਧਾਰ ਹੈ ਵੱਲੋਂ ਚੋਣ ਪ੍ਰਚਾਰ ਵਿਚ ਹਿੱਸਾ ਨਾ ਲੈਣ ਕਰਕੇ ਸ: ਜੱਸੀ ਦੀ ਚੋਣ ਮੁਹਿੰਮ ਬਹੁਤ ਪ੍ਰਭਾਵਿਤ ਹੋਈ ਹੈ। ਬੇਸ਼ੱਕ ਡੇਰਾ ਸਿਰਸਾ ਦੀ ਸ: ਜੱਸੀ ਨੂੰ ਹਮਾਇਤ ਮਿਲੀ ਹੈ, ਜਿਸ ‘ਤੇ ਉਸ ਦੀ ਵੱਡੀ ਟੇਕ ਹੈ, ਪਰ ਡੇਰਾ ਸਿਰਸਾ ਅਤੇ ਸਿੱਖ ਪੰਥ ਵਿਚਾਲੇ ਗੰਭੀਰ ਵਿਵਾਦ ਚੱਲ ਰਿਹਾ ਹੈ, ਇਸ ਦਾ ਨੁਕਸਾਨ ਵੀ ਕਾਂਗਰਸੀ ਉਮੀਦਵਾਰ ਸ: ਜੱਸੀ ਨੂੰ ਝੱਲਣਾ ਪੈ ਸਕਦਾ ਹੈ। ਜੋ ਡੇਰਾ ਸਿਰਸਾ ਮੁੱਖੀ ਦੇ ਕੁੜਮ ਹਨ।
ਪੰਜਾਬ ਦੀ ਅਕਾਲੀ ਭਾਜਪਾ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਅਤੇ ਮਹਿੰਗਾਈ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਤੇ ਟੈਕਸਾਂ ਦੀ ਮਾਰ ਤੋਂ ਤੰਗ ਵੋਟਰ ਅਕਾਲੀ ਦਲ ਦੇ ਉਮੀਦਵਾਰ ਦਾ ਵਿਰੋਧ ਕਰ ਸਕਦੇ ਹਨ, ਪਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਸ ਨਰਾਜ਼ ਵੋਟ ਦਾ ਵੱਡਾ ਹਿੱਸਾ ਆਪਣੇ ਵੱਲ ਖਿੱਚ ਸਕਦਾ ਹੈ, ਇਸ ਵੋਟ ਦੇ ਵੰਡੇ ਜਾਣ ਕਰਕੇ ਇਸ ਦਾ ਸਿੱਧਾ ਲਾਭ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲ ਸਕਦਾ ਹੈ।ਆਮ ਆਦਮੀ ਪਾਰਟੀ ਵਿਚ ਪੈਦਾ ਹੋਈ ਧੜੇਬੰਦੀ ਅਤੇ ਇਸ ਦੇ ਉਮੀਦਵਾਰ ਦਾ ਸਬੰਧ ਅੱਤਵਾਦ ਪਿਛੋਕੜ ਵਾਲੇ ਪਰਿਵਾਰ ਨਾਲ ਹੋਣ ਕਰਕੇ ਹਿੰਦੂ ਅਤੇ ਅੱਤਵਾਦ ਤੋਂ ਪੀੜ੍ਹਤ ਵੋਟਰ ਉਸ ਤੋਂ ਦੂਰ ਸਕਦੇ ਹਨ, ਪਰ ਰਾਜ ਅਤੇ ਕੇਂਦਰ ਵਿਚ ਅਕਾਲੀ-ਭਾਜਪਾ ਸਰਕਾਰ ਹੋਣ ਦਾ ਲਾਭ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮਿਲਣ ਦੀ ਸੰਭਾਵਨਾ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਇਸ ਹਲਕੇ ਤੋਂ ੫ਵੀਂ ਵਾਰ ਅਤੇ ਕਾਂਗਰਸ ਦੇ ਉਮੀਦਵਾਰ ਸ: ਹਰਮਿੰਦਰ ਸਿੰਘ ਜੱਸੀ ਚੌਥੀ ਵਾਰ ਚੋਣ ਲੜ ਰਿਹਾ ਹੈ। ਜੀਤ ਮਹਿੰਦਰ ਸਿੱਧੂ ਤਿੰਨ ਵਾਰ ਅਤੇ ਸ: ਜੱਸੀ ਇਸ ਹਲਕੇ ਦੇ ਦੋ ਵਾਰ ਵਿਧਾਇਕ ਰਹਿਣ ਕਰਕੇ ਇਸ ਹਲਕੇ ਦੇ ਲੋਕਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ। ਦੋਹਾਂ ਧਿਰਾਂ ਵੱਲੋਂ ਕਾਲੇ ਧਨ ਦੀ ਵਰਤੋਂ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਪਰ ਇਸ ਚੋਣ ਦਾ ਚੰਗਾ ਪੱਖ਼ ਇਹ ਹੈ ਕਿ ਇਸ ਵਾਰ ਕਿਸੇ ਵੀ ਧਿਰ ਵੱਲੋਂ ਹਲਕੇ ਵਿਚ ਨਸ਼ਿਆਂ ਦੀ ਵੰਡ ਕਰਨ ਦੀ ਕੋਈ ਰਿਪੋਰਟ ਨਹੀਂ ਹੈ।
Check Also
ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ
ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ …