48 ਸਾਲ ਬਾਅਦ ਅਰਪਿੰਦਰ ਸਿੰਘ ਨੇ ਦੇਸ਼ ਨਾ ਨਾਮ ਕੀਤਾ ਰੌਸ਼ਨ – ਸੰਘਾ
ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ
ਸਿੰਘ ਪਿੰਡ ਉਚਾ ਕਿੱਲਾ ਨੇੜੇ ਹਰਸ਼ਾ ਛੀਨਾ ਦੇ ਜੰਮਪਲ ਅਤੇ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੇ ਅਰਪਿੰਦਰ ਸਿੰਘ ਦੇ ਘਰ ਵਧਾਈ ਦੇਣ ਲਈ ਪਹੁੰਚੇ।ਅਰਪਿੰਦਰ ਸਿੰਘ ਦੇ ਪਿਤਾ ਜਗਬੀਰ ਸਿੰਘ, ਮਾਤਾ ਹਰਮੀਤ ਕੌਰ, ਭਰਾ ਜਗਰੂਪ ਸਿੰਘ ਅਤੇ ਭੈਣ, ਭਤੀਜਿਆਂ ਨੂੰ ਵਧਾਈ ਦਿੰਦੇ ਸੰਘਾ ਨੇ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ 1970 ਤੋਂ ਬਾਅਦ ਜੇਕਰ ਕਿਸੇ ਅਥਲੀਟ ਨੇ ਤੀਹਰੀ ਛਾਲ (ਟਿ੍ਰਪਲ ਜੰਪ) ਵਿਚ ਸੋਨ ਤਗਮਾ ਜਿੱਤਿਆ ਹੈ ਤਾਂ ਉਹ ਸਾਡੇ ਜਿਲ੍ਹੇ ਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਗਿੱਲ ਨੇ ਏਸ਼ੀਅਨ ਖੇਡਾਂ ਵਿਚ ਭਾਗ ਲੈਂਦੇ ਤੀਹਰੀ ਛਾਲ ਵਿਚ ਭਾਰਤ ਲਈ ਸੋਨੇ ਦਾ ਤਗਮਾ ਜਿੱਤਿਆ ਸੀ, ਸੋ ਅੱਜ 48 ਸਾਲ ਬਾਅਦ ਭਾਰਤ ਨੂੰ ਇਸ ਖੇਡ ਵਿਚ ਕਾਮਯਾਬੀ ਮਿਲੀ ਹੈ।ਉਨਾਂ ਆਸ ਪ੍ਰਗਟਾਈ ਕਿ ਅਰਪਿੰਦਰ ਦੀ ਇਸ ਪ੍ਰਾਪਤੀ ਨਾਲ ਸਾਡੇ ਜਿਲ੍ਹੇ ਦੇ ਹੋਰ ਅਥਲੀਟਾਂ ਦੇ ਵੀ ਹੌਸਲੇ ਵੱਧਣਗੇ ਅਤੇ ਉਹ ਪ੍ਰੇਰਨਾ ਸਰੋਤ ਬਣਕੇ ਖਿੱਤੇ ਵਿਚ ਅਥਲੈਟਿਕਸ ਦਾ ਮਾਹੌਲ ਪੈਦਾ ਕਰਨ ਵਿਚ ਕਾਮਯਾਬ ਹੋਵੇਗਾ।
ਸੰਘਾ ਨੇ ਪ੍ਰੈਸ ਦੇ ਸਵਾਲਾਂ ਦਾ ਜਵਾਬ ਦਿੰਦੇ ਕਿਹਾ ਕਿ ਅਰਪਿੰਦਰ ਦਾ ਹਰਿਆਣਾ ਜਾਂ ਪੰਜਾਬ ਵੱਲੋਂ ਖੇਡਣਾ ਕੋਈ ਮਾਅਨੇ ਨਹੀਂ ਰੱਖਦਾ, ਕਿਉਂਕਿ ਉਸ ਨੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ, ਨਾ ਕਿ ਕਿਸੇ ਸੂਬੇ ਜਾਂ ਜਿਲ੍ਹੇ ਦੀ। ਉਨਾਂ ਕਿਹਾ ਕਿ ਕਿਸੇ ਵੀ ਖਿਡਾਰੀ ਨੇ ਉਥੇ ਹੀ ਤਿਆਰੀ ਕਰਨੀ ਹੁੰਦੀ ਹੈ, ਜਿਥੇ ਉਸ ਨੂੰ ਚੰਗਾ ਕੋਚ, ਵਧੀਆ ਵਾਤਾਵਰਣ ਤੇ ਚੰਗਾ ਮਾਹੌਲ ਮਿਲੇ।ਸੰਘਾ ਨੇ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਅਤੇ ਸਾਡਾ ਸਾਰਿਆਂ ਦਾ ਸਿਰ ਅਰਪਿੰਦਰ ਸਿੰਘ ਦੀ ਪ੍ਰਾਪਤੀ ਨਾਲ ਫ਼ਖਰ ਨਾਲ ਉਚਾ ਹੋਇਆ ਹੈ ਅਤੇ ਅਸੀਂ ਉਸ ਦਾ ਜਿਲ੍ਹੇ ਵਿਚ ਆਉਣ ’ਤੇ ਗਰਮਜੋਸ਼ੀ ਨਾਲ ਸਵਾਗਤ ਕਰਾਂਗੇ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਵਧਾਈਆਂ ਕਬੂਲਦੇ ਅਰਪਿੰਦਰ ਸਿੰਘ ਦੇ ਪਿਤਾ ਜਗਬੀਰ ਸਿੰਘ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਕੋਈ ਰੋਸ ਨਹੀਂ, ਕਿ ਉਹ ਕਿਥੋਂ ਖੇਡਿਆ, ਬਲਕਿ ਖੁਸ਼ੀ ਹੈ ਕਿ ਉਹ ਭਾਰਤ ਲਈ ਖੇਡਿਆ ਤੇ ਜਿੱਤਿਆ। ਮਾਤਾ ਹਰਮੀਤ ਕੌਰ ਨੇ ਵੀ ਇਸ ਪ੍ਰਾਪਤੀ ਦਾ ਸਿਹਰਾ ਵਾਹਿਗੁਰੂ ਦੀ ਕ੍ਰਿਪਾ ਤੇ ਅਰਪਿੰਦਰ ਦੀ ਮਿਹਨਤ ਨੂੰ ਦਿੰਦੇ ਕਿਹਾ ਕਿ ਸਾਰੇ ਪਿੰਡ ਨੂੰ ਅਰਪਿੰਦਰ ਦੀ ਪ੍ਰਾਪਤੀ ’ਤੇ ਮਾਣ ਹੈ ਅਤੇ ਬੀਤੀ ਰਾਤ ਤੋਂ ਹੀ ਸਾਡੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ ਰਿਆੜ ਵੀ ਪਰਿਵਾਰ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਪਰਿਵਾਰ ਨਾਲ ਇਹ ਖੁਸ਼ੀ ਸਾਂਝੀ ਕੀਤੀ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media