Thursday, April 16, 2026

ਪਰਕਸ ਵਲੋਂ ਡਾ. ਅਮਰਜੀਤ ਸਿੰਘ ਗੋਰਕੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

Dr Amarjit Singh Gorkiਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ਅੰਮ੍ਰਿਤਸਰ (ਪਰਕਸ) ਨੇ ਡਾ. ਅਮਰਜੀਤ ਸਿੰਘ ਗੋਰਕੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਅੱਜ ਜਾਰੀ ਇੱਕ ਸਾਂਝੇ ਬਿਆਨ `ਚ ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਪ੍ਰਬੰਧਕੀ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਕੱਤਰ ਗੁਰਮੀਤ ਪਲਾਹੀ ਨੇ ਕਿਹਾ ਕਿ ਉਹ ਬਹੁਤ ਹੀ ਸੁਹਿਰਦ, ਮਿਲਣਸਾਰ ਅਤੇ ਸਾਹਿਤ ਨੂੰ ਸਮਰਪਿਤ ਸਖਸ਼ੀਅਤ ਦਾ ਨਾਂ ਪੰਜਾਬੀ ਦੇ ਪਹਿਲੀ ਪੀੜ੍ਹੀ ਦੇ ਲੇਖਕਾਂ /ਅਧਿਆਪਕਾਂ ਵਿਚ ਆਉਂਦਾ ਹੈ।ਉਨ੍ਹਾਂ ਨੇ ਕੋਈ 36 ਸਾਲ ਪੰਜਾਬ ਦੇ ਵੱਖ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਧਿਆਪਨ ਦਾ ਕਾਰਜ਼ ਕੀਤਾ।ਅਧਿਆਪਨ ਦੇ ਨਾਲ-ਨਾਲ ਪੰਜਾਬੀ ਸਾਹਿਤ ਦੇ ਇਤਿਹਾਸ, ਪੰਜਾਬੀ ਨਾਟਕ ਅਤੇ ਪੰਜਾਬੀ ਗਲਪ ਬਾਰੇ ਚੋਟੀ ਦੀਆਂ ਖੋਜ/ਆਲੋਚਨਾਤਮਿਕ ਪੁਸਤਕਾਂ ਦੀ ਸਿਰਜਨਾ ਕੀਤੀ।ਉਨ੍ਹਾਂ ਅੱਧੀ ਦਰਜਨ ਦੇ ਕਰੀਬ ਪੀਐਚ.ਡੀ ਅਤੇ ਦੋ ਦਰਜਨ ਦੇ ਕਰੀਬ ਐਮ.ਫ਼ਿਲ. ਦੇ ਖੋਜਾਰਥੀਆਂ ਦੀ ਅਗਵਾਈ ਕੀਤੀ।ਉਹ ਆਪਣੇ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਬਹੁਤ ਹਰਮਨ ਪਿਆਰੇ ਸਨ।
    ਗੁਰੂ ਨਾਨਕ ਯੂਨੀਵਰਸਿਟੀ ਵਿਚੋਂ ਸੇਵਾ-ਮੁਕਤੀ ਤੋਂ ਪਿਛੋਂ ਉਨ੍ਹਾਂ ਨੇ ਪੰਜਾਬੀ ਗਲਪ ਅਤੇ ਕਵਿਤਾ ਦੇ ਖੇਤਰ `ਚ ਢੇਰ ਸਾਰੀ ਰਚਨਾ ਕੀਤੀ।ਇਹ ਸਾਹਿਤ ਰਚਨਾ ਗਿਣਤੀ ਦੇ ਨਾਲ ਨਾਲ ਗੁਣਾਤਮਿਕ ਪੱਖ ਤੋਂ ਵੀ ਉਚੇਰੇ ਪੱਧਰ ਦੀ ਸੀ। ਖੋਜ ਅਤੇ ਆਲੋਚਨਾ ਤੋਂ ਇਲਾਵਾ ਉਨ੍ਹਾਂ ਤਿੰਨ ਦਰਜਨ ਤੋਂ ਵੱਧ ਨਾਵਲਾਂ, ਚਾਰ ਕਹਾਣੀ ਸੰਗ੍ਰਹਿਆਂ, ਚਾਰ ਵਾਰਤਕ ਰਚਨਾਵਾਂ ਅਤੇ ਤਿੰਨ ਕਾਵਿ ਸੰਗ੍ਰਿਹਾਂ ਦੀ ਪ੍ਰਕਾਸ਼ਨਾ ਕਰਵਾਈ।ਉਨ੍ਹਾਂ ਦੀਆਂ ਕੁੱਝ ਰਚਨਾਵਾਂ ਹਾਲੇ ਵੀ ਪ੍ਰਕਾਸ਼ਨ ਦੀ ਉਡੀਕ `ਚ ਹਨ।ਆਪਣੀ ਸਿਹਤ ਦੇ ਨਾਖੁਸਗਵਾਰ ਹੋਣ ਦੇ ਬਾਵਜ਼ੂਦ ਉਹ ਆਪਣੇ ਅੰਤਲੇ ਸੁਆਸਾਂ ਤਕ ਸਾਹਿਤ ਸਿਰਜਨਾ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਹੋਏ ਸਨ ।
     ਉਨ੍ਹਾਂ ਦੀਆਂ ਬਹੁਤ ਹਰਮਨ ਪਿਆਰੀਆਂ ਰਚਨਾਵਾਂ ਵਿੱਚ ਮਸ਼ੀਨ ਵਾਲੇ ਨਾਵਲ 6 ਭਾਗਾਂ ਵਿਚ ਹੈ, ਜੋ ਦੋ ਵਾਰ ਪ੍ਰਕਾਸ਼ਿਤ ਹੋਇਆ ਹੈ।ਇਸ ਨਾਵਲ ਉਤੇ  ਸੈਮੀਨਾਰ ਹੋਏ ਅਤੇ ਐਮ. ਫ਼ਿਲ ਤੇ ਪੀਐਚ.ਡੀ ਪੱਧਰ ਦੀ ਖੋਜ ਵੀ ਹੋਈ।ਇਸ ਤੋਂ ਇਲਾਵਾ ਗਰਬ ਗੁਮਾਨ, ਸੰਤਾ ਭੈਣੀ ਕਾ, ਹਰਨਮ ਹੀਰਾ, ਗੁਰੂ ਕਾ ਬੰਦਾ, ਪੀਡੀ ਪਾਈਂ ਗੰਢ, ਅਣਜਿੱਤੀ ਲੰਕਾ ਦੇ ਰਾਮ, ਸੱਤ ਦਿਨ ਸੱਤ ਰੰਗ, ਭੱਥੇ ਵਿਚਲੇ ਤੀਰ, ਸੁਰਜਨ ਮਿਸਤਰਾ, ਨੀਲ ਰੰਗਾ ਗਿੱਦੜ, ਗਰੀਬੀ ਗਦਾ ਹਮਾਰੀ, ਇਕ ਕਮਜੋਰ ਬੰਦਾ, ਸ਼ਿਮਲੇ ਦੀ ਮਾਲ ਰੋਡ, ਅਮਰੀਕਾ ਵਿਚ ਇੱਕ ਮਾਸੂਮ ਕੁੜੀ, ਗੋਰਾ ਗੁਆਂਢੀ ਜਾਰਜ, ਦੋ ਵਤਨਾਂ ਵਾਲੇ, ਦੇਸ਼ ਨਿਕਾਲਾ, ਖਤਰੇ ਮੇ ਕਲਚਰ ਦਾ ਦਸਤਾਵੇਜ, ਨਰਕਵਾਸ, ਆਸ ਪਿਆਸੀ, ਆਸ ਨਿਰਾਸੀ, ਚੱਲ ਖੁਸਰੋ ਘਰ ਆਪਣੇ, ਜਿਥੇ ਗਈਆਂ ਬੇੜੀਆਂ, ਪੁਲਾਂ ਹੇਠੋਂ ਲੰਘਿਆ ਪਾਣੀ, ਬ੍ਰਹਮ ਆਸ਼ਰਮ, ਪਿਤਾਮਾ ਦੀ ਮੌਤ ,ਤਿੰਨ ਜਣੀਆਂ, ਸੀ.ਆਈ.ਡੀ ਦਾ ਬੰਦਾ, ਪਛਤਾਵੇ ਤੋਂ ਪਛਤਾਵੇ ਤੱਕ, ਇਹ ਕੇਹਾ ਪਛਤਾਵਾ, ਤਿ੍ਰਖਾ ਨਾ ਉਤਰੇ, ਇਕ ਭਰੂਣ ਦੀ ਵਿੱਥਿਆ, ਇਹ ਕਿਹੇ ਸੁਫਨੇ, ਕਿਓਂ ਗਇਓਂ ਪਰਦੇਸ ਆਦਿ ਨਾਵਲ ਅਤੇ ਰੁੱਝੇ ਹੋਏ ਆਦਮੀ, ਦੇਵੀ ਆਸਰਮ   ਆਦਿ ਕਹਾਣੀ ਸੰਗ੍ਰਹਿ ਅਤੇ ਚੱਲੋ ਅਮਰੀਕਾ ਚਲੋ, ਅੰਧਾ ਆਗੂ ਜੇ ਥੀਐ, ਪਾਣੀ ਅੰਦਰ ਲੀਕ (ਵਾਰਤਕ) ਆਦਿ ਪੁਸਤਕਾਂ ਪਾਠਕਾਂ ਵਿੱਚ ਬਹੁਤ ਮਕਬੂਲ ਹੋਈਆਂ ।
ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬੀ ਜਗਤ ਨੂੰ ਕਦੇ ਨਾ ਪੂਰਾ ਕੀਤਾ ਜਾਣਾ ਵਾਲਾ ਘਾਟਾ ਪਿਆ ਹੈ ਤੇ ਪੰਜਾਬੀ ਸਾਹਿਤ ਜਗਤ ਇੱਕ ਵਿਦਵਾਨ ਤੋਂ ਵਾਂਝਾ ਹੋ ਗਿਆ ਹੈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply