ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਜੰਡਾਲੀ ਸਾਹਿਬ ਕੋਟਸ਼ਮੀਰ ‘ਤੇ ਕਬਜ਼ਾ

ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ)- ਪਿਛਲੇ ਕਈ ਸਾਲਾਂ ਤੋਂ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਤੇ ਸੌਦਾ ਸਾਧ ਨਾਲ ਟੱਕਰ ਲੈਣ ਵਾਲੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਅੱਜ ਰਾਤ ਦੇ ਸਮੇਂ ਸਾਥੀਆਂ ਸਮੇਤ ਫਰੀਦਕੋਟ ਦੀ ਪੁਲਿਸ ਵਲੋਂ ਚੁੱਕ ਕੇ ਅਨਜਾਣੀ ਜਗ੍ਹਾ ਰੂਪੋਸ਼ ਕੀਤਾ ਗਿਆ। ਸਿੱਖ ਸੰਗਤ ਸਮਾਜ ਦੇ ਉੱਘੇ ਆਗੂ ਅਤੇ ਪੰਥਕ ਸੇਵਾ ਲਹਿਰ ਦੇ ਮੁੱਖੀ, ਨਵਨਿਯੁੱਕਤ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਉਸ ਦੇ ਇਕ ਦਰਜਨ ਦੇ ਕਰੀਬ ਸੇਵਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ੳਨ੍ਹਾਂ ਦੇ ਅਸਲਾ ਲਾਇਸੰਸੀ ਹਥਿਆਰ ਅਤੇ ਗੱਡੀਆਂ ਨੂੰ ਕਬਜ਼ੇ ਵਿਚ ਲੈ ਲਿਆ।ਸਮਝਿਆ ਜਾਂਦਾ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਥਾਣੇ ਵਿਚ ਦਰਜ ਇਕ ਕੇਸ ਦੇ ਸਬੰਧ ਵਿਚ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਹੈ।ਬਠਿੰਡਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।ਅਧਿਕਾਰੀਆਂ ਅਨੁਸਾਰ ਫਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਥਾਣੇ ਵਿਚ ਸੰਤ ਬਲਜੀਤ ਸਿੰਘ ਦੇ ਖਿਲਾਫ਼ ਫੌਜਦਾਰੀ ਕੇਸ ਦਰਜ ਸੀ, ਹੋ ਸਕਦਾ ਹੈ, ਉਥੋਂ ਦੀ ਪੁਲਿਸ ਨੇ ਉਸ ਕੇਸ ਵਿਚ ਉਨ੍ਹਾਂ ਅਤੇ ਉਨ੍ਹਾਂ ਦੇ ਸੇਵਕਾਂ ਨੂੰ ਹਿਰਾਸਤ ਵਿਚ ਲਿਆ ਹੋਵੇ, ਬਠਿੰਡਾ ਜ਼ਿਲ੍ਹਾ ਪੁਲਿਸ ਦੀ ਇਸ ਮਾਮਲੇ ਵਿਚ ਕੋਈ ਭੂਮਿਕਾ ਨਹੀਂ ਹੈ।
ਪੰਜਾਬ ਪੁਲਿਸ ਵਲੋਂ 7 ਅਗਸਤ 2014 ਨੂੰ ਜੋ ਬਾਜਾਖਾਨਾ ਫਰੀਦਕੋਟ ਵਿਚ 16 ਮਾਰਚ 2009 ਨੂੰ ਡੇਰਾ ਸਿੱਖ ਵਿਵਾਦ ਵਿਚ ਦਰਜ ਹੋਇਆ ਸੀ ਉਸ ਪੰਜ ਸਾਲ ਪੁਰਾਣੇ ਕੇਸ ਨੂੰ ਮੁੜ ਖੋਲ ਕੇ ਸੰਮਨ ਜਾਰੀ ਕਰਵਾ ਦਿੱਤੇ ਹਨ। ਸੰਤ ਦਾਦੂਵਾਲ ਦੀ ਗ੍ਰਿਫਤਾਰੀ ਕਾਰਨ ਪੰਥਕ ਜਥੇਬੰਦੀਆਂ ਅਤੇ ਹੋਰ ਧਾਰਮਿਕ ਸਭਾ ਸੁਸਾਇਟੀਆਂ ਦੇ ਆਗੂਆਂ ਵਲੋਂ ਇਸ ਘਟਨਾ ਦੀ ਬਹੁਤ ਭਾਰੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਤ ਦਾਦੂਵਾਲ ਨੂੰ ਗ੍ਰਿਫਤਾਰ ਕਰਨਾ ਜਾਇਜ਼ ਨਹੀ ਹੈ ਅਤੇ ਕਾਨੂੰਨੀ ਲੜਾਈ ਲੜੀ ਜਾ ਸਕਦੀ ਹੈ ਲੇਕਿਨ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਘੋਰ ਅਨਿਆਂ ਹੈ ਅਤੇ ਇਥੋਂ ਤੱਕ ਕਿ ਗੁਰਦੁਆਰਾ ਸਾਹਿਬ ਉਨ੍ਹਾਂ ਦਾ ਕੋਈ ਸੇਵਾਦਾਰ ਗ੍ਰੰਥੀ ਵੀ ਰਹਿਣ ਨਹੀ ਦਿੱਤਾ ਗਿਆ। ਜੋ ਕਿ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਹੈ। ਸਿੱਖ ਧਰਮ ਦੇ ਪ੍ਰਚਾਰਕ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੂੰ ਉਨ੍ਹਾਂ ਦੀ ਕੋਟਸ਼ਮੀਰ ਸਥਿਤ ਰਿਹਾਇਸ਼ ਗੁਰਦੁਆਰਾ ਜੰਡਾਲੀਸਰ ਤੋਂ ਅੱਜ ਸਵੇਰ 2:30 ਵਜੇ ਦੇ ਕਰੀਬ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਸੰਤ ਦਾਦੂਵਾਲ ਨਾਲ ਉਨ੍ਹਾਂ ਦੀ ਸਮੁੱਚੇ ਸੇਵਾਦਾਰ, ਗੱਡੀਆਂ ਅਤੇ ਹਥਿਆਰਾਂ ਨੂੰ ਵੀ ਪੰਜਾਬ ਪੁਲਿਸ ਆਪਣੇ ਨਾਲ ਲੈ ਗਈ।
ਤਲਵੰਡੀ ਸਾਬੋ ਚੋਣ ਕਾਰਨ ਚੁੱਪ ਬੈਠੀ ਪੰਜਾਬ ਪੁਲਿਸ ਨੇ 21 ਅਗਸਤ ਨੂੰ ਵੋਟਾਂ ਭੁਗਤਦਿਆਂ ਹੀ 22 ਦੀ ਸਵੇਰ ਸੰਤ ਦਾਦੂਵਾਲ ਨੂੰ ਜਥੇ ਸਮੇਤ ਗੁਰੂਦਵਾਰਾ ਜੰਡਾਲੀਸਰ ਵਿਚ ਜਾ ਦਬੋਚਿਆ।ਸੰਤ ਦਾਦੂਵਾਲ ਅਤੇ ਜਥੇ ਦੇ ਵਸਤਰ ਅਤੇ ਹੋਰ ਨਿੱਕ ਸੁੱਕ ਗੁਰਦੁਆਰਾ ਸਾਹਿਬ ਵਿਚ ਹੀ ਰਹਿ ਗਿਆ ਜਦੋਂ ਕਿ ਗੱਡੀਆਂ, ਹਥਿਆਰਾਂ ਅਤੇ ਹੋਰ ਜ਼ਰੂਰੀ ਸਮਾਨ ਸਮੇਤ ਗ੍ਰਿਫ਼ਤਾਰ ਕਰ ਪੰਜਾਬ ਪੁਲਿਸ ਉਨ੍ਹਾਂ ਨੂੰ ਫ਼ਰੀਦਕੋਟ ਜ਼ੇਲ੍ਹ ਲੈ ਗਈ।ਜਦੋਂ ਪੱਤਰਕਾਰਾਂ ਦੀ ਟੀਮ ਨੇ ਗੁਰਦੁਆਰਾ ਜੰਡਾਲੀਸਰ ਕੋਟਸ਼ਮੀਰ ਦਾ ਦੌਰਾ ਕੀਤਾ ਤਾਂ ਗੁਰਦੁਆਰਾ ਸਾਹਿਬ ਵਿਚ ਥਾਣਾ ਕੋਟਫੱਤਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਡੋਡ ਦੀ ਅਗਵਾਈ ਵਿਚ ਵੱਡੀ ਗਿਣਤੀ ਪੰਜਾਬ ਪੁਲਿਸ ਅਤੇ ਕਮਾਂਡੋ ਤਾਇਨਾਤ ਸੀ।ਗੁਰੂ ਘਰ ਦੇ ਅੰਦਰ ਕੁੱਝ ਅਕਾਲੀ ਆਗੂ ਅਤੇ ਵਰਕਰ ਤਾਇਤਨ ਸਨ ਜਿਨ੍ਹਾਂ ਨੂੰ ਘਟਨਾ ਸਬੰਧੀ ਪੁੱਛਣ ‘ਤੇ ਉਹ ਇਹ ਕਹਿ ਕੇ ਟਾਲ ਗਏ ਕਿ ਉਨ੍ਹਾਂ ਨੂੰ ਤਾਂ ਅੱਜ ਸਵੇਰੇ 3:30 ਵਜੇ ਪਤਾ ਲੱਗਾ ਕਿ ਸੰਤ ਦਾਦੂਵਾਲ ਗੁਰੂ ਘਰ ਵਿਚ ਨਹੀਂ ਹਨ ਤਾਂ ਉਨ੍ਹਾਂ ਗੁਰੂ ਘਰ ਦੀ ਮਰਿਯਾਦਾ ਭੰਗ ਹੋਣ ਦੇ ਡਰੋਂ ਇੱਥੇ ਪੁੱਜ ਕੇ ਸ੍ਰੀ ਸਹਿਜ ਪਾਠ ਆਰੰਭ ਕਰਵਾ ਦਿੱਤੇ ਹਨ। ਸੰਤ ਬਲਜੀਤ ਸਿੰਘ ਦਾਦੂਵਾਲ ਦੀ ਗ੍ਰਿਫ਼ਤਾਰੀ ਨਾਲ ਉਨ੍ਹਾਂ ਦੀਆਂ ਸਮਰਥੱਕ ਸਿੱਖ ਸੰਗਤਾਂ ਵਿਚ ਰੋਹ ਫੈਲ ਗਿਆ। ਖ਼ਬਰ ਲਿਖੇ ਜਾਣ ਤੱਕ ਅਮਨ ਸ਼ਾਂਤੀ ਬਣੀ ਹੋਈ ਸੀ ਅਤੇ ਉਨ੍ਹਾਂ ਦੇ ਇੱਕਾ ਦੁੱਕਾ ਸਮੱਰਥਕ ਗੁਰਦੁਆਰਾ ਸਾਹਿਬ ਵਿਚ ਆ ਜਾ ਰਹੇ ਸਨ।ਕਿਸੇ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਗੁਰਦੁਆਰੇ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਸੀ।
ਇਥੇ ਜ਼ਿਕਰਯੋਗ ਇਹ ਹੈ ਕਿ ਸੰਤ ਦਾਦੂਵਾਲੇ ਦੇ ਉਸ ਸਮੇਂ ਪੰਜ ਸਾਲਾਂ ਬਾਅਦ 16 ਮਾਰਚ 2009 ਨੂੰ ਡੇਰਾ ਸਿੱਖ ਵਿਵਾਦ ਵਿਚ ਦਰਜ ਹੋਇਆ ਸੀ ਉਸ ਵਿਚ ਸੰਮਨ ਜਾਰੀ ਕੀਤੇ ਗਏ ਜਦਕਿ ਬਠਿੰਡਾ ਦੇ 12 ਮਈ 2007 ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤ ਛਕਾਉਣ ਦੀ ਸਵਾਂਗ ਧਾਰਨ ਕਰਕੇ ਕੀਤੀ ਨਕਲ ਦੇ ਮਾਮਲੇ ਵਿਚੋਂ ਬਠਿੰਡਾ ਦੀ ਮਾਨਯੋਗ ਸੈਸ਼ਨ ਕੋਰਟ ਨੇ ਧਾਰਾ 295 ਏ ਕੇਸ ਡਿਸਮਿਸ ਕਰਕੇ ਬਰੀ ਕਰ ਦਿੱਤਾ ਗਿਆ ਸੀ।
Punjab Post Daily Online Newspaper & Print Media