ਰਾਸਾ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ
ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਕੂਲਾਂ ਦੀ ਮਾਨਤਾ ਪ੍ਰਾਪਤ ਐਫਿਲੀਏਟਿਡ ਐਸੋਸੀਏਸ਼ਨ (ਰਾਸਾ) ਵੱਲੋਂ ਸਥਾਨਕ ਵਿਰਸਾ ਵਿਹਾਰ ਕੇਂਦਰ ਵਿਖੇ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਰਾਸਾ ਨਾਲ ਸਬੰਧਤ ਸਕੂਲਾਂ ਦੇ 250 ਤੋੋਂ ਵੱਧ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਸਮਾਰੋਹ ਵਿੱਚ ਓਮ ਪ੍ਰਕਾਸ਼ ਸੋਨੀ ਸਿਖਿਆ ਤੇ ਵਾਤਾਵਰਣ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਸਨਮਾਨ ਸਮਾਰੋਹ ਦੌਰਾਨ ਬੋਲਦਿਆਂ ਸੋਨੀ ਨੇ ਕਿਹਾ ਕਿ ਸਮਾਜ ਵਿੱਚ ਸਭ ਤੋਂ ਉਚਾ ਰੁੱਤਬਾ ਅਧਿਆਪਕਾਂ ਦਾ ਹੁੰਦਾ ਹੈ ਅਤੇ ਅਧਿਆਪਕ ਹੀ ਬੱਚਿਆਂ ਦੇ ਆਉਣ ਵਾਲੇ ਭਵਿੱਖ ਦਾ ਨਿਰਮਾਣ ਕਰਦੇ ਹਨ।ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਪੜਾਉਣ।ਸੋਨੀ ਨੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰਨ।ਉਮੀਦ ਹੈ ਕਿ ਟੀਚਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪ੍ਰਤੀਬੱਧਤਾ ਨਾਲ ਬੱਚਿਆਂ ਨੂੰ ਸਿਖਿਆ ਦੇਣਗੇ।
ਸਿਖਿਆ ਮੰਤਰੀ ਨੇ ਕਿਹਾ ਕਿ ਬਾਰਡਰ ਏਰੀਏ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰ ਦਿੱਤਾ ਗਿਆ ਹੈ।ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਅਧਿਆਪਕਾਂ ਦੀ ਬਦਲੀਆਂ ਕਰ ਦਿੱਤੀਆਂ ਹਨ ਹੁਣ ਆਉਂਦੇ ਤਿੰਨ ਸਾਲਾਂ ਵਿੱਚ ਕਿਸੇ ਵੀ ਅਧਿਆਪਕ ਦੀ ਬਦਲੀ ਨਹੀਂ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਕੇਵਲ ਉਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਤੇ ਗੌਰ ਕੀਤਾ ਜਾਵੇਗਾ ਜਿਹੜੇ ਕਿਸੇ ਬਿਮਾਰੀ ਨਾਲ ਪੀੜਤ ਜਾਂ ਦਿਵਿਆਂਗ ਹੋਣਗੇ। ਸਿਖਿਆ ਮੰਤਰੀ ਨੇ ਦੱਸਿਆ ਕਿ ਕਿਸੇ ਵੀ ਸਕੂਲ ਵਿੱਚ ਨਕਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ’ਤੇ ਸਖਤੀ ਨਾਲ ਨਕੇਲ ਪਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਕਲ ਦੇ ਦੌਰਾਨ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਹੈ।ਉਨ੍ਹਾਂ ਨੇ ਸਮਾਰੋਹ ਦੌਰਾਨ ਰਾਸਾ ਦੇ ਸਕੂਲਾਂ ਕੋਲੋਂ ਪ੍ਰਣ ਲਿਆ ਕਿ ਉਹ ਆਪੋ ਆਪਣੇ ਸਕੂਲ ਵਿੱਚ ਨਕਲ ਨੂੰ ਸਖਤੀ ਨਾਲ ਰੋਕਣਗੇ।
ਸਿਖਿਆ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਪੰਜਾਬ ਨੂੰ 4 ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਸਾਰੇ ਸਿਖਿਆ ਅਧਿਕਾਰੀ ਸਰਕਾਰੀ ਸਕੂਲਾਂ ਦੀ ਚੈਕਿੰਗ ਨੂੰ ਲਗਾਤਾਰ ਜਾਰੀ ਰੱਖਣਗੇ।ਸੋਨੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਨੂੰ ਸਿਖਿਆ ਪੱਖੋਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆਂਦਾ ਜਾਵੇਗਾ ਅਤੇ ਸਾਰੇ ਸਰਕਾਰੀ ਸਕੂਲਾਂ ਦੀਆਂ ਵਧੀਆ ਇਮਾਰਤਾਂ ਅਤੇ ਸਮਾਰਟ ਕਲਾਸਾਂ, ਕੰਪਿਊਟਰ ਅਤੇ ਇੰਟਰਨੈਟ ਨਾਲ ਲੈਸ ਕੀਤਾ ਜਾਵੇਗਾ।
ਇਸ ਸਨਮਾਨ ਸਮਾਰੋਹ ਦੌਰਾਨ ਸ੍ਰੀ ਸੋਨੀ ਨੇ ਰਾਸਾ ਸਕੂਲਾਂ ਦੇ ਕਰੀਬ 250 ਅਧਿਆਪਕਾਂ ਨੂੰ ਸਨਮਾਨਤ ਕੀਤਾ। ਇਸ ਸਮਾਰੋਹ ਦੌਰਾਨ ਰਾਸਾ ਵੱਲੋਂ ਵੀ ਸ੍ਰੀ ਸੋਨੀ ਨੂੰ ਸਨਮਾਨਤ ਕੀਤਾ ਗਿਆ।ਰਾਸਾ ਦੇ ਜਨਰਲ ਸਕੱਤਰ ਕੁਲਵੰਤ ਰਾਏ ਸ਼ਰਮਾ ਨੇ ਸਕੂਲਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਸਿਖਿਆ ਮੰਤਰੀ ਨੂੰ ਜਾਣੂੰ ਕਰਵਾਇਆ।ਜਿਲ੍ਹਾ ਸਿਖਿਆ ਅਧਿਕਾਰੀ ਐਸ.ਐਸ.ਸਮਰਾ ਵੱਲੋਂ ਸਿਖਿਆ ਮੰਤਰੀ ਨੂੰ `ਜੀ ਆਇਆ` ਕਿਹਾ ਗਿਆ।
ਇਸ ਮੌਕੇ ਜਤਿੰਦਰਪਾਲ ਸਿੱਧੂ ਪ੍ਰਿੰਸੀਪਲ ਨੈਸ਼ਨਲ ਐਵਾਰਡੀ, ਕੁਲਵੰਤ ਰਾਏ ਸ਼ਰਮਾ ਜਨਰਲ ਸਕੱਤਰ ਰਾਸਾ, ਡਾ: ਰਵਿੰਦਰ ਸਿੰਘ ਮਾਨ ਪੰਜਾਬ ਪ੍ਰਧਾਨ ਰਾਸਾ, ਦਿਨੇਸ਼ ਕਪੂਰ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਰਾਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਰਾਸਾ ਦੇ ਨੁਮਾਇੰਦੇ ਹਾਜ਼ਰ ਸਨ।
Punjab Post Daily Online Newspaper & Print Media