ਨਵੀਂ ਦਿੱਲੀ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।ਪੰਥ ਪ੍ਰਸ਼ਿੱਧ ਰਾਗੀ ਤੇ ਢਾਡੀ ਜੱਥਿਆ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਢਾਡੀ ਪ੍ਰਸੰਗਾਂ, ਕਥਾਵਾਚਕ ਨੇ ਕਥਾ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਸਮੁੱਚੀ ਦੁਨੀਆਂ ਅੰਦਰ ਸਿੱਖ ਸੰਗਤਾਂ ਗੁਰੂ ਸਾਹਿਬਾਨਾਂ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਪੂਰਵਕ ਮਨਾ ਕੇ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਰਹੀਆਂ ਹਨ।ਜਿਥੌਂ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲਦੀ ਹੈ।
ਜੀ.ਕੇ ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ ਕੈਬਿਨੇਟ ’ਚ ਮਤਾ ਪਾਸ ਕਰਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਦੀ ਪ੍ਰੋੜਤਾ ਕੀਤੀ ਹੈ।ਪੰਜਾਬ ਸਰਕਾਰ ਨੂੰ ਵੀ ਜੇਲ੍ਹਾਂ ’ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਅਜਿਹੀ ਦਰਿਆਦਿਲੀ ਦਿਖਾਉਣ ਦੀ ਲੋੜ ਹੈ।ਕਿਉਂਕਿ ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਤਾਮਿਲਨਾਡੂ ਵਿਧਾਨ ਸਭਾ ਵੱਲੋਂ ਸਜਾ ਮੁਆਫੀ ਦੇ ਬੀਤੇ ਵਰ੍ਹੇ ਪਾਸ ਕੀਤੇ ਗਏ ਮਤੇ ਕਰਕੇ ਸਮੂਹ ਕੈਦੀਆਂ, ਜਿਨ੍ਹਾਂ ’ਤੇ ਟਾਡਾ ਲੱਗਿਆ ਹੈ ਜਾਂ ਸੀ.ਬੀ.ਆਈ. ਜਾਂਚ ਅਧੀਨ ਜਿਨ੍ਹਾਂ ਦਾ ਕੇਸ ਹੈ, ਉਨ੍ਹਾਂ ਦੀ ਫਿਲਹਾਲ ਰਿਹਾਈ ’ਤੇ ਰੋਕ ਲਗਾਈ ਹੋਈ ਹੈ।ਇਸ ਲਈ ਪੰਜਾਬ ਸਰਕਾਰ ਨੂੰ ਤਾਮਿਲਨਾਡੂ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਸੁਪਰੀਮ ਕੋਰਟ ਤੋਂ ਸਜਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ’ਤੇ ਲਗੀ ਰੋਕ ਨੂੰ ਹਟਾਉਣ ਵਾਸਤੇ ਕਾਰਜ ਕਰਨਾ ਚਾਹੀਦਾ ਹੈ।
ਸਿਰਸਾ ਨੇ ਵੱਖਰੇ ਮੁਲਕ ਦੀ ਮੰਗ ਸੰਬੰਧੀ ਹੋ ਰਹੀਆਂ ਗੱਲਾਂ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਦੁਨੀਆਂ ’ਚ ਵੱਸਦਾ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਹੈ।1947 ’ਚ ਦੇਸ਼ ਦੀ ਹੋਈ ਵੰਡ ਹਿੰਦੂਸਤਾਨ ਦੀ ਵੰਡ ਨਾ ਹੋ ਕੇ ਪੰਜਾਬ ਦੀ ਵੰਡ ਸੀ।ਜਿਸ ਦਾ ਸਭ ਤੋਂ ਜਿਆਦਾ ਨੁਕਸਾਨ ਸਿੱਖਾਂ ਨੂੰ ਆਪਣੀ ਜਾਨ-ਮਾਲ ਦੇ ਕੇ ਗੁਆਉਣਾ ਪਿਆ ਸੀ। ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰੰਘ ਰਾਣਾ ਨੇ ਵੀ ਆਪਣੇ ਵਿਚਾਰ ਰੱਖੇ।ਇਸ ਮੌਕੇ ਨਿਗਮ ਕੌਂਸਲਰ ਮਨੀਸ਼ ਅਗਰਵਾਲ ਦਾ ਗੁਰੂ ਘਰ ਦੇ ਕਾਰਜਾਂ ’ਚ ਸਹਿਯੋਗ ਦੇਣ ਲਈ ਸਨਮਾਨ ਕੀਤਾ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media