Sunday, March 15, 2026

ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਸੋਨੀ ਵਲੋਂ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ

ਪੁਲਿਸ ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੱਧ ਕਰੇ-ਔਜਲਾ
ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਚ ਬੀਤੇ ਦਿਨੀਂ ਹੋਈਆਂ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਚਿੰਤਤ ਸਿਹਤ ਤੇ ਵਾਤਾਵਰਣ PPN2309201811ਮੰਤਰੀ ਓ.ਪੀ ਸੋਨੀ ਨੇ ਅੱਜ ਜਿਲ੍ਹੇ ਦੇ ਸਾਰੇ ਚੁਣੇ ਹੋਏ ਪ੍ਰਤੀਨਿਧਾਂ, ਜਿੰਨਾਂ ਵਿਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਡਾ. ਰਾਜ ਕੁਮਾਰ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸੁਨੀਲ ਦੱਤੀ ਸ਼ਾਮਿਲ ਸਨ, ਨੂੰ ਨਾਲ ਲੈ ਕੇ ਜਿਲ੍ਹੇ ਪੁਲਿਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ।ਉਨਾਂ ਸਪੱਸ਼ਟ ਕੀਤਾ ਕਿ ਗੁਰੂ ਨਗਰੀ ਰਹਿਣ ਵਾਲੇ ਲੋਕਾਂ ਤੇ ਆਉਣ ਵਾਲੇ ਸ਼ਰਧਾਲੂਆਂ ਦੀ ਜਾਨ-ਮਾਲ ਦੀ ਰੱਖਿਆ ਕਰਨੀ ਪੁਲਿਸ ਦਾ ਕੰਮ ਹੈ ਅਤੇ ਇਸ ਵਿਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਉਨਾਂ ਕਿਹਾ ਕਿ ਇਸ ਢਿੱਲ-ਮੱਠ ਵਿਚ ਜੋ ਵੀ ਅਧਿਕਾਰੀ ਅਸਫਲ ਰਹਿੰਦੇ ਹਨ, ਉਨਾਂ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇਗੀ।
        ਹਾਲ ਹੀ ਵਿਚ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਾਰੇ ਗਏ ਛਾਪਿਆਂ ਦੌਰਾਨ ਲਏ ਨਮੂਨੇ ਖਰੜ ਲੈਬਾਰਟਰੀ ਭੇਜੇ ਜਾਣ ਬਾਰੇ ਬੋਲਦੇ ਸੋਨੀ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਕੋਲ ਇਹ ਜ਼ਰੂਰੀ ਮੁੱਦਾ ਉਠਾ ਕੇ ਮਾਝੇ ਵਿੱਚ ਇਕ ਨਵੀਂ ਲੈਬਾਰਟਰੀ ਬਨਾਉਣਗੇ, ਤਾਂ ਜੋ ਖੁਰਾਕੀ ਪਦਾਰਥਾਂ ਦੇ ਨਮੂਨੇ ਛੇਤੀ ਜਾਂਚੇ-ਪਰਖੇ ਜਾ ਸਕਣ।ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋਣ ਕਾਰਨ ਉਹ ਛਾਪੇਮਾਰੀ ਵਿਚ ਵੀ ਤੇਜ਼ੀ ਲਿਆਉਣ।ਪੰਜਾਬ ਸਰਕਾਰ ਵਲੋਂ ਲੋੜਵੰਦਾਂ ਨੂੰ ਦਿੱਤੀ ਜਾ ਰਹੀ ਕਣਕ ਬਾਰੇ ਖੁਰਾਕ ਵਿਭਾਗ ਦੇ ਅਧਿਕਾਰੀਆਂ ਨੂੰ ਤਾੜਨਾ ਕਰਦੇ ਸੋਨੀ ਨੇ ਕਿਹਾ ਕਿ ਕਣਕ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਇਹ ਵੀ ਕਿਹਾ ਕਿ ਉਹ ਕੱਟੇ ਹੋਏ ਕਾਰਡਾਂ ਦੀ ਦੁਬਾਰਾ ਜਾਂਚ ਕਰਕੇ ਲੋੜਵੰਦਾਂ ਦੇ ਨਵੇਂ ਕਾਰਡ ਬਨਾਉਣ।ਚੱਲ ਰਹੀ ਬਰਸਾਤ ਨੂੰ ਗੰਭੀਰਤਾ ਨਾਲ ਲੈਂਦੇ ਸੋਨੀ ਨੇ ਸੀਵਰੇਜ ਤੇ ਬਿਜਲੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਦੀ ਛੁੱਟੀ ਰੱਦ ਕਰਕੇ ਉਨਾਂ ਨੂੰ ਡਿਊਟੀ ’ਤੇ ਹਾਜ਼ਰ ਹੋਣ ਦੀ ਹਦਾਇਤ ਕਰਦੇ ਕਿਹਾ ਕਿ ਇਸ ਮੌਕੇ ਲੋਕਾਂ ਨੂੰ ਬਿਜਲੀ, ਪਾਣੀ ਤੇ ਹੋਰ ਜ਼ਰੂਰੀ ਸਹੂਲਤਾਂ ਨਿਰੰਤਰ ਦਿੱਤੀਆਂ ਜਾਣ।
          ਸੋਨੀ ਨੇ ਆ ਰਹੀ ਝੋਨੇ ਦੇ ਸੀਜ਼ਨ ਵਿਚ ਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਟੀਮਾਂ ਨੂੰ ਮੁਸ਼ਤੈਦੀ ਨਾਲ ਕੰਮ ਕਰਨ ਦੀ ਹਦਾਇਤ ਦਿੰਦੇ ਕਿਹਾ ਕਿ ਅਗਲੀ ਮੀਟਿੰਗ ਵਿਚ ਇਸ ਕੰਮ ਦੀ ਪ੍ਰਗਤੀ ਰਿਪੋਰਟ ਦੀ ਜਾਂਚ ਕੀਤੀ ਜਾਵੇਗੀ।
                ਅਧਿਕਾਰੀਆਂ ਨੂੰ ਸੰਬੋਧਨ ਕਰਦੇ ਲੋਕ ਸਭਾ ਮੈਂਬਰ ਔਜਲਾ ਨੇ ਕਿਹਾ ਕਿ ਸ਼ਹਿਰ ਵਿਚ ਅਮਨ-ਕਾਨੂੰਨ ਦੀ ਬਹਾਲੀ ਲਈ ਜ਼ਰੂਰੀ ਹੈ ਕਿ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੱਧ ਰਹਿ ਕੇ ਕੀਤਾ ਜਾਵੇ।ਉਨਾਂ ਸਰਕਾਰ ਵੱਲੋਂ ਵੰਡੀ ਜਾ ਰਹੀ ਕਣਕ ਦੀ ਗੁਣਵੱਤਾ ਅਤੇ ਕਈ ਲੋੜਵੰਦ ਪਰਿਵਾਰਾਂ ਦੀ ਬੰਦ ਹੋਈ ਬੁਢਾਪਾ ਤੇ ਵਿਧਵਾ ਪੈਨਸ਼ਨ ਦਾ ਮੁੱਦਾ ਉਠਾਉਂਦੇ ਤਰੁੰਤ ਇਸ ਨੂੰ ਹੱਲ ਕਰਨ ਦੀ ਨਸੀਹਤ ਦਿੱਤੀ। ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਇਸ ਮੌਕੇ ਜਨਤਕ ਥਾਵਾਂ ’ਤੇ ਨਾਜਾਇਜ਼ ਕਬਜ਼ੇ, ਨਾਜਾਇਜ਼ ਚੱਲਦੀਆਂ ਪਾਰਕਿੰਗਾਂ, ਟ੍ਰੈਫਿਕ ਸਮੱਸਿਆ, ਪਾਣੀ ਦੀ ਸਪਲਾਈ ਆਦਿ ਦੇ ਮੁੱਦੇ ਉਠਾਏ ਤੇ ਇੰਨਾਂ ਨੂੰ ਹੱਲ ਕਰਨ ਲਈ ਜ਼ੋਰ ਪਾਇਆ।ਇੰਦਰਬੀਰ ਸਿੰਘ ਬੁਲਾਰੀਆ ਨੇ ਮੀਟਿੰਗ ਲਈ ਕੀਤੀ ਗਈ ਪਹਿਲਕਦਮੀ ਦੀ ਸਰਹਾਨਾ ਕਰਦੇ ਕਿਹਾ ਕਿ ਅਜਿਹੀ ਮੀਟਿੰਗ ਹਰ 2 ਮਹੀਨੇ ਬਾਅਦ ਹੋਣੀ ਚਾਹੀਦੀ ਹੈ। ਵਿਧਾਇਕ ਸੁਨੀਲ ਦੱਤੀ ਨੇ ਬੀ.ਆਰ.ਟੀ.ਐਸ ਪ੍ਰਾਜੈਕਟ ਵਿਚ ਹੋ ਰਹੀ ਦੇਰੀ ਅਤੇ ਨੌਜਵਾਨਾਂ ਦੀ ਸਹੂਲਤ ਲਈ ਸਪੋਰਟਸ ਕੰਪਲੈਕਸ ਬਨਾਉਣ ਦੀ ਵਕਾਲਤ ਜ਼ੋਰਦਾਰ ਢੰਗ ਨਾਲ ਕੀਤੀ।  
              ਕਮਿਸ਼ਨਰ ਪੁਲਿਸ ਐਸ ਸ੍ਰੀਵਾਸਤਵ ਨੇ ਭਰੋਸਾ ਦਿੱਤਾ ਕਿ ਪੁਲਿਸ ਹੋਈਆਂ ਘਟਨਾਵਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਖੁਰਾਕੀ ਪਦਾਰਥਾਂ ਦੀ ਜਾਂਚ ਨਿਰੰਤਰ ਜਾਰੀ ਹੈ ਤੇ ਜਿਲ੍ਹੇ ਵਿਚ ਸਿੰਥੈਟਿਕ ਦੁੱਧ ਦਾ ਕੋਈ ਕੇਸ ਨਹੀਂ ਮਿਲਿਆ।ਉਨਾਂ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਵੀ ਟੀਮਾਂ ਕੰਮ ਕਰ ਰਹੀਆਂ ਹਨ ਤੇ ਡੇਂਗੂ ਦੇ ਲਾਰਵੇ ਤੋਂ ਸ਼ਹਿਰ ਨੂੰ ਬਚਾਉਣ ਲਈ ਸਿਹਤ ਵਿਭਾਗ ਤੇ ਨਗਰ ਨਿਗਮ ਮਿਲ ਕੇ ਕੰਮ ਕਰ ਰਹੇ ਹਨ।
ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਡਾ. ਜੁਗਲ ਕਿਸ਼ੋਰ ਸ਼ਰਮਾ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸੋਨਾਲੀ ਗਿਰੀ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਐਸ.ਡੀ.ਐਮ ਰਾਜੇਸ਼ ਸ਼ਰਮਾ, ਐਸ.ਡੀ.ਐਮ ਵਿਕਾਸ ਹੀਰਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply