ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ‘ਸਟੈਮ ਸੈੱਲ ਡੋਨਰ’ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫ਼ਾਈਨਾਂਸ ਸਕੱਤਰ ਅਤੇ ਦਿਲਬੀਰ ਫਾਊਂਡੇਸ਼ਨ ਦੇ ਚੇਅਰਮੈਨ ਗੁਨਬੀਰ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਸੈਮੀਨਾਰ ’ਚ ਕੈਂਸਰ, ਐਨੀਮੀਆ ਆਦਿ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਨੂੰ ਸਟੈਮ ਸੈਲ ਦਾਨ ਕਰਨ ਸਬੰਧੀ ਵਿਸ਼ੇਸ਼ ਮਹਿਮਾਨ ਅਰਜੁਨ ਵੀਰ ਫਾਊਂਡੇਸ਼ਨ ਤੋਂ ਜੈਸਲੀਨ ਗਰਚਾ ਨੇ ਆਪਣੇ ਕੁੰਜੀਵਤ ਭਾਸ਼ਣ ’ਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਇਸ ਤੋਂ ਪਹਿਲਾਂ ਸੈਮੀਨਾਰ ਦੀ ਸ਼ੁਰੂਆਤ ਗੁਨਬੀਰ ਸਿੰਘ, ਸ੍ਰੀਮਤੀ ਗਰਚਾ ਅਤੇ ਕਾਲਜ ਪ੍ਰਿੰਸੀਪਲ ਡਾ. ਨੀਲਮ ਹੰਸ ਵੱਲੋਂ ਸ਼ਮ੍ਹਾ ਰੌਸ਼ਨ ਕੀਤੀ ਗਈ। ਉਨ੍ਹਾਂ ਇਸ ਮੌਕੇ ਕਿਹਾ ਕਿ ਸਟੈਮ ਸੈਲ ਖੂਨਦਾਨ ਤਰ੍ਹਾਂ ਹੀ ਸਰਵਉਤਮ ਦਾਨ ਹੈ। ਉਨ੍ਹਾਂ ਕਿਹਾ ਕਿ ਸੈਲ ਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ, ਇਸ ਲਈ ਹਰੇਕ ਇਨਸਾਨ ਨੂੰ ਸੈਲ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਜਿਸ ਨਾਲ ਪ੍ਰਭਾਵਿਤ ਮਨੁੱਖ ਦੀ ਸਹਾਇਤਾ ਹੋ ਸਕੇ। 
ਸ੍ਰੀਮਤੀ ਜੈਸਲੀਨ ਨੇ ਸਟੈਮ ਸੈੱਲਾਂ ਬਾਰੇ ਦੱਸਿਆ ਕਿ ਜ਼ਿੰਦਗੀ ’ਚ ਖਤਰਨਾਕ ਖੂਨ ਦੀਆਂ ਬਿਮਾਰੀਆਂ ਤੋਂ ਬਚਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ।ਉਨ੍ਹਾਂ ਨੇ ਸੰਸਥਾ ਦੁਆਰਾ ਸਮਾਜ ’ਚ ਪਾਏ ਜਾ ਰਹੇ ਯੋਗਦਾਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਨਾਮੁਰਾਦ ਬਿਮਾਰੀਆਂ ਨਾਲ ਪੀੜ੍ਹਤ ਕਈਆਂ ਮਰੀਜ਼ਾਂ ਨੂੰ ਜੀਵਨ ਦੇਣ ਲਈ ਸੋਸਾਇਟੀ ਯਤਨ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਸਟੈਮ ਸੈਲ ਦਾਨ ਕਰਨ ਸਮੇਂ ਕੁਝ ਸਮੇਂ ਮਨੁੱਖੀ ਸਰੀਰ ’ਤੇ ਕੁਝ ਤਬਦੀਲੀਆਂ ਨਜ਼ਰ ਆਉਂਦੀਆਂ ਹਨ ਪਰ ਇਸ ਤੋਂ ਇਲਾਵਾ ਮਨੁੱਖੀ ਸਰੀਰ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਦਾ।
ਗੁਨਬੀਰ ਸਿੰਘ ਨੇ ਕਿਹਾ ਕਿ ਸਵੈ-ਇੱਛਤ ਦਾਨੀਆਂ ਦੀ ਸਮਾਜ ਨੂੰ ਸਖਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਸੈਲ ਦਾਨ ਅਜਨਬੀ ਦੇ ਬਚਾਅ ਲਈ ਇਕੋ-ਇਕ ਸੁਨਿਹਰੀ ਮੌਕਾ ਹੋ ਸਕਦਾ ਹੈ। ਉਸਨੇ ਦੱਸਿਆ ਕਿ ਭਾਰਤ ’ਚ ਹਰ 60 ਮਿੰਟ ’ਚ ਕਿਸੇ ਨੂੰ ਖੂਨ ਦੇ ਕੈਂਸਰ ਦੀ ਪਛਾਣ ਹੁੰਦੀ ਹੈ ਅਤੇ ਕਈ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦੇ ਉੱਚ ਖੁਰਾਕ ਕਾਰਨ ਨਸ਼ਟ ਸੈੱਲਾਂ ਨੂੰ ਬਦਲਣ ਲਈ ਇਕ ਖੂਨ ਦਾ ਸਟੈਮ ਸੈੱਲ ਬਦਲਣ ਦੀ ਜ਼ਰੂਰਤ ਪੈਦੀ ਰਹਿੰਦੀ ਹੈ।
ਇਸ ਮੌਕੇ ਪ੍ਰਿੰਸੀਪਲ ਡਾ. ਹੰਸ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਗਿਆਨ ’ਚ ਕੀਤੇ ਵਾਧੇ ਲਈ ਉਚੇਚੇ ਤੌਰ ’ਤੇ ਪੁੱਜੇ ਮਹਿਮਾਨਾਂ ਵੱਲੋਂ ਦਿੱਤੇ ਕੀਮਤੀ ਸਮੇਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਸੈਮੀਨਾਰ ਹਰੇਕ ਵਿੱਦਿਅਕ ਸੰਸਥਾਵਾਂ ’ਚ ਹਮੇਸ਼ਾਂ ਹੋਣੇ ਚਾਹੀਦੇ ਹਨ ਤਾਂ ਵਿਦਿਆਰਥੀਆਂ ਨੂੰ ਵਡਮੁੱਲੇ ਜੀਵਨ ਨੂੰ ਸਮਝ ਸਕਣ ਅਤੇ ਹੋਰਨਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਜਦੋਂ-ਜਹਿਦ ਕਰ ਸਕੇ।ਉਨ੍ਹਾਂ ਕਿਹਾ ਮਨੁੱਖਾ ਜਨਮ ਅਨਮੋਲ ਹੈ ਅਤੇ ਹਰ ਵਿਦਿਆਰਥੀ ਉਸਾਰੂ ਸੋਚ ਦਾ ਧਾਰਨੀ ਬਣੇ ਤਾਂ ਜੋ ਇਨਸਾਨੀ ਜ਼ਿੰਦਗੀ ਦੀ ਮਹੱਤਤਾ ਨੂੰ ਸਮਝਿਆ ਜਾ ਸਕੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media