ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਉਘੇ ਸਿੱਖ ਆਗੂ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ 3 ਅਕਤੂਬਰ ਨੂੰ ਉਨ੍ਹਾਂ ਦੇ ਜਦੀ ਪਿੰਡ ਭੁੱਚਰ ਖੁਰਦ ਵਿਖੇ ਕਰਵਾਇਆ ਜਾ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਅਹਿਮ ਰੋਲ ਅਦਾ ਕੀਤਾ ਹੈ।ਸਿੱਖ ਕੌਮ ਦੇ ਇਸ ਨਿਰਭੈ ਯੋਧੇ ਨੇ ਗੁਰਦੁਆਰਾ ਸੁਧਾਰ ਲਹਿਰ ਸਮੇਂ ਅਨੇਕਾਂ ਔਕੜਾਂ ਤੇ ਮੁਸੀਬਤਾਂ ਦਾ ਟਾਕਰਾ ਕੀਤਾ।ਅੰਗਰੇਜ ਸਰਕਾਰ ਨੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਅਤੇ ਜੇਲ੍ਹ ਵਿਚ ਸਖਤ ਤਸੀਹੇ ਦਿੰਦਿਆਂ ਡੱਕ ਛਡਿਆ।
ਬੇਦੀ ਨੇ ਦਸਿਆ ਕਿ 1920 ਵਿਚ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਕੌਮ ਨੂੰ ਅਗਵਾਈ ਦਿੰਦਿਆਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਵਿਚ ਵੱਡਾ ਹਿਸਾ ਪਾਇਆ।ਉਨ੍ਹਾਂ ਦੀ ਯਾਦ ਵਿਚ ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਗੁਰਮਤਿ ਸਮਾਗਮ ਕੀਤਾ ਜਾਂਦਾ ਹੈ।ਜਥੇਦਾਰ ਤੇਜਾ ਸਿੰਘ ਭੁੱਚਰ ਦੀ 79ਵੀਂ ਬਰਸੀ ਮੌਕੇ ਇਸ ਸਾਲ 1 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਹੋਵੇਗੀ ਅਤੇ 3 ਅਕਤੂਬਰ ਨੂੰ ਭੋਗ ਪਾਏ ਜਾਣਗੇ।ਉਪਰੰਤ ਭਾਰੀ ਦੀਵਾਨ ਸਜਾਏ ਜਾਣਗੇ ਜਿਸ ਵਿਚ ਭਾਈ ਗੁਲਜ਼ਾਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਕੀਰਤਨ ਰਾਹੀਂ ਹਾਜ਼ਰੀ ਭਰਣਗੇ ਅਤੇ ਭਾਈ ਗੁਰਵਿੰਦਰਪਾਲ ਸਿੰਘ ਬੈਂਕਾ ਕਵੀਸ਼ਰ ਜਥਾ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਗੇ।ਉਨ੍ਹਾਂ ਦੱਸਿਆ ਕਿ ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ (ਰਜਿ:) ਵੱਲੋਂ ਪ੍ਰਧਾਨ ਰਘਬੀਰ ਸਿੰਘ ਦੀ ਅਗਵਾਈ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਨ੍ਹਾਂ ਸੰਗਤਾਂ ਨੂੰ ਵੱਧ ਚੜ੍ਹ ਕੇ ਸਮਾਗਮਾਂ ਵਿਚ ਹਾਜਰ ਹੋਣ ਦੀ ਅਪੀਲ ਕੀਤੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media