ਭੀਖੀ, 27 ਸਤਬੰਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਘਰ, ਸਕੂਲ ਜਾਂ ਹੋਰਨਾਂ ਥਾਵਾਂ `ਤੇ ਬੱਚਿਆਂ ਨਾਲ ਹੋ ਰਹੇ ਜਿਸਮਾਨੀ ਤੇ ਮਾਨਸਿਕ ਸ਼ੋਸ਼ਣ, ਬਾਲ ਮਜ਼ਦੂਰੀ,
ਬਾਲ ਵਿਆਹ ਅਤੇ ਬੱਚਿਆਂ ਦੀ ਗੁੰਮਸ਼ੁਦਗੀ ਆਦਿ ਸਬੰਧੀ ਮਾਮਲਿਆਂ ਦੇ ਸਮਾਂਬੱਧ ਹੱਲ ਲਈ ਜ਼ਿਲ੍ਹੇ `ਚ ਸੁਸਾਇਟੀ ਫ਼ਾਰ ਆਲ ਰਾਊਂਡ ਡਿਵੈਲਪਮੈਂਟ (ਸਾਰਡ) ਵਲੋਂ ਸਥਾਪਤ ਕੀਤੇ ਗਏ ਚਾਈਲਡ ਕੇਅਰ ਹੈਲਪਲਾਈਨ ਨੰਬਰ-1098 ਰਾਹੀਂ ਇਸ ਸੰਸਥਾ ਦੇ ਅਧਿਕਾਰੀਆਂ ਨੇ ਕਈ ਅਹਿਮ ਮਾਮਲਿਆਂ `ਚ ਸਮੇਂ ਸਿਰ ਦਖ਼ਲ ਦੇ ਕੇ ਪੀੜਤ ਬੱਚਿਆਂ ਤੇ ਪਰਿਵਾਰਾਂ ਨੂੰ ਇਨਸਾਫ਼ ਦੁਆਇਆ ਹੈ।
ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਲਈ “ਚੁੱਪ ਨਹੀਂ ਰਹਿਣਾ-1098 ਨੂੰ ਕਹਿਣਾ“ ਦੇ ਨਾਅਰੇ ਅਧੀਨ ਜੁਲਾਈ-2018 ਨੂੰ ਸ਼ੁਰੂ ਹੋਈ ਇਸ ਹੈਲਪਲਾਈਨ `ਤੇ ਹੁਣ ਤੱਕ ਬੱਚਿਆਂ ਨਾਲ ਸਬੰਧਤ 40 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 13 ਮਾਮਲੇ ਬਚਿਆਂ ਦੇ ਭੀਖ ਮੰਗਣ, 7 ਮਾਮਲੇ ਘਰੇਲੂ ਹਿੰਸਾ, 2 ਮਾਮਲੇ ਬਾਲ ਵਿਆਹ, 2 ਮਾਮਲੇ ਬੱਚਿਆਂ ਨੂੰ ਸਖ਼ਤ ਸਰੀਰਕ ਸਜ਼ਾ ਦੇਣ, 1 ਮਾਮਲਾ ਸਰੀਰਕ ਸ਼ੋਸ਼ਣ ਕਰਨ, 1 ਮਾਮਲਾ ਬਾਲ ਮਜ਼ਦੂਰੀ ਅਤੇ 1 ਮਾਮਲਾ ਸਕੂਲ ਰਸਤੇ ਵਿਦਿਆਰਥਣ ਨਾਲ ਛੇੜਛਾੜ ਕਰਨ ਨਾਲ ਸਬੰਧਤ ਸਨ।
ਚਾਈਲਡ ਹੈਲਪਲਾਈਨ ਮਾਨਸਾ ਦੇ ਪ੍ਰਾਜੈਕਟ ਮੈਨੇਜਰ ਯਾਦਵਿੰਦਰ ਸਿੰਘ ਨੇ ਦ ੱਸਿਆ ਕਿ ਘਰੇਲੂ ਹਿੰਸਾ ਦੇ ਜ਼ਿਆਦਾਤਰ ਮਾਮਲਿਆਂ ਨੂੰ ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਰੇਖਾ ਸ਼ਰਮਾ ਅਤੇ ਸ੍ਰੀਮਤੀ ਅੰਜਨਾ ਕੁਮਾਰੀ, ਸ੍ਰੀਮਤੀ ਅਨੀਤਾ ਸਿੰਗਲਾ, ਬਾਬੂ ਸਿੰਘ ਮਾਨ ਅਤੇ ਬਲਦੇਵ ਰਾਜ ਕੱਕੜ (ਸਾਰੇ ਮੈਂਬਰ) ਦੇ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਨੇ ਸਬੰਧਤ ਵਿਭਾਗ ਦੀ ਮਦਦ ਨਾਲ ਪੀੜਤ ਬੱਚਿਆਂ ਦੇ ਪਰਿਵਾਰਾਂ ਨੂੰ ਅਗਾਂਹ ਤੋਂ ਬੱਚਿਆਂ `ਤੇ ਕਿਸੇ ਕਿਸਮ ਦੀ ਹਿੰਸਾ ਨਾ ਕਰਨ ਦੀ ਤਾੜਨਾ ਕੀਤੀ। ਉਨ੍ਹਾਂ ਦੱਸਿਆ ਕਿ ਸਬੰਧਤ ਪਰਿਵਾਰਾਂ ਤੋਂ ਲਿਖਤੀ ਬਿਆਨ ਵੀ ਲਿਆ ਗਿਆ ਤਾਂ ਜੋ ਭਵਿੱਖ ਵਿੱਚ ਉਲੰਘਣਾ ਕਰਨ `ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਹੋ ਸਕੇ।
ਬੱਚਿਆਂ ਵੱਲੋਂ ਭੀਖ ਮੰਗਣ ਦੀ ਪ੍ਰਵਿਰਤੀ ਨੂੰ ਰੋਕਣ ਸਬੰਧੀ ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਮਿਲੀਆਂ ਸ਼ਿਕਾਇਤਾਂ ਦੇ ਆਧਾਰ `ਤੇ ਭੀਖ ਮੰਗ ਦੇ 13 ਮਾਮਲੇ ਦਰਜ ਕੀਤੇ ਗਏ ਹਨ।ੱਇਸ ਸਬੰਧੀ ਮੁਢਲੇ ਮਾਮਲੇ ਵਿੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱਚ ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਰੇਖਾ ਸ਼ਰਮਾ, ਚਾਈਲਡ ਲਾਈਨ ਮੈਂਬਰ ਗੁਰਦੇਵ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਦੇ ਅਧਿਕਾਰੀ ਰਜਿੰਦਰ ਕੁਮਾਰ ਅਤੇ ਪੁਲਿਸ ਮੁਲਾਜ਼ਮਾਂ ਵਲੋਂ ਸਰਦੂਗੜ੍ਹ ਬਸ ਸਟੈਂਡ ਵਿਖੇ ਜਾ ਕੇ ਕਾਰਵਾਈ ਕੀਤੀ ਗਈ। ਉਥੇ ਉਨ੍ਹਾਂ ਨੂੰ ਭੀਖ ਮੰਗਦੇ 2-3 ਬੱਚੇ ਮਿਲੇ। ਇਸ ਤੋ ਇਲਾਵਾ ਇੱਕ ਹੋਰ ਸ਼ਿਕਾਇਤ `ਤੇ ਕਾਰਵਾਈ ਕਰਦਿਆਂ ਗੁਰਦਵਾਰਾ ਚੌਕ ਮਾਨਸਾ ਨੇੜੇ 10 ਬੱਚੇ ਭੀਖ ਮੰਗਦੇ ਪਾਏ ਗਏ। ਉਕਤ ਟੀਮ ਮੈਂਬਰ, ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਬੱਚਿਆਂ ਦੇ ਮਾਪਿਆਂ ਨੂੰ ਮਿਲੇ।ਮਾਪਿਆਂ ਨੂੰ ਤਾੜਨਾ ਕੀਤੀ ਗਈ ਕਿ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਜੁਰਮ ਹੈ ਅਤੇ ਭਵਿੱਖ ਵਿਚ ਅਜਿਹਾ ਕਰਨ `ਤੇ ਉਨ੍ਹਾਂ ਵਿਰੁਧ ਜੁਵੇਨਾਈਲ ਜਸਟਿਸ ਐਕਟ (ਜੇ.ਜੇ ਐਕਟ) ਦੀ ਧਾਰਾ 76 ਤਹਿਤ ਕਾਰਵਾਈ ਕੀਤੀ ਜਾਵੇਗੀ ਜਿਸ ਤਹਿਤ 1 ਤੋਂ 5 ਸਾਲ ਤੱਕ ਦੀ ਸਜ਼ਾ ਅਤੇ ਵੱਧ ਤੋਂ ਵੱਧ ਇੱਕ ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਹੈ।ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਪੜ੍ਹਨ ਭੇਜਣ ਅਤੇ ਇਸ ਲਈ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਵੀ ਮਦਦ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਚਾਈਲਡ ਲਾਈਨ ਵਿਖੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਬਾਲ ਵਿਆਹ ਜਿਹੇ ਮਾਮਲੇ ਵੀ ਸਾਹਮਣੇ ਆਏ ਹਨ।ਇਨ੍ਹਾਂ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਪਲਿਸ ਨਾਲ ਤਾਲਮੇਲ ਕੀਤਾ ਗਿਆ। ਬਰੇਟਾ ਨੇੜਲੇ ਇੱਕ ਪਿੰਡ ਵਿਖੇ ਪਿਤਾ ਵਲੋਂ ਨਾਬਾਲਗ਼ ਕੁੜੀਆਂ ਨਾਲ ਜਿਸਮਾਨੀ ਸ਼ੋਸ਼ਣ ਦੇ ਮਾਮਲੇ ਸਬੰਧੀ ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ 1098 `ਤੇ ਮਾਮਲਾ ਦਰਜ ਕਰਨ ਪਿਛੋਂ ਤੁਰੰਤ ਥਾਣਾ ਬਰੇਟਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਮਾਮਲੇ ਵਿੱਚ ਲੜਕੀਆਂ ਦਾ ਪਿਤਾ ਹੀ ਦੋਸ਼ੀ ਪਾਇਆ ਗਿਆ, ਜਿਸ ਵਿਰੁਧ `ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਤੋਂ ਬਚਾਅ` ਐਕਟ (ਪੋਕਸੋ) ਤਹਿਤ ਧਾਰਾ 3, 4 ਅਤੇ 6 ਅਧੀਨ ਕਾਰਵਾਈ ਕੀਤੀ ਗਈ।
ਪ੍ਰਾਜੈਕਟ ਮੈਨੇਜਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਾਲ ਵਿਆਹ ਦੇ ਦੋ ਮਾਮਲੇ ਸਾਹਮਣੇ ਆਏ ਹਨ।ਬੁਢਲਾਡਾ ਨੇੜਲੇ ਪਿੰਡਾਂ ਨਾਲ ਸਬੰਧਤ ਇਨ੍ਹਾਂ ਮਾਮਲਿਆਂ ਵਿੱਚ ਪੁਲਿਸ ਦੀ ਮਦਦ ਲੈ ਕੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਮਾਪਿਆਂ ਨੂੰ ਦੱਸਿਆ ਗਿਆ ਕਿ ਬਾਲ ਵਿਆਹ ਕਰਨਾ ਜੁਰਮ ਹੈ ਅਤੇ ਅਜਿਹਾ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨ ਤਹਿਤ 2 ਸਾਲ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਦੋਹਾਂ ਮਾਮਲਿਆਂ ਵਿੱਚ ਪਰਿਵਾਰਕ ਮੈਂਬਰਾਂ ਤੋਂ ਲਿਖਤੀ ਰੂਪ ਵਿੱਚ ਲਿਆ ਗਿਆ ਕਿ ਲੜਕੀ ਦੀ ਉਮਰ 18 ਅਤੇ ਲੜਕੇ ਦੀ ਉਮਰ 21 ਸਾਲ ਪੂਰੀ ਹੋਣ ਉਪਰੰਤ ਹੀ ਵਿਆਹ ਕੀਤਾ ਜਾਵੇਗਾ ਅਤੇ ਉਸ ਤੋਂ ਪਹਿਲਾਂ ਉਨ੍ਹਾਂ ਦੀ ਪੜ੍ਹਾਈ ਨੂੰ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇੱਕ ਮਾਮਲੇ ਵਿੱਚ ਕਾਲ ਆਉਣ ਪਿੱਛੋਂ ਬੱਚੇ ਨੂੰ ਮਾਨਸਾ ਤੋਂ ਪਟਿਆਲਾ ਰੈਫ਼ਰ ਕਰਨ ਲਈ ਮੈਡੀਕਲ ਮਦਦ ਵੀ ਮੁਹੱਈਆ ਕਰਵਾਈ ਗਈ।
ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਤੋਂ ਇਲਾਵਾ ਆਰਥਿਕ ਮਦਦ ਅਤੇ ਬੱਚਿਆਂ ਦਾ ਭਾਵੁਕ ਸ਼ੋਸ਼ਣ ਆਦਿ ਜਿਹੇ ਮਾਮਲੇ ਵੀ ਦਰਜ ਕੀਤੇ ਗਏ ਅਤੇ ਇਨ੍ਹਾਂ ਮਾਮਲਿਆਂ ਵਿੱਚ ਵੀ ਪੀੜਤ ਪਰਿਵਾਰਾਂ ਦੀ ਬਣਦੀ ਮਦਦ ਕੀਤੀ ਗਈ।
9 ਮੈਂਬਰਾਂ ਦੀ ਟੀਮ ਰੱਖਦੀ ਹੈ ਬਾਜ਼ ਅੱਖ, ਸੂਚਨਾ ਮਿਲਣ `ਤੇ ਕਰਦੀ ਹੈ ਤੁਰੰਤ ਕਾਰਵਾਈ
ਚਾਈਲਡ ਹੈਲਪਲਾਈਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮਾਨਸਾ ਵਿੱਚ 9 ਮੈਂਬਰਾਂ ਦੀ ਟੀਮ ਕੰਮ ਕਰ ਰਹੀ ਹੈ, ਚਾਈਲਡ ਲਾਈਨ ਮਾਨਸਾ ਵਲੋਂ ਸਕੂਲਾਂ, ਕਾਲਜਾਂ, ਸੰਵੇਦਨਸ਼ੀਲ ਖੇਤਰਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਇੱਕ ਬੱਚੇ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਦਿਨ-ਰਾਤ ਹੈਲਪਲਾਈਨ ਨੰਬਰ-1098 `ਤੇ ਬੱੱਚਆਂ ਨਾਲ ਜੁੜੀ ਕੋਈ ਵੀ ਸਮੱਸਿਆ ਜਿਵੇਂ ਘਰਾਂ ਤੇ ਸਕੂਲਾਂ ਆਦਿ ਵਿੱਚ ਸਰੀਰਕ ਤੇ ਮਾਨਸਿਕ ਸ਼ੋਸ਼ਣ, ਬਾਲ ਵਿਆਹ, ਬਾਲ ਮਜ਼ਦੂਰੀ, ਭੀਖ ਮੰਗਵਾਉਣਾ ਅਤੇ ਗੁੰਮਸ਼ੁਦਗੀ ਬਾਰੇ ਕਾਲ ਕਰਕੇ ਤੁਰੰਤ ਸੂਚਿਤ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਸ਼ਿਕਾਇਤ ਮਿਲਣ `ਤੇ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਫ਼ੋਨ ਕਰਨ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।
Punjab Post Daily Online Newspaper & Print Media