ਬਠਿੰਡਾ, 30 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਗਰੁੱੱ ਆਫ਼ ਇੰਸਟੀਚਿਊਸ਼ਨਜ਼ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ
ਸੰਬੰਧੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਦੇ ਅੰਤਰ ਕਾਲਜ ਭਾਸ਼ਣ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਵਿੱਚ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਅਤੇ ਡਾਇਰੈਕਟਰ ਐਡਮਨ ਅਮਿਤੋਜ ਧਾਲੀਵਾਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਸ਼ਮਾਂ ਰੌਸ਼ਨ ਕਰਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ।
ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਵਿਦਿਆਰਥੀ ਨੂੰ ਦਿੱਤੇ ਆਪਣੇ ਸੰਦੇਸ਼ ਵਿੱਚ ਸ. ਭਗਤ ਸਿੰਘ ਦੀ ਸੋਚ ਅਤੇ ਵਿਚਾਰਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਦਿਵਸ ਮਨਾ ਕੇ ਹੀ ਸੁਰਖੁਰੂ ਨਹੀਂ ਹੋ ਜਾਣਾ ਚਾਹੀਦਾ ਸਗੋਂ ਸ਼ਹੀਦਾਂ ਦੀ ਸੋਚ ਨੂੰ ਵੀ ਅਪਨਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸ. ਭਗਤ ਸਿੰਘ ਦੇ ਜੀਵਨ ਅਤੇ ਉਹਨਾਂ ਦੀ ਪੜ੍ਹਨ ਦੀ ਆਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।ਉਹਨਾਂ ਨੇ ਸਾਰਿਆਂ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਵਧਾਈ ਦਿੱਤੀ।ਬੀ.ਡੀ. ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਉਹਨਾਂ ਨਾਇਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਜਿੰਨ੍ਹਾ ਨੇ ਦੇਸ਼ ਵਾਸਤੇ ਕੁਰਬਾਨੀ ਕੀਤੀ ਹੋਵੇ।ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਨੁੱਕੜ ਨਾਟਕ, ਕੋਰਿਓਗ੍ਰਾਫੀ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ।ਐਨ.ਸੀ.ਸੀ ਯੂਨਿਟ ਵੱਲੋਂ ‘ਸਵੱਛਤਾ ਹੀ ਸੇਵਾ ਅਭਿਆਨ’ ਤਹਿਤ ਇੰਸਟੀਚਿਊਸ਼ਨਜ਼ ਦੇ ਮੁੱਖ ਗੇਟ ਦੇ ਸਾਹਮਣੇ ਸਥਾਪਿਤ ਸ਼ਹੀਦ ਲਾਂਸ ਨਾਇਕ ਜਗਦੀਸ਼ ਸਿੰਘ ਦੇ ਬੁੱਤ ਦੀ ਸਫ਼ਾਈ ਕੀਤੀ।ਭਾਸ਼ਣ ਮੁਕਾਬਲੇ ਵਿੱਚ ਦਰਵਿੰਦਰ ਸਿੰਘ ਨੇ ਪਹਿਲਾ ਸਥਾਨ, ਰੇਖਾ ਨੇ ਦੂਜਾ ਸਥਾਨ ਅਤੇ ਗੁਰਸਿਮਰਨ ਸਿੰਘ ਮਲੂਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਸ਼ਹੀਦ ਲਾਂਸ ਨਾਇਕ ਜਗਦੀਸ਼ ਸਿੰਘ ਦੀ ਮਾਤਾ ਗੁਰਦੇਵ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਵੀ ਸ. ਭਗਤ ਸਿੰਘ ਬਾਰੇ ਬਾਬਾ ਫ਼ਰੀਦ ਕੈਂਪਸ ਵਿੱਚ ਇੱਕ ਰੈਲੀ ਵੀ ਕੱਢੀ ਗਈ ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media