ਭੀਖੀ/ਮਾਨਸਾ, 30 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਭਾਰਤੀ ਕਿਸਾਨ ਯੂਨੀਅਨ ਰਜਿ. (ਕਾਦੀਆਂ) ਜਿਲਾ ਮਾਨਸਾ ਵਲੋਂ ਕਿਸਾਨਾਂ ਨੂੰ ਜਿਨਸਾਂ ਦੀ
ਵਿਕਰੀ ਸਮੇਂ ਖ੍ਰੀਦ ਮੰਡੀਆਂ `ਚ ਆਉਣ ਵਾਲੀਆਂ ਸਮੱਸਿਆਵਾਂ ਦੇ ਯੋਗ ਪ੍ਰਬੰਧ ਕਰਵਾਉਣ ਲਈ ਜਿਲਾ ਪ੍ਰਧਾਨ ਜਰਨੈਲ ਸਿੰਘ ਸੱਤੀਕੇ ਦੀ ਅਗਵਾਈ ਵਿੱਚ ਵਿਸ਼ਾਲ ਧਰਨਾ ਦੇ ਕੇ ਜਿਲਾ ਮੰਡੀ ਅਫ਼ਸਰ ਮਾਨਸਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।
ਧਰਨੇ ਦੀ ਕਾਰਵਾਈ ਚਲਾਉਣ ਦੌਰਾਨ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਜਨਰਲ ਹਰਦੇਵ ਸਿੰਘ ਕੋਟ ਧਰਮੂ ਨੇ ਦੱਸਿਆ ਕਿ ਫਸਲਾਂ ਦੀ ਤੁਲਾਈ ਲਈ ਕੰਪਿਊਟਰ ਕੰਡੇ ਹੀ ਲਾਜ਼ਮੀ ਕੀਤੇ ਜਾਣ, ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਮੰਡੀਆਂ ਦੀ ਮੁਕੰਮਲ ਸਾਫ ਸਫਾਈ ਕੀਤੀ ਜਾਵੇ, ਮੰਡੀਆਂ ਅੰਦਰ ਲਾਈਟਾਂ ਅਤੇ ਪੀਣ ਵਾਲੇ ਸਾਫ ਪਾਣੀ ਦਾ ਪ੍ਰੰਬਧ ਕੀਤਾ ਜਾਵੇ।ਝੋਨੇ ਦੀ ਬੋਲੀ, ਤੁਲਾਈ ਅਤੇ ਚੁਕਾਈ ਨੂੰ ਸਮੇਂ ਸਿਰ ਕਰਵਾਉਣ ਲਈ ਯਕੀਨੀ ਬਣਾਇਆ ਜਾਵੇ, ਮੰਡੀਆਂ ਅੰਦਰ ਅਵਾਰਾ ਪਸ਼ੂਆਂ ਨੂੰ ਰੋਕਣ ਲਈ ਚੌਕੀਦਾਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ, ਫਸਲਾਂ ਦੀ ਖ੍ਰੀਦ ਦੇ ਸੀਜਨ ਦੌਰਾਨ ਕੁਝ ਲੋਕਾਂ ਵਲੋਂ ਚੋਰੀ ਹੋਈ ਫਸਲ ਦੀ ਖ੍ਰੀਦ ਕਰਨ ਲਈ ਨਜਾਇਜ ਕੰਡੇ ਲਗਾਏ ਹੁੰਦੇ ਹਨ।ਉਹਨਾਂ ਨੂੰ ਸਖਤੀ ਨਾਲ ਰੋਕਿਆਂ ਜਾਵੇ ਅਤੇ ਮੰਡੀਆਂ ਅੰਦਰ ਨਰਮੇਂ ਦੀ ਖ੍ਰੀਦ ਲਈ ਸੀ.ਸੀ.ਆਈ ਨੂੰ ਸ਼ਾਮਲ ਕੀਤਾ ਜਾਵੇ।
ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਚੱਕ ਭਾਈਕੇ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦਾ ਸਮੇਤ ਆੜਤੀਆਂ ਸਮੁੱਚਾ ਕਰਜਾ ਮਾਫ ਕੀਤਾ ਜਾਵੇ।ਕਰਜੇ ਕਾਰਨ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਜ਼ਮੀਨਾਂ ਦੀਆਂ ਕੁਰਕੀਆਂ ਬੰਦ ਕੀਤੀਆਂ ਜਾਣ, ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਛਤੀਸਗੜ੍ਹ ਸਰਕਾਰ ਦੀ ਤਰ੍ਹਾਂ ਝੋਨੇ ਤੇ 300/- ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਜਾਂ 5 ਹਜ਼ਾਰ ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦਿੱਤੀ ਜਾਵੇ, ਦੇਸ਼ ਦੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਦੇ ਕਿਸਾਨਾਂ ਨੂੰ ਵੀ ਖਸਖਸ ਦੀ ਖੇਤੀ ਕਰਨ ਦੀ ਖੁੱਲ੍ਹ ਦਿੱਤੀ ਜਾਵੇ।ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਸਰਕਾਰੀ ਤੌਰ ਤੇ ਕੀਤੀ ਜਾਵੇ ਅਤੇ ਅਵਾਰਾ ਕੁਤਿਆਂ ਨੂੰ ਪਿਛਲੇ ਸਮੇਂ ਦੀ ਤਰ੍ਹਾਂ ਖਤਮ ਕੀਤਾ ਜਾਵੇ, ਕਿਸਾਨੀ ਜਿਨਸਾਂ ਦੇ ਭਾਅ ਡਾ. ਸੁਆਮੀ ਨਾਥਨ ਦੀ ਸਿਫਾਰਸ਼ ਅਨੁਸਾਰ ਦਿਵਾਏ ਜਾਣ।
ਇਸ ਮੌਕੇ ਤੇ ਬੋਲਦਿਆਂ ਜਰਨੈਲ ਸਿੰਘ ਸੱਤੀਕੇ ਨੇ ਮੰਗ ਕੀਤੀ ਕਿ ਪਿਛਲੇ ਦਿਨੀਂ ਹੋਈਆਂ ਬੇਮੌਸਮੀ ਬਾਰਸ਼ਾਂ ਕਾਰਨ ਖ਼ਰਾਬ ਹੋਈਆਂ ਫਸਲਾਂ ਸਮੇਤ ਹਰੇਚਾਰ ਤੇ ਸਬਜ਼ੀਆਂ ਦੇ ਕਿਸਾਨਾਂ ਨੂੰ 20/- ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਇਸ ਸਮੇਂ ਨਾਜ਼ਰ ਸਿੰਘ ਖਿਆਲਾ, ਤਾਰਾ ਸਿੰਘ ਅਚਾਨਕ, ਗੁਰਤੇਜ ਸਿੰਘ ਨੰਦਗੜ੍ਹ, ਸਾਧੂ ਸਿੰਘ ਕੋਟਲੀ, ਮਹਿੰਦਰ ਸਿੰਘ ਦਲੇਲ ਸਿੰਘ ਵਾਲਾ, ਜਗਜੀਤ ਸਿੰਘ ਖਿਆਲਾ, ਸ਼ਿਗਾਰਾ ਸਿੰਘ ਦੋਦੜਾ, ਬਾਬੂ ਸਿੰਘ ਧਿਗੜ, ਪ੍ਰਿਥੀ ਸਿੰਘ ਢੈਪਈ, ਪਰਮਪ੍ਰੀਤ ਸਿੰਘ ਅਤੇ ਜਗਜੀਵਨ ਸਿੰਘ ਮਾਖੇਵਾਲਾ, ਅਜੈਬ ਸਿੰਘ ਰੱਲਾ, ਤਲ੍ਰੋਕ ਸਿੰਘ ਦੋਦੜਾ ਨੇ ਵੀ ਸੰਬੋਧਨ ਕੀਤਾ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media