ਕੇਂਦਰੀ ਸਭਾ ਵਲੋਂ ਜੁੜੀ ਸ਼ਾਇਰੀ ਦੀ ਮਹਿਫਲ
ਅੰਮ੍ਰਿਤਸਰ, 3 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣਅੀਆਂ) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਪੰਜਾਬੀ ਅਕਾਦਮੀ ਦਿੱਲੀ, ਕਲਾ ਪਰਿਸ਼ਦ ਚੰਡੀਗੜ੍ਹ ਅਤੇ ਖਾਲਸਾ ਕਾਲਜ਼ ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਬਾਵਾ ਬਲਵੰਤ ਅਤੇ ਬਾਬੂ ਫਿਰੋਜ਼ਦੀਨ ਸ਼ਰਫ ਯਾਦਗਾਰੀ ਕਾਵਿ ਮਹਿਫਲ` ਦਾ ਆਯੋਜਨ ਕੀਤਾ ਗਿਆ।ਖਾਲਸਾ ਕਾਲਜ਼ ਦੇ ਵਿਹੜੇ ਵਿੱਚ ਜੁੜੀ ਇਸ ਕਾਵਿ ਮਹਿਫਲ ਦੀ ਪ੍ਰਧਾਨਗੀ ਡਾ. ਮੋਹਨਜੀਤ, ਸ਼ੋ੍ਰਮਣੀ ਸ਼ਾਇਰ ਦਰਸ਼ਨ ਬੁੱਟਰ ਅਤੇ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਸਾਂਝੇ ਰੂਪ ਵਿੱਚ ਕੀਤੀ, ਜਦਕਿ ਖਾਲਸਾ ਕਾਲਜ਼ ਗਵਰਨਿੰਗ ਕੌਂਸਲ ਦੇ ਸੈਕਟਰੀ ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਅਤੇ ਪ੍ਰਮੁੱਖ ਪ੍ਰਸ਼ਾਸ਼ਨਿਕ ਅਧਿਕਾਰੀ ਬਖਤਾਵਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਆਏ ਮਹਿਮਾਨਾਂ ਦੀ ਜਾਣ-ਪਹਿਚਾਣ ਦੀਪ ਦੇਵਿੰਦਰ ਸਿੰਘ ਨੇ ਕਰਵਾਈ।ਕੇਂਦਰੀ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸ਼ਾਇਰ ਦੇਵ ਦਰਦ ਦੀ ਸਾਂਝੀ ਮੰਚ ਸੰਚਾਲਣਾ ਨਾਲ ਸ਼ੁਰੂ ਹੋਏ ਇਸ ਸਮਾਗਮ ਵਿੱਚ ਸਵਾਗਤੀ ਸ਼ਬਦ ਕਹਿੰਦਿਆਂ ਡਾ. ਮਹਿਲ ਸਿੰਘ ਨੇ ਕਾਲਜ਼ ਵੱਲੋਂ ਇਸ ਤਰ੍ਹਾਂ ਦੇ ਸਾਹਿਤਕ ਸਮਾਗਮਾਂ ਦੀ ਹਰ ਤਰ੍ਹਾਂ ਦੀ ਮਦਦ ਦੀ ਵਚਨ ਬੱਧਤਾ ਨੂੰ ਦੁਹਰਾਇਆ।ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਖਾਲਸਾ ਕਾਲਜ਼ ਅੰਮ੍ਰਿਤਸਰ ਸਾਹਿਤਕਾਰਾਂ ਦਾ ਮੱਕਾ ਹੈ, ਕਾਲਜ਼ ਨੂੰ ਇਹ ਮਾਣ ਹਾਸਲ ਹੈ ਕਿ ਪ੍ਰਿੰਸੀਪਲ ਤੇਜ਼ਾ ਸਿੰਘ, ਪ੍ਰੋ: ਜੋਧ ਸਿੰਘ, ਪੋ੍ਰ: ਗੰਡਾ ਸਿੰਘ ਅਤੇ ਸੰਤ ਸਿੰਘ ਸ਼ੇਖੋਂ ਵਰਗੇ ਵੱਡੇ ਵਿਦਵਾਨ ਸਾਹਿਤਕਾਰਾਂ ਵੱਲੋਂ ਕਾਲਜ਼ ਨੂੰ ਆਪਣੀਆਂ ਯਾਦਗਾਰੀ ਸੇਵਾਵਾਂ ਅਰਪਿਤ ਕੀਤੀਆਂ ਹਨ।
ਸ਼ਾਇਰੀ ਦੇ ਚੱਲੇ ਦੌਰ ਦਾ ਅਗਾਜ਼ ਸ਼ੋ੍ਰਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ ਦੀ ਨਜ਼ਮ ਨਾਲ ਹੋਇਆ। ਉਪਰੰਤ ਐਸ.ਨਸੀਮ ਦੀ ਖੂਬਸੂਰਤ ਗਜ਼ਲ ਕਿ ‘ਭਟਕਣ ਉਸਦਾ ਸ਼ੌਂਕ ਨਹੀਂ ਮਜ਼ਬੂਰੀ ਹੈ` ਪੇਸ਼ ਕੀਤੀ।ਗਜ਼ਲਗੋ ਤਰਸੇਮ ਨੂਰ ਵੱਲੋਂ ‘ਅੰਬਰੀਂ ਤਾਰੇ ਜੋ ਟੰਗਦਾ ਹੈ, ਖੌਰੇ ਆਪ ਉਹ ਕਿਹੇ ਰੰਗ ਦਾ ਹੈ` ਨਾਲ ਹਾਜ਼ਰੀ ਲਵਾਈ। ਸ਼ਾਇਰ ਸੁਰਿੰਦਰਪ੍ਰੀਤ ਘਣੀਆ ਵੱਲੋਂ ‘ਜਮੀਨਾਂ ਮਹਿੰਗੀਆਂ ਵਿੱਕੀਆਂ, ਜਮੀਰਾਂ ਸੱਸਤੀਆਂ ਵਿੱਕੀਆਂ` ਗਜ਼ਲ ਦੇ ਸ਼ੇਅਰਾਂ ਨਾਲ ਦਾਦ ਖੱਟੀ।
ਸ਼ਾਇਰ ਸੁਰਜੀਤ ਜੱਜ, ਬਲਜਿੰਦਰ ਚੌਹਾਨ, ਗੁਰਚਰਨ ਬੁਪਾਰਾਏ, ਸਵਰਨ ਸਿੰਘ, ਬਲਵਿੰਦਰ ਸੰਧੂ, ਗੁਰਚਰਨ, ਸ਼ਮਸ਼ੇਰ ਮੋਹੀ, ਜਗਦੀਪ ਸਿੱਧੂ, ਦੀਪਕ ਸ਼ਰਮਾ, ਜਸਵੰਤ ਹਾਂਸ, ਸ਼ੈਲਿੰਦਰਜੀਤ ਰਾਜਨ, ਡਾ. ਵਿਕਰਮ ਆਦਿ ਸ਼ਾਇਰਾਂ ਨੇ ਆਪਣੀਆਂ ਖੂਬਸੂਰਤ ਨਜ਼ਮਾਂ ਨਾਲ ਮਹੌਲ ਨੂੰ ਸਿ਼ਖਰ ਤੇ ਪਹੁੰਚਾਇਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਸਮੇਂ ਡਾ. ਹਜ਼ਾਰਾ ਸਿੰਘ ਚੀਮਾ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਆਰਕੀਟੈਕਟ ਦਲਬੀਰ ਸਿੰਘ, ਦਵਿੰਦਰ ਦੀਦਾਰ, ਬਾਬਾ ਬਾਜਵਾ, ਹਰਜੀਤ ਸੰਧੂ, ਡਾ. ਆਤਮ ਰੰਧਾਵਾ, ਡਾ. ਪਰਮਿੰਦਰ ਸਿੰਘ, ਪ੍ਰੋ: ਭੁਪਿੰਦਰ ਸਿੰਘ, ਡਾ. ਦਵਿੰਦਰ ਕੌਰ, ਇੰਜ: ਹਰਵੰਤ ਸਿੰਘ ਭੁੱਲਰ, ਚੰਨ ਅਮਰੀਕ, ਸੁਰਿੰਦਰ ਚੌਹਕਾ, ਪ੍ਰਿੰ: ਕੁਲਵੰਤ ਸਿੰਘ ਅਣਖੀ, ਤਰਲੋਚਨ ਤਰਨ ਤਾਰਨ, ਪਰਜੀਤ ਕੌਰ, ਰਾਜਵਿੰਦਰ ਕੌਰ, ਧਰਵਿੰਦਰ ਔਲਖ, ਹਰੀਮਤ ਆਰਟਿਸਟ, ਮਨਮੋਹਨ ਢਿੱਲੋਂ, ਜਸਬੀਰ ਸਿੰਘ ਸੱਗੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Punjab Post Daily Online Newspaper & Print Media