ਲੈਂਡ ਪੋਰਟ ਅਥਾਰਟੀ ਚੇਅਰਮੈਨ ਵਲੋਂ ਗੁਰਜੀਤ ਸਿੰਘ ਔਜਲਾ ਨਾਲ ਵਿਸ਼ੇਸ਼ ਮੁਲਾਕਾਤ
ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਨੌਜੁਆਨ ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ
ਸਿੰਘ ਔਜਲਾ ਵਲੋਂ ਪਿਛਲੇ ਦਿਨੀਂ ਭਾਰਤ ਪਾਕ ਦਰਮਿਆਨ ਹੋਣ ਵਾਲੇ ਵਪਾਰ ਨੂੰ ਬੜਾਵਾ ਦੇਣ ਲਈ ਬਣੀ ਸਾਂਝੀ ਚੈੱਕ ਪੋਸਟ ਅਟਾਰੀ ਦੇ ਅਚਾਨਕ ਨਿਰੀਖਣ ਉਪਰੰਤ ਉਠਾਏ ਮੁੱਦਿਆਂ ਸੰਬੰਧੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਏ.ਕੇ ਬੰਬਾ ਵਲੋਂ ਗੁਰਜੀਤ ਸਿੰਘ ਔਜਲਾ ਨਾਲ ਵਿਸਥਾਰਿਤ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਈ.ਸੀ.ਪੀ ਅੰਦਰ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨਾਲ ਜੁੜੇ ਮੁੱਦਿਆਂ `ਤੇ ਵਿਚਾਰ ਕੀਤਾ ਗਿਆ ਤੇ ਉਨ੍ਹਾਂ ਦੇ ਸਥਾਈ ਹੱਲ ਲਈ ਲੋੜੀਂਦੇ ਕਦਮ ਉਠਾਏ ਜਾਣ ਦਾ ਭਰੋਸਾ ਦਿਤਾ।
ਇਥੇ ਜਿਕਰਯੋਗ ਹੈ ਕਿ ਗੁਰਜੀਤ ਸਿੰਘ ਔਜਲਾ ਵਲੋਂ 29 ਸਤੰਬਰ ਨੂੰ ਸਾਂਝੀ ਚੱੈਕ ਪੋਸਟ ਅਟਾਰੀ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਸੀ ਅਤੇ ਪੋਸਟ ਅੰਦਰ ਪਾਈਆਂ ਖਾਮੀਆਂ ਸੰਬੰਧੀ ਵੱਖ-ਵੱਖ ਵਿਭਾਗਾਂ ਨੂੰ ਲਿਖਿਆ ਗਿਆ ਸੀ।ਜਿਸ ਸੰਬੰਧੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਵਲੋਂ ਤੇਜੀ ਨਾਲ ਪ੍ਰਤੀਕਿਰਿਆ ਕਰਦਿਆਂ ਖਾਮੀਆਂ ਨੂੰ ਦੂਰ ਕਰਨ ਲਈ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਵਿਸੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਔਜਲਾ ਨੇ ਦੱਸਿਆ ਕਿ ਸਾਂਝੀ ਚੈੱਕ ਪੋਸਟ ਅਟਾਰੀ ਦੇ ਅੰਦਰ ਚੱਲ ਰਹੇ ਕੰਮਾਂ ਦੀ ਅਸਲ ਸਥਿਤੀ ਸੰਬੰਧੀ ਜਾਣਕਾਰੀ ਮਿਲਣ ਤੇ ਕੰਮਾਂ ਸੰਬੰਧੀ ਕੀਤੇ ਗਏ ਕਾਗਜੀ ਦਾਅਵਿਆਂ ਤੋਂ ਬਿਲਕੁਲ ਉਲਟ ਜਮੀਨੀ ਹਕੀਕਤ ਤੋਂ ਜਾਣੂ ਹੁੰਦਿਆਂ ਚੇਅਰਮੈਂਨ ਏ.ਕੇ ਬੰਬਾ ਜਿਥੇ ਹੈਰਾਨ ਰਹਿ ਗਏ ਉਥੇ ਹੀ ਉਨ੍ਹਾਂ ਵਲੋਂ ਟਰੱਕ ਸਕੈਨਰ ਦੀ ਸਥਾਪਨਾ ਵਿੱਚ ਹੋਈ ਬੇਲੋੜੀ ਦੇਰੀ ਸੰਬੰਧੀ ਤੀਸਰੀ ਏਜੰਸੀ ਤੋਂ ਜਾਂਚ ਕਰਵਾ ਕੇ ਇਸ ਕੰਮ ਲਈ ਜਿੰਮੇਂਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿਤਾ।ਔਜਲਾ ਨੇ ਦੱਸਿਆ ਕਿ ਬੰਬਾ ਨੇ ਵੱਖ ਵੱਖ ਕੰਪਲੈਕਸ ਨਿਰਮਾਣ ਦੌਰਾਨ ਵਰਤੇ ਗਏ ਮਟੀਰੀਅਲ ਦੇ ਟੈਸਟ ਵੱਖ ਵੱਖ ਲੈਬਾਰਟਰੀਆਂ ਤੋਂ ਕਰਵਾਉਣ ਅਤੇ ਇਸ ਸੰਬੰਧੀ ਆਡਿਟ ਕਰਨ ਦੀ ਸਿਫਾਰਿਸ਼ ਕੀਤੀ ਅਤੇ ਆਈ.ਸੀ.ਪੀ. ਅੰਦਰ ਕੁੱਲੀਆਂ ਅਤੇ ਡਰਾਇਵਰਾਂ ਲਈ ਲੋੜੀਂਦੇ ਪਖਾਨੇ, ਸ਼ੈੱਡ ਅਤੇ ਹੋਰ ਬੁਨਿਆਦੀ ਸਹੂਲਤਾਂ ਆਉਂਦੇ ਦੋ ਦਿਨਾਂ ਦੇ ਅੰਦਰ ਅੰਦਰ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਸਮੇਂ ਚੇਅਰਮੈਨ ਏ.ਕੇ ਬੰਬਾ ਨੇ ਭਰੋਸਾ ਦਿਵਾਇਆ ਕਿ ਕੇਂਦਰੀ ਵਿਜੀਲੈਂਸ ਟੀਮ ਵਲੋਂ ਸਾਂਝੀ ਚੈਕ ਪੋਸਟ ਅਟਾਰੀ ਦਾ ਅਚਾਨਕ ਦੌਰਾ ਕੀਤਾ ਜਾਵੇਗਾ ਤੇ ਬੇਨਿਯਮੀਆਂ ਮਿਲਣ `ਤੇ ਸੰਬੰਧਿਤ ਵਿਭਾਗ ਤੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media