ਪਠਾਨਕੋਟ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬਲਾਕ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਮੰਡੀ ਵਿੱਚ ਝੋਨੇ ਦੀ ਵਿਕਰੀ ਸੰਬੰਧੀ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਝੋਨੇ ਦੀ ਕਟਾਈ, ਫਸਲ ਦੇ ਪੂਰੀ ਤਰਾਂ ਪੱਕਣ `ਤੇ ਹੀ ਕਰਨ ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਣ `ਤੇ ਅਸਰ ਪਾਉਂਦੇ ਹਨ।ਉਨਾਂ ਕਿਹਾ ਕਿ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਲਈ ਕਣਕ ਦੀ ਬਿਜਾਈ ਹੈਪੀ ਸੀਡਰ ਤਕਨੀਕ ਨਾਲ ਕੀਤੀ ਜਾ ਸਕਦੀ ਹੈ।ਉਨਾਂ ਕਿਹਾ ਕਿ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨਨਾਸ਼ਕਾਂ ਤੇ ਹੋਣ ਵਾਲਾ ਖਰਚ ਘਟਾ ਸਕਦੇ ਹਾਂ ਅਤੇ ਮਿੱਟੀ ਦੇ ਭੌਤਿਕੀ, ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਸੁਧਾਰ ਹੁੰਦਾ ਹੈ।ਉਨਾਂ ਕਿਹਾ ਕਿ ਜਿਸ ਵੀ ਕਿਸੇ ਕਿਸਾਨ ਹੈਪੀਸੀਡਰ, ਚੌਪਰ ਅਤੇ ਸੁਪਰ ਐਸ.ਐਮ.ਐਸ ਚਾਹੀਦਾ ਹੋਵੇ ਉਹ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।ਉਨਾਂ ਦੱਸਿਆ ਕਿ ਇਨਾਂ ਤਿੰਨਾਂ ਖੇਤੀ ਮਸ਼ੀਨਰੀ ਤੇ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।ਕਿਹਾ ਕਿ ਕਚੀ ਅਤੇ ਪੱਕੀ ਫਸਲ ਦੀ ਕਟਾਈ ਇੱਕੋ ਸਮੇਂ ਕਰਨ ਦੀ ਬਜਾਏ ਵੱਖ-ਵੱਖ ਕਰਨੀ ਚਾਹੀਦੀ ਹੈ ਅਤੇ ਝੋਨੇ ਦੀ ਉਪਜ ਨੂੰ ਪੂਰੀ ਤਰਾਂ ਸੁਕਾ ਕੇ ਮੰਡੀ ਵਿੱਚ ਲਿਜਾਇਆ ਜਾਣਾ ਚਾਹੀਦਾ ਤਾਂ ਜੋ ਮੰਡੀ ਵਿੱਚ ਕਿਸੇ ਕਿਸਮ ਦੀ ਖੱਜਲ ਖਰਾਬੀ ਤੋਂ ਬਚਿਆ ਜਾ ਸਕੇ।ਉਨਾਂ ਕਿਹਾ ਕਿ ਕਦੇ ਵੀ ਛਾਂ ਹੇਠੋਂ ਝੋਨਾ, ਬਿਮਾਰੀ ਨਾਲ ਪ੍ਰਭਾਵਿਤ ਝੋਨੇ ਦੀ ਕਟਾਈ, ਪੱਕੇ ਹੋਏ ਝੋਨੇ ਦੀ ਕਟਾਈ ਦੇ ਨਾਲ ਨਾਂ ਕਰੋ ਕਿਉਕਿ ਇਹ ਵੀ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੀ ਹੈ।ਉਨਾਂ ਕਿਹਾ ਕਿ ਝੋਨੇ ਕਣਕ ਦੀਆ ਬਦਲਵੀਆਂ ਫਸਲਾਂ ਜਿਵੇਂ ਦਾਲਾਂ, ਤੇਲ ਬੀਜ਼ ਅਤੇ ਸਬਜੀਆਂ ਦੇ ਖੁਦ ਮੰਡੀਕਰਨ ਨਾਲ ਵਧੇਰੇ ਫਾਇਦਾ ਹੋ ਸਕਦਾ ਹੈ ਇਸ ਲਈ ਖੇਤੀ ਜਿਨਸਾਂ ਦੇ ਸਿਧੇ ਮੰਡੀਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਏ ਜਾ ਰਹੇ ਕਿਸਾਨ ਬਾਜ਼ਾਰ ਨਾਲ ਜੁੜਨਾ ਚਾਹੀਦਾ।
ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਝੋਨੇ ਦੀ ਕਟਾਈ ਸਵੇਰੇ 10.00 ਵਜੇ ਤੋਂ ਬਾਅਦ ਅਤੇ ਸ਼ਾਮ 7.00 ਵਜੇ ਤੋਂ ਪਹਿਲਾਂ ਹੀ ਕੀਤੀ ਜਾਵੇ।ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ `ਜੇ` ਫਾਰਮ ਜ਼ਰੂਰ ਲਵੋ।ਅਖੀਰ ਵਿਚ ਖੇਤੀ ਉਪ ਨਿਰੀਖਕ ਅੰਸ਼ੁਮਨ ਸ਼ਰਮਾ ਨੇ ਸਮੂਹ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਡਾ. ਜਗਦੀਪ ਸਿੰਘ ਡਿਪਟੀ ਪੀ.ਡੀ ਆਤਮਾ, ਸੁਖਜਿੰਦਰ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ, ਸੁਭਾਸ਼ ਕੁਮਾਰ, ਸਰਪੰਚ ਅਸ਼ੋਕ ਕੁਮਾਰ ਸ਼ਰਮਾ ਸਮੇਤ ਵੱਡੀ ਗਿਣਤੀ `ਚ ਕਿਸਾਨ ਹਾਜ਼ਰ ਸਨ।
Punjab Post Daily Online Newspaper & Print Media