ਇਤਹਾਸਕ ਰਾਮ ਬਾਗ ਲੋਕਾਂ ਦੀ ਆਮਦ ਲਈ ਖੁੱਲਾ
ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਇਤਹਾਸਕ ਰਾਮ ਬਾਗ ਜਿਸ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ ਸੀ, ਪਰ
ਅੰਗਰੇਜ਼ੀ ਰਾਜ ਦੌਰਾਨ ਢਾਹ ਦਿੱਤਾ ਗਿਆ ਸੀ, ਦੀ ਮੁੜ ਉਸਾਰੀ ਉਸ ਦੇ ਪੁਰਾਣੇ ਠਾਠ-ਬਾਠ ਵਿਚ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ ਅਤੇ ਅੱਜ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਦੁਬਾਰਾ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਦੱਸਣਯੋਗ ਹੈ ਕਿ ਇੱਥੇ ਹੁਣ ਲੋਕ ਵਿਰਸਾ ਅਜਾਇਬ ਘਰ ਬਨਾਉਣ ਦੇ ਨਾਲ-ਨਾਲ ਇੱਥੇ ਪੁਰਾਣੇ ਸਮੇਂ ਚੱਲਦੀ ਮਿਉਸੀਂਪਲ ਪ੍ਰੈਸ ਅਤੇ ਸਕੂਲ ਨੂੰ ਵੀ ਮੁੜ ਸੁਰਜੀਤ ਕੀਤਾ ਗਿਆ ਹੈ।ਸਿੱਧੂ ਨੇ ਇਸ ਦਾ ਉਦਾਘਟਨ ਕਾਰਪੋਰੇਸ਼ਨ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਦੇ ਹੱਥੋਂ ਕਰਵਾਇਆ।ਇਸ ਸਮੇਂ ਸਾਬਕਾ ਵਿਧਾਇਕਾ ਸ੍ਰੀਮਤੀ (ਡਾ.) ਨਵਜੋਤ ਕੌਰ ਸਿੱਧੂ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ.ਸ੍ਰੀਵਾਸਤਵਾ, ਸਹਾਇਕ ਕਮਿਸ਼ਨਰ ਮੈਡਮ ਕੋਮਲ, ਜੁਇੰਟ ਕਮਿਸ਼ਨਰ ਨਿਤਿਸ਼ ਸਿੰਗਲਾ, ਡਿਪਟੀ ਮੇਅਰ ਰਮਨ ਬਖਸ਼ੀ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ। ਸਿੱਧੂ ਨੇ ਇਸ ਕੰਮ ਨੂੰ ਨੇਪਰੇ ਚਾੜਨ ਲਈ ਕਮਿਸ਼ਨਰ ਅਤੇ ਸਿਟੀ ਐਂਕਰ ਮੈਡਮ ਗੁਰਮੀਤ ਰਾਏ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼ਹਿਰ ਦੀ ਵਿਰਾਸਤ ਨੂੰ ਸੰਭਾਲਣ ਲਈ ਇਸਦੀ ਚਾਰ-ਦੁਆਰੀ ਦੇ 12 ਗੇਟ ਮੁੜ ਸੁਰਜੀਤ ਕੀਤੇ ਜਾਣਗੇ ਅਤੇ ਸ਼ਹਿਰ ਨੂੰ ਸੈਲਾਨੀ ਦੇ ਆਕਰਸ਼ਣ ਦਾ ਕੇਂਦਰ ਬਨਾਉਣ ਲਈ 15 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅੰਮਿ੍ਰਤਸਰ ਦੇ ਵਿਕਾਸ ਲਈ ਨਵੇਂ ਅਧਿਆਏ ਦੀ ਸ਼ੁਰੂਆਤ ਕਰਨਗੇ।ਉਨਾਂ ਕਿਹਾ ਕਿ ਜੋ ਕੰਮ ਪਿਛਲੇ 70 ਸਾਲਾਂ ਵਿਚ ਨਹੀਂ ਹੋਏ, ਉਹ ਅਸੀਂ ਅਗਲੇ 2 ਸਾਲਾਂ ਵਿਚ ਪੂਰੇ ਕਰਕੇ ਵਿਖਾ ਦਿਆਂਗੇ। ਉਨਾਂ ਦੱਸਿਆ ਕਿ ਅੰਮਿ੍ਰਤਸਰ ਹਵਾਈ ਅੱਡੇ ਨਾਲ ਜੋ ਸੈਰ-ਸਪਾਟਾ ਸਰਕਟ ਵਿਕਸਤ ਕੀਤਾ ਗਿਆ ਹੈ, ਉਸ ਵਿਚ 18 ਅਜਿਹੇ ਸਥਾਨ ਜੋੜੇ ਗਏ ਹਨ, ਜਿੱਥੇ ਘੁੰਮਣ ਲਈ ਸੈਲਾਨੀ 2-3 ਦਿਨ ਅੰਮਿ੍ਰਤਸਰ ਰੁਕਣਗੇ ਅਤੇ ਇਸ ਨਾਲ ਸ਼ਹਿਰ ਦੀ ਸੈਰਸਪਾਟਾ ਸਨਅਤ ਨੂੰ ਵੱਡਾ ਲਾਭ ਮਿਲੇਗਾ। ਉਨਾਂ ਦੱਸਿਆ ਕਿ ਸੈਰ ਸਪਾਟਾ ਸਨਅਤ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਵੇਗੀ।
ਸ. ਸਿੱਧੂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਰਗੀ ਸ਼ਾਨ ਮੁੜ ਬਹਾਲ ਹੋਵੇ ਅਤੇ ਸਾਡੇ ਭਰਾ, ਜੋ ਕਿ ਵਿਦੇਸ਼ਾਂ ਵਿਚ ਪੱਕੇ ਤੌਰ ’ਤੇ ਵਸ ਗਏ ਹਨ, ਉਹ ਮੁੜ ਪੰਜਾਬ ਆਉਣ ਤੇ ਆਪਣੀਆਂ ਜੜਾਂ ਨਾਲ ਜੁੜਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media