ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਖੇਤ ਮਜ਼ਦੂਰ ਸਭਾ ਜਿਸ ਦਾ ਭਾਰਤੀ ਮਜ਼ਦੂਰ ਯੂਨੀਅਨ (ਬੀ.ਕੇ.ਐਮ.ਯੂ) ਨਾਲ
ਇਲਹਾਕ ਹੈ ਵੱਲੋਂ 24 ਅਤੇ 25 ਨਵੰਬਰ ਨੂੰ ਵੱਡੇ ਪੱਧਰ ‘ਤੇ ਖੇਤ ਮਜ਼ਦੂਰ ਯੂਨੀਅਨ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ਇਸ ਸਬੰਧੀ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਗੋਰੀਆ ਨੇ ਦੱਸਿਆ ਕਿ 24 ਨਵੰਬਰ ਨੂੰ ਖੇਤ ਮਜ਼ਦੂਰ ਸਭਾ ਵੱਲੋਂ ਪੇਂਡੂ ਅਤੇ ਸ਼ਹਿਰੀ ਗਰੀਬ ਲੋਕਾਂ ਦੀਆਂ ਮੰਗਾਂ ‘ਤੇ ਜੋਰ ਦੇਣ ਲਈ ਸ਼ਹਿਰ ਅੰਦਰ ਵਿਸ਼ਾਲ ਰੈਲੀ ਕੱਢੀ ਜਾਵੇਗੀ, ਜਿਸ ‘ਚ ਬੀ.ਕੇ.ਐਮ.ਯੂ ਦੇ ਜਨਰਲ ਸਕੱਤਰ ਨਗੇਂਦਰ ਨਾਥ ਓਝਾ ਸਾਬਕਾ ਐਸ.ਪੀ ਬਿਹਾਰ ਉਚੇਚੇ ਤੌਰ ‘ਤੇ ਪਹੰਚਣਗੇ ਅਤੇ ਦੂਸਰੇ ਦਿਨ 25 ਨਵੰਬਰ ਦੀ ਸ਼ਾਮ ਤੱਕ ਇੰਨਡੋਰ ਕਾਨਫਰੰਸ ਅਤੇ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਾਲ 1968 ‘ਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਸਥਾਪਨਾ ਹੋਈ ਸੀ ਅਤੇ 2018 ਇਸ ਦਾ ਗੋਲਡਨ ਜੁਬਲੀ ਸਾਲ ਹੈ, ਜੋ ਦੇਸ਼ ਅੰਦਰ ਸਾਰੇ ਸੂਬਿਆਂ ‘ਚ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਜ਼ਮੀਨੀ ਹੱਦਬੰਦੀ, ਐਸ.ਸੀ, ਐਸ.ਟੀ ਕਾਨੂੰਨ ਬਣਵਾਉਣ, ਛੁਤ ਛਾਤ ਦੇ ਖਿਲਾਫ ਮੁਹਿੰਮ, ਗਰੀਬਾਂ ਲਈ ਰੁਜ਼ਗਾਰ, ਮਕਾਨ ਜਾਂ ਪਲਾਟ ਮੁਹੱਈਆ ਕਰਵਾਉਣ ਲਈ ਵੱਡੀਆਂ ਲੜਾਈਆਂ ਲੜੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਗੋਲਡਨ ਜੁਬਲੀ ਨੂੰ ਲੈ ਕੇ ਉਨ੍ਹਾਂ ਵੱਲੋਂ ਸੁਰਜੀਤ ਸਿੰਘ ਸੋਹੀ ਦੀ ਪ੍ਰਧਾਨਗੀ ‘ਚ ਮੀਟਿੰਗ ਰੱਖੀ ਗਈ, ਜਿਸ ਦੌਰਾਨ ਉਨ੍ਹਾਂ ਵੱਲੋਂ ਸਵਾਗਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਜਗਜੀਤ ਸਿੰਘ ਜੋਗਾ ਨੂੰ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।
ਇਸ ਮੌਕੇ ਡਾ. ਦਿਆਲ ਅਰਸ਼ੀ ਤੇ ਜੋਗਾ ਨੇ ਕਿਹਾ ਕਿ ਭਾਵਂੇ ਕਮਜੋਰ ਤਬਕਿਆਂ ਉੱਪਰ ਸਮਾਜੀ ਜਬਰ ਪਿਛਲੇ ਲੰਮੇ ਸਮੇਂ ਤੋਂ ਜਾਰੀ ਹੈ, ਪਰ ਭਾਜਪਾ ਦੀ ਮੋਦੀ ਸਰਕਾਰ ਦੇ ਸਾਢੇ ਚਾਰ ਸਾਲ ‘ਚ ਦਲਿਤ, ਪਛੜਿਆਂ ਅਤੇ ਆਦੀ ਵਾਸੀਆਂ ਉੱਪਰ ਜੁਲਮਾਂ ‘ਚ ਤੇਜ ਵਾਧਾ ਹੋਇਆ, ਜਿਸ ਨੇ ਕਿ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ‘ਚ ਗਰੀਬ ਤਬਕਿਆਂ ਨੇ ਸੰਘਰਸ਼ ਦੌਰਾਨ ਜੋ ਪ੍ਰਾਪਤੀਆਂ ਕੀਤੀਆਂ ਸਨ, ਮੋਦੀ ਸਰਕਾਰ ਉਨ੍ਹਾਂ ਨੂੰ ਇੱਕ ਇੱਕ ਕਰਕੇ ਖਤਮ ਕਰਨ ‘ਤੇ ਲੱਗੀ ਹੋਈ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਜਪਾ ਅਤੇ ਆਰ.ਐਸ.ਐਸ ਦੀ ਯੋਜਨਾਬੱਧ ਸਾਜਿਸ਼ ਮੁਤਾਬਿਕ ਦੇਸ਼ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਤਾਂ ਕਿ ਕਮਜ਼ੋਰ ਤਬਕੇ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਨਾ ਕਰ ਸਕਣ।
ਇਸ ਮੌਕੇ ਉਨ੍ਹਾਂ ਦੇ ਨਾਲ ਕੈਪਟਨ ਪਿ੍ਰਤਪਾਲ ਸਿੰਘ, ਕ੍ਰਿਸ਼ਨ ਚੌਹਾਨ, ਦੇਵੀ ਕੁਮਾਰੀ, ਸਵਰਨ ਸਿੰਘ ਨਾਗੋਕੇ, ਰਿਸ਼ੀਪਾਲ, ਹੀਰਾ ਸਿੰਘ, ਨਾਨਕ ਚੰਦ, ਭਗਵੰਤ ਸਿੰਘ, ਪਿਆਰੇ ਲਾਲ, ਸੁਰਿੰਦਰ ਕੁਮਾਰ, ਰਾਮ ਚੰਦ, ਗੋਰਾ ਪਿੱਪਲੀ, ਜੁਗਰਾਜ ਰਾਮਾ, ਢੋਲਾ ਮਾਹੀ ਆਦਿ ਮੌਜ਼ੂਦ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media