ਦਿੱਲੀ ਕਮੇਟੀ ਨੇ ਪੰਥਕ ਮਸਲਿਆਂ ਤੇ ਮੰਗਿਆ ਸਹਿਯੋਗ
ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ) – ਬਰਤਾਨੀਆਂ ਦੇ ਉਪ ਪ੍ਰਧਾਨ ਮੰਤਰੀ ਨੀਕੋਲਸ ਵੀਲੀਅਮ ਪੀਟਰ ਕਲੀਗ ਨੇ ਅੱਜ ਇਕ ਉੱਚ ਪੱਧਰੀ ਵਫ਼ਦ ਦੇ ਨਾਲ ਇਥੇ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਆਕਿਦਾ ਭੇਂਟ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਪੁਨਿਤ ਸਿੰਘ ਚੰਢੋਕ ਨੇ ਵਫ਼ਦ ਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਅਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿੱਚ ਗੁਰਮਤਿ ਮਰਿਯਾਦਾ ਅਨੂਸਾਰ ਕੀਤੇ ਜਾ ਰਹੇ ਕਾਜਰਾਂ ਬਾਰੇ ਜਾਣੂੰ ਕਰਵਾਇਆ। ਗੁਰਦੁਆਰਾ ਸਾਹਿਬ ਪੁੱਜਣ ਤੇ ਨਿਕੋਲਸ ਵੀਲੀਅਮ ਨੂੰ ਜੀ ਆਇਆਂ ਕਹਿੰਦੇ ਹੋਏ ਜੀ.ਕੇ. ਨੇ ਭਾਰਤ ਦੇ ਸਿੱਖਾਂ ਦੀ ਬਰਤਾਨੀਆਂ ਸਰਕਾਰ ਨਾਲ ਜੂੜੀਆਂ ਹੋਈਆਂ ਪਰੇਸ਼ਾਨੀਆ ਅਤੇ ਮੰਗਾ ਬਾਰੇ ਵੀ ਜਾਣੂੰ ਕਰਵਾਇਆ।
ਦੀਵਾਨ ਹਾਲ ਵਿੱਚ ਮੱਥਾ ਟੇਕੱਣ ਉਪਰੰਤ ਸਿਰੋਪਾਓ ਦੀ ਬਖਸ਼ੀਸ਼ ਕਰਦੇ ਹੋਏ ਜੀ.ਕੇ. ਨੇ ਪੰਥ ਵੱਲੋਂ ਬਰਤਾਨਵੀ ਉਪ ਪ੍ਰਧਾਨਮੰਤਰੀ ਸਾਹਮਣੇ 3 ਮੰਗਾ ਵੀ ਰੱਖੀਆਂ ਜਿਸ ਵਿਚ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਏ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਸ਼ਮੁਲੀਅਤ ਦੇ ਬਾਰੇ ਹੋਏ ਖੁਲਾਸੇ ਤੇ ਤੱਥਾਂ ਸਹਿਤ ਸੱਚ ਸਾਹਮਣੇ ਲਿਆਉਣ ਦੀ ਬੇਣਤੀ, ਉਥੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਅਤੇ ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਅਨਮੋਲ ਵਸਤੂਆਂ ਨੂੰ ਵਾਪਿਸ ਭਾਰਤ ਵਿੱਚ ਭੇਜਣ ਦੀ ਮੰਗ ਵੀ ਕੀਤੀ। ਜੀ.ਕੇ. ਨੇ ਸਿੱਖਿਆ ਦੇ ਖੇਤਰ ਵਿੱਚ ਕਮੇਟੀ ਦੇ ਸਕੂਲਾਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਮੁਹਇਆ ਕਰਵਾਉਣ ਵਾਸਤੇ ਬਰਤਾਨੀਆਂ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਇਕ ਬ੍ਰਾਂਚ ਖੋਲਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਹਾਂ ਪੱਖੀ ਰਵੈਆ ਅਖਤਿਆਰ ਕਰਦੇ ਹੋਏ ਉਪ ਪ੍ਰਧਾਨ ਮੰਤਰੀ ਵੱਲੋਂ ਕੈਬਿਨੇਟ ਮੀਟਿੰਗ ਵਿੱਚ ਇਨ੍ਹਾਂ ਮਸਲਿਆਂ ਤੇ ਗੌਰ ਕਰਨ ਦਾ ਵੀ ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਗਿਆ।
ਬਰਤਾਨਵੀ ਉਪ ਪ੍ਰਧਾਨ ਮੰਤਰੀ ਨੇ ਸੈਕਟਰੀ ਆਫ ਸਟੇਟ ਐਡਵਰਡ ਜੋਨਥਨ ਡੇਵੇ ਦੇ ਨਾਲ ਲੰਗਰ ਹਾਲ ਵਿਖੇ ਵੱਡੀ ਪੱਧਰ ਤੇ ਸਾਫ ਸਫਾਈ ਨਾਲ ਪਕਾਏ ਜਾ ਰਹੇ ਲੰਗਰਾਂ ਦੀ ਨਿਗਰਾਨੀ ਕਰਨ ਦੌਰਾਨ ਖੁਦ ਲੰਗਰ ਦੀ ਹੱਥੀ ਸੇਵਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ, ਮਾਤਾ ਸੁੰਦਰੀ ਕਾਲਜ ਦੇ ਚੇਅਰਮੈਨ ਵਿਕ੍ਰਮਜੀਤ ਸਿੰਘ ਸਾਹਨੀ, ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ, ਅਤੇ ਵਾਲੰਟੀਅਰ ਮੁੱਖੀ ਹਰਚਰਣ ਸਿੰਘ ਗੁਲਸ਼ਨ ਮੌਜੂਦ ਸਨ।