ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ਵਿੱਚ 7400 ਪ੍ਰਾਣੀਆਂ ਨੇ ਲਿਆ ਹਿੱਸਾ
ਨਵੀਂ ਦਿੱਲੀ, 25 ਅਗਸਤ (ਅੰਮ੍ਰਿਤ ਲਾਲ ਮੰਨਣ) – ਜਪੁਜੀ ਸਾਹਿਬ ਜੀ ਦੀ ਬਾਣੀ ਨੂੰ ਕੰਠ ਕਰਾਉਣ ਅਤੇ ਉਸਦੇ ਸਾਰ ਨੂੰ ਸਮਝਣ ਲਈ ਸੰਸਾਰ ਵਿਚ ਪਹਿਲੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਲਿਖੱਤੀ ਪ੍ਰਿਖਿਆ ਵਿੱਚ ਲਗਭਗ 7400 ਪ੍ਰਾਣੀਆ ਨੇ ਹਿੱਸਾ ਲਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀਆਂ 10 ਬ੍ਰਾਂਚਾ ਵਿੱਚ ਬਣਾਏ ਗਏ ਪ੍ਰਿਖਿਆ ਕੇਂਦਰਾਂ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਵੱਲੋਂ ਖੁਦ ਦੌਰਾ ਕਰਦੇ ਹੋਏ ਪ੍ਰਿਖਿਆ ਦੇ ਰਹੇ ਪ੍ਰਤਿ ਭਾਗੀਆਂ ਦੀ ਕਾਬਲੀਅਤ ਨੂੰ ਪਰਖਣ ਦੀ ਕੋਸ਼ਿਸ਼ ਕਰਨ ਦੇ ਨਾਲ ਹੀ ਅਗਲੇ ਸਾਲ ਇਸ ਪ੍ਰਿਖਿਆ ਵਿਚ ਯੋਗ ਸੁਧਾਰ ਕਰਨ ਵਾਸਤੇ ਸੁਝਾਵ ਵੀ ਪ੍ਰਾਪਤ ਕੀਤੇ ਗਏ। ਜੀ.ਕੇ. ਨੇ ਹਰ ਪਰਿਵਾਰ ਦੇ ਦੋ ਮੈਂਬਰਾਂ ਵੱਲੋਂ ਇਕ ਪੇਪਰ ਨੂੰ ਹੱਲ ਕਰਨ ਲਈ ਕੀਤੀ ਜਾ ਰਹੀ ਜੱਦੋਜਹਿਦ ਨੂੰ ਅੱਜ ਦੀ ਭੱਜਦੌੜ ਜ਼ਿੰਦਗੀ ਵਿਚ ਪਰਿਵਾਰਾਂ ਵਿੱਚ ਵੱਧ ਰਹੀ ਸੰਵਾਦਹੀਨਤਾ ਤੇ ਕਾਬੂ ਪਾਉਣ ਦਾ ਵੱਡ ਹੱਲ ਵੀ ਦੱਸਿਆ।
ਦਾਦੀ-ਪੌਤੇ, ਮਾਂ-ਪੁੱਤਰ, ਭੈਣ-ਭਰਾਂ, ਪਿਉ-ਪੁੱਤਰ, ਪਿਉ-ਧੀ ਜਾਂ ਮਾਂ-ਧੀ ਸਿੱਖਾਂ ਅਤੇ ਸਹਿਜਧਾਰੀਆਂ ਵੱਲੋਂ ਇਕੱਠੇ ਬਹਿ ਕੇ ਦਿੱਤੀ ਜਾ ਹਰੀ ਇਸ ਨਿਵੇਕਲੀ ਪ੍ਰਿਖਿਆ ਨੂੰ ਜਿੱਥੇ ਗੁਰਮਤਿ ਨੂੰ ਪਰਿਵਾਰਾਂ ਵਿੱਚ ਚਰਚਾ ਦਾ ਵੱਡਾ ਜ਼ਰੀਆ ਦੱਸਿਆ ਉਥੇ ਨਾਲ ਹੀ ਅੱਗੇ ਵੀ ਇਸੇ ਤਰ੍ਹਾਂ ਦੇ ਉਪਰਾਲੇ ਜ਼ਾਰੀ ਰੱਖਣ ਦੇ ਵੀ ਸੰਕੇਤ ਦਿੱਤੇ। ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਅਤੇ ਯੂਥ ਵਿੰਗ ਵੱਲੋਂ ਕਰਵਾਈ ਜਾ ਰਹੀ ਇਸ ਗੁਰੂ ਪਿਆਰਾ ਪਰਿਵਾਰ 2014 ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਇਕ ਸਮਾਗਮ ਦੌਰਾਨ ਵੱਡੇ ਇਨਾਮ ਦੇਣ ਦੀ ਵੀ ਜੀ.ਕੇ. ਨੇ ਇਸ ਮੌਕੇ ਜਾਣਕਾਰੀ ਦਿੱਤੀ।