Monday, July 6, 2026

ਮਨੁੱਖਤਾ ਲਈ ਘਾਤਕ ਬਣ ਚੁੱਕੇ ਧਾਰਮਿਕ ਤਿਉਹਾਰ ਤੇ ਅੰਧ ਵਿਸ਼ਵਾਸੀ ਰਵਾਇਤਾਂ ਛੱਡਣ ਦੀ ਅਪੀਲ

ਬਟਾਲਾ, 21 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਦੁਸਹਿਰੇ ਮੌਕੇ ਅੰਮ੍ਰਿਤਸਰ `ਚ ਵਾਪਰੇ ਦਰਦਨਾਕ ਖੂਨੀ ਰੇਲ Taraksheelਹਾਦਸੇ ਉਤੇ ਪੀੜਤ ਪਰਿਵਾਰਾਂ ਨਾਲ ਗਹਿਰੇ ਦੁੱਖ ਅਤੇ ਹਮਦਰਦੀ ਦਾ ਇਜ਼ਹਾਰ ਕਰਦੇ ਹੋਏ, ਜਿਥੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ, ਉਥੇ ਹੀ ਸਮਾਜ ਦੇ ਸਮੂਹ ਵਰਗਾਂ ਦੇ ਲੋਕਾਂ ਨੂੰ ਮਨੁੱਖਤਾ ਲਈ ਘਾਤਕ ਬਣ ਚੁੱਕੇ ਧਾਰਮਿਕ ਤਿਉਹਾਰਾਂ ਅਤੇ ਅੰਧ ਵਿਸ਼ਵਾਸੀ ਰਵਾਇਤਾਂ ਨੂੰ ਛੱਡਣ ਦੀ ਅਪੀਲ ਵੀ ਕੀਤੀ ਹੈ।
          ਸੁਸਾਇਟੀ ਦੀ ਸਥਾਨਕ ਇਕਾਈ ਵਲੋਂ ਇਸ ਸਬੰਧੀ ਕੀਤੀ ਸ਼ੋਕ ਸਭਾ ਦੌਰਾਨ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮੌਜੂਦਾ ਵਿਗਿਆਨ ਤੇ ਤਕਨਾਲੋਜੀ ਦੇ ਯੁੱਗ ਵਿਚ ਦੁਸਹਿਰਾ, ਦੀਵਾਲੀ ਅਤੇ ਮੂਰਤੀ ਵਿਸਰਜਨ ਵਰਗੇ ਫਜ਼ੂਲ ਖਰਚੀ ਤੇ ਭੀੜ ਤੰਤਰ ਦੇ ਤਿਉਹਾਰ ਅਤੇ ਰੂੜੀਵਾਦੀ ਰਵਾਇਤਾਂ ਮਨੁੱਖ ਅਤੇ ਜੀਵ ਜੰਤੂਆਂ ਲਈ ਬੇਹਦ ਘਾਤਕ ਸਾਬਤ ਹੋ ਰਹੀਆਂ ਹਨ, ਜਿਨਾਂ ਕਰਕੇ ਹੁੰਦੇ ਜਾਨਲੇਵਾ ਹਾਦਸਿਆਂ ਵਿਚ ਹਰ ਸਾਲ ਹਜ਼ਾਰਾਂ ਲੋਕਾਂ ਦੀਆਂ ਕੀਮਤੀ ਜਾਨਾਂ ਅਜ਼ਾਈਂ ਚਲੇ ਜਾਂਦੀਆਂ ਹਨ, ਪਰ ਕਾਰਪੋਰੇਟ ਅਦਾਰਿਆਂ ਅਤੇ ਧਾਰਮਿਕ ਸੰਗਠਨਾਂ ਦੇ ਦਬਾਅ ਹੇਠ ਅਤੇ ਆਪਣੇ ਸਿਆਸੀ ਹਿੱਤਾਂ ਦੀ ਖਾਤਰ ਮੌਕਾਪ੍ਰਸਤ ਹਕੂਮਤਾਂ ਵਲੋਂ ਅਜਿਹੇ ਗੈਰ ਮਨੁੱਖੀ ਅਤੇ ਵਿਕਾਸ ਵਿਰੋਧੀ ਵਰਤਾਰਿਆਂ ਉਤੇ ਰੋਕ ਨਹੀਂ ਲਾਈ ਜਾ ਰਹੀ।
          ਇਸ ਮੌਕੇ ਤਰਕਸ਼ੀਲ ਆਗੂਆਂ ਕਾਮਰੇਡ ਅਜੀਤ ਸਿੰਘ, ਸੁਖਮੀਤ ਸਿੰਘ ਨੇ ਕਿਹਾ ਕਿ ਮੌਜੂਦਾ ਭ੍ਰਿਸ਼ਟ ਸਿਆਸਤ ਅਤੇ ਸਰਕਾਰਾਂ ਵਿਚ ਰਾਵਣ ਤੋਂ ਵੀ ਕਈ ਗੁਣਾਂ ਵਧ ਦਰਿੰਦੇ ਅਤੇ ਅਪਰਾਧੀ ਨੇਤਾ ਦੇਸ਼ ਅਤੇ ਸਮਾਜ ਲਈ ਵੱਡਾ ਖਤਰਾ ਬਣੇ ਹੋਏ ਹਨ ਪਰ ਸਾਮਰਾਜਪੱਖੀ ਹਕੂਮਤਾਂ ਅਜਿਹੇ ਰਾਵਣਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਥਾਂ ਧਾਰਮਿਕ ਆਸਥਾ ਦੀ ਰਾਜਨੀਤੀ ਕਰਕੇ ਆਮ ਲੋਕਾਂ ਨੂੰ ਅੰਧ ਵਿਸ਼ਵਾਸ ਰੂੜੀਵਾਦ ਅਤੇ ਪਾਖੰਡਵਾਦ ਵਲ ਧੱਕ ਰਹੀਆਂ ਹਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ।ਮਾਸਟਰ ਕੁਲਜੀਤ ਵੇਰਕਾ ਅਤੇ ਮੇਜਰ ਸਿੰਘ ਨੇ ਲੋਕਾਂ ਨੂੰ ਆਸਥਾ ਅਤੇ ਅੰਧ ਵਿਸ਼ਵਾਸ਼ਾਂ ਨੂੰ ਛੱਡ ਕੇ ਇਕ ਲੋਕਪੱਖੀ ਸਿਹਤਮੰਦ ਸਮਾਜ ਉਸਾਰਨ ਲਈ ਵਿਗਿਆਨਕ ਸੋਚ ਅਪਨਾਉਣ ਤੇ ਜ਼ੋਰ ਦਿੱਤਾ।
ਤਰਕਸ਼ੀਲ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਅਜਿਹੇ ਵੇਲਾ ਵਿਹਾਅ ਚੁੱਕੇ ਗੈਰ ਸਾਰਥਕ ਤਿਉਹਾਰਾਂ ਅਤੇ ਅੰਧ ਵਿਸ਼ਵਾਸ਼ੀ ਰਵਾਇਤਾਂ `ਤੇ ਪਾਬੰਦੀ ਲਾ ਕੇ ਕੀਮਤੀ ਸਰਮਾਏ ਨੂੰ ਲੋਕ ਪੱਖੀ ਵਿਕਾਸ ਕੰਮਾਂ ਤੇ ਖਰਚ ਕੀਤਾ ਜਾਵੇ।ਇਸ ਮੌਕੇ ਵਰਿੰਦਰ ਕੌਰ, ਜਸਪਾਲ ਬਾਸਰਕਾ, ਮਨਜੀਤ ਬਾਸਰਕੇ, ਬਲਦੇਵ ਰਾਜ ਵੇਰਕਾ, ਰਾਜ ਕੁਮਾਰ ਵੇਰਕਾ, ਸ਼ਮਸ਼ੇਰ ਹੇਰ, ਹਰਜਿੰਦਰ ਬੱਲ ਆਦਿ ਹਾਜਰ ਸਨ।
 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply