ਸਿੱਧੂ ਨੇ ਚੁੱਕਿਆ ਪੀੜਤ ਪਰਿਵਾਰਾਂ ਦੇ ਬੱਚਿਆਂ ਤੇ ਬੁਜ਼ਰਗਾਂ ਦੀ ਸੰਭਾਲ ਦਾ ਜ਼ਿੰਮਾ
ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਰੇਲ ਹਾਦਸੇ ਵਿਚ ਮਾਰੇ ਗਏ 58 ਲੋਕਾਂ ਅਤੇ ਇੰਨੀ ਹੀ ਤਦਾਦ ਵਿਚ ਜ਼ਖਮੀ ਹੋਏ
ਲੋਕਾਂ ’ਤੇ ਕੁੱਝ ਨੇਤਾਵਾਂ ਵੱਲੋਂ ਖੇਡੀ ਜਾ ਰਹੀ ਰਾਜਨੀਤੀ ਨੂੰ ਸਿਰੇ ਦੀ ਘਟੀਆ ਕਰਾਰ ਦਿੰਦੇ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਉਹ ਰੇਲਵੇ ਜੋ ਇਕ ਆਦਮੀ ਦੀ ਮੌਤ ’ਤੇ ਜਾਂਚ ਕਰਵਾਉਂਦਾ ਹੈ, ਵੱਲੋਂ ਇੰਨੇ ਵੱਡੇ ਹਾਦਸੇ ਲਈ ਰਾਤੋ-ਰਾਤ ਕਲੀਨ ਚਿੱਟ ਦੇ ਦੇਣੀ ਵੱਡੇ ਸ਼ੰਕੇ ਖੜ੍ਹੇ ਕਰਦੀ ਹੈ।ਸਿੱਧੂ ਦੀ ਰਿਹਾਇਸ਼ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਜਾਖੜ ਨੇ ਕਿਹਾ ਕਿ ਜਿਸ ਤਰਾਂ ਰੇਲਵੇ ਦੇ ਰਾਜ ਮੰਤਰੀ ਅਤੇ ਰੇਲਵੇ ਦੇ ਚੇਅਰਮੈਨ ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਆਪਣੇ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਗਿਆ ਹੈ, ਉਹ ਕਈ ਸਵਾਲ ਖੜ੍ਹੇ ਕਰਦਾ ਹੈ।
ਇਸ ਮੌਕੇ ਸਥਾਨਕ ਸਰਕਾਰਾਂ ਮੰੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਮੈਂ ਤੇ ਮੇਰੀ ਪਤਨੀ ਨੇ ਫੈਸਲਾ ਕੀਤਾ ਹੈ ਕਿ ਪੀੜਤ ਪਰਿਵਾਰ ਦੇ ਉਹ ਬੱਚੇ, ਜਿੰਨਾ ਦੇ ਮਾਪੇ ਇਸ ਘਟਨਾ ਵਿਚ ਮਾਰੇ ਗਏ ਹਨ, ਉਨਾਂ ਦਾ ਪਾਲਣ-ਪੋਸ਼ਣ ਤੇ ਪੜਾਈ ਸਾਡੇ ਪਰਿਵਾਰ ਦੀ ਨਿੱਜੀ ਜਿੰਮੇਵਾਰੀ ਹੈ।ਇਸ ਤੋਂ ਇਲਾਵਾ ਜੋ ਬੁਜ਼ਰਗ ਕਮਾੳੂ ਪੁੱਤਰਾਂ ਤੋਂ ਵਿਰਵੇ ਹੋ ਗਏ ਹਨ, ਉਨਾਂ ਦੀ ਸੰਭਾਲ ਵੀ ਮੈਂ ਖ਼ੁਦ ਕਰਾਂਗਾ।
ਜਾਖੜ ਨੇ ਕਿਹਾ ਕਿ ਅੱਜ ਰੇਲ ਗੱਡੀ ਦੇ ਡਰਾਇਵਰ ਵੱਲੋਂ ਕੀਤਾ ਗਿਆ ਖੁਲਾਸਾ, ਜਿਸ ਵਿਚ ਉਸਨੇ ਗੱਡੀ ਦੀ ਬਰੇਕ ਲਗਾਉਣ ਤੇ ਫਿਰ ਗੱਡੀ ਹੌਲੀ ਕਰਨ ’ਤੇ ਪੱਥਰ ਵੱਜਣ ਦੀ ਗੱਲ ਕੀਤੀ ਹੈ, ਉਸ ਹਜ਼ਮ ਨਹੀਂ ਹੁੰਦੀ ਅਤੇ ਨਾ ਹੀ ਇਹ ਘਟਨਾ ਕਿਸੇ ਵੀਡੀਓ ਕਲਿਪ ਵਿਚ ਕੈਦ ਹੋਈ ਹੈ।ਉਨਾਂ ਕਿਹਾ ਕਿ ਗੱਡੀ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਸਾਰਾ ਕੁੱਝ 2-3 ਸਕਿੰਟਾਂ ਵਿਚ ਵਾਪਰ ਗਿਆ ਅਤੇ ਪੀੜਤ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲਗ ਸਕਿਆ ਕਿ ਕੀ ਹੋ ਗਿਆ? ਪਰ ਡਰਾਈਵਰ ਪੱਥਰ ਮਾਰਨ ਦੀ ਗੱਲ ਕਰ ਰਿਹਾ ਹੈ। ਉਨਾਂ ਕਿਹਾ ਕਿ ਰੇਲਵੇ ਦਾ ਫਾਟਕ ਘਟਨਾ ਸਥਾਨ ਤੋਂ ਕੁੱਝ ਮੀਟਰ ਦੂਰੀ ’ਤੇ ਸੀ ਜਿਥੋਂ ਰੇਲਵੇ ਟਰੈਕ ’ਤੇ ਖਲੋਤੇ ਵਿਅਕਤੀ ਸਾਫ ਵਿਖਾਈ ਦਿੰਦੇ ਹਨ। ਦੁਸਿਹਰੇ ਦੀ ਤਿਆਰੀ ਘਟਨਾ ਸਥਾਨ ’ਤੇ ਇਕ ਦਿਨ ਪਹਿਲਾਂ ਸ਼ੁਰੂ ਹੋਈ, ਕੀ ਉਸ ਦਾ ਜੀ.ਆਰ.ਪੀ ਨੂੰ ਪਤਾ ਨਹੀਂ ਲੱਗਾ ਜਾਂ ਗੇਟਮੈਨ ਨੂੰ ਪਤਾ ਨਹੀਂ ਲੱਗਾ? ਰਿਹਾਇਸ਼ੀ ਇਲਾਕੇ ਵਿਚੋਂ ਗੱਡੀ ਦੀ ਸਪੀਡ ਇੰਨੀ ਤੇਜ਼ ਕਿਉਂ ਹੋਈ? ਜੇ ਪੁਲਿਸ ਕੋਲੋਂ ਆਗਿਆ ਲਈ ਤਾਂ ਰੇਲਵੇ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ? ਅਜਿਹੇ ਉਹ ਸਵਾਲ ਹਨ, ਜਿੰਨਾ ਦੀ ਰੇਲਵੇ ਨੂੰ ਜਾਂਚ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਿਸ਼ੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਕਿਸੇ ’ਤੇ ਦੋਸ਼ ਨਹੀਂ ਲਗਾਏ, ਸਗੋਂ ਪੀੜਤ ਪਰਿਵਾਰਾਂ ਦੀ ਮਦਦ ਦਾ ਐਲਾਨ ਕੀਤਾ ਅਤੇ ਘਟਨਾ ਦੀ ਸਚਾਈ ਸਾਹਮਣੇ ਲਿਆਉਣ ਲਈ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਹਨ।
ਉਨਾਂ ਮੰਗ ਕੀਤੀ ਕਿ ਰੇਲਵੇ ਇਸ ਘਟਨਾ ਦੀ ਜਾਂਚ ਕਰਵਾਏ ਅਤੇ ਸੱਚਾਈ ਨੂੰ ਸਾਹਮਣੇ ਲਿਆਵੇ, ਜੋ ਵੀ ਦੋਸ਼ੀ ਸਾਬਤ ਹੁੰਦਾ ਹੈ, ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media