ਬੱਚਿਆਂ ਨਾਲ ਮਿਲ ਕੇ ਕੱਟਿਆ ਕੇਕ
ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਅੱਜ ਬਾਲ ਦਿਵਸ ਮੌਕੇ ਸ੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਮਾਲ ਰੋਡ ਵਿਖੇ ਬੱਚਿਆਂ ਵਿੱਚ ਕੇਕ ਕੱਟ ਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਵਸ ਮਨਾਇਆ ਗਿਆ।
ਇਸ ਮੌਕੇ ਸ੍ਰੀ ਸੋਨੀ ਨੇ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅੱਜ ਪੰਡਿਤ ਨਹਿਰੂ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ।ਸੋਨੀ ਨੇ ਦੱਸਿਆ ਕਿ ਪਿਛਲੇ ਸਾਲ ਹੀ ਇਸੇ ਦਿਨ ਪੰਜਾਬ ਸਰਕਾਰ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਸਾਰੇ ਐਲੀਮੈਂਟਰੀ ਸਕੂਲਾਂ ਨੁੰ ਸਮਾਰਟ ਕਲਾਸ ਰੂਮ ਬਣਾਇਆ ਜਾਵੇਗਾ ਅਤੇ ਸਕੂਲਾਂ ਵਿੱਚ ਛੋਟੇ ਬੱਚਿਆਂ ਨੂੰ ਸਿਖਿਆ ਦੇਣ ਲਈ ਪ੍ਰਾਜੈਕਟਰ ਲਗਾਏ ਜਾਣਗੇ।ਸੋਨੀ ਨੇ ਦੱਸਿਆ ਕਿ ਸਕਰਾਰ ਦੀ ਮੁੱਖ ਤਰਜ਼ੀਹ ਛੋਟੇ ਬੱਚਿਆਂ ਨੂੰ ਸਿਖਿਆ ਦੇ ਕੇ ਇਨ੍ਹਾਂ ਦਾ ਨੀਂਹ ਪੱਕੀ ਕਰਨੀ ਹੈ।ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਗੁਣਵਤਾ ਭਰਪੂਰ ਸਿਖਿਆ ਦੇਣ ਦੀ ਲੋੜ ਹੈ ਤਾਂ ਜੋ ਬੱਚੇ ਅੱਗੇ ਜਾ ਕੇ ਆਪਣਾ ਭਵਿੱਖ ਸੁਧਾਰ ਸਕਣ।
ਸੋਨੀ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਸਿਖਿਆ ਦੇ ਗ੍ਰਾਫ ਵਿੱਚ ਭਾਰੀ ਕਮੀ ਆਈ ਸੀ, ਪ੍ਰੰਤੂ ਹੁਣ ਸਾਡਾ ਸਿਖਿਆ ਦਾ ਗ੍ਰਾਫ ਉਪਰ ਜਾ ਰਿਹਾ ਹੈ ਅਤੇ ਸਿਖਿਆ ਦੇ ਖੇਤਰ ਵਿੱਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਵੀ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਤਾਂ ਜੋ ਇਸ ਵਾਰ ਨਤੀਜੇ ਵਧੀਆ ਆ ਸਕਣ।
ਸੋਨੀ ਨੇ ਕਿਹਾ ਕਿ ਜੇਕਰ ਨੌਜਵਾਨ ਪ੍ਰਣ ਕਰ ਲੈਣ ਤਾਂ ਉਹ ਆਪਣੇ ਦੇਸ਼ ਅਤੇ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਹਨ।ਸੋਨੀ ਨੇ ਬੱਚਿਆਂ ਨੂੰ ਪੰਡਿਤ ਨਹਿਰੂ ਦੇ ਜਨਮ ਦਿਵਸ ਦੀ ਵਧਾਈ ਵੀ ਦਿੱਤੀ।ਸਿਖਿਆ ਮੰਤਰੀ ਵਲੋਂ ਬਾਲ ਦਿਵਸ ਮੌਕੇ ਮਾਲ ਰੋਡ ਸਕੂਲ ਦੀ ਬਾਸਕਿਟਬਾਲ ਟੀਮ ਦੇ ਪੰਜਾਬ ਵਿਚੋਂ ਪਹਿਲੇ ਸਥਾਨ ਅਤੇ ਗਿੱਧੇ ਵਿਚੋਂ ਆਪਣੇ ਜੋਨ `ਚੋਂ ਪਹਿਲੇ ਨੰਬਰ `ਤੇ ਆਉਣ ਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਵੰਡੇ।
ਇਸ ਉਪਰੰਤ ਓਮ ਪ੍ਰਕਾਸ਼ ਸੋਨੀ ਸਰਕਾਰੀ ਸਕੂਲ ਗੇਟ ਹਕੀਮਾਂ ਵਿਖੇ ਵੀ ਗਏ ਜਿਥੇ ਉਨ੍ਹਾਂ ਵੱਲੋਂ ਕੇਕ ਕੱਟ ਕੇ ਪੰਡਿਤ ਨਹਿਰੂ ਦਾ ਜਨਮ ਦਿਨ ਮਨਾਇਆ ਗਿਆ।ਸੋਨੀ ਨੇ ਕਿਹਾ ਕਿ ਸਾਰੇ ਸਕੂਲਾਂ ਵੱਲੋਂ ਸਕੂਲਾਂ ਦੇ ਸੁਧਾਰ ਲਈ ਭੇਜੇ ਐਸਟੀਮੈਟਾਂ ਦੇ ਅਧਾਰ ਤੇ ਆਉਂਦੇ 6 ਮਹੀਨੇ ਦੇ ਅੰਦਰ ਅੰਦਰ ਪੀਣ ਵਾਲਾ ਪਾਣੀ, ਫਰਨੀਚਰ ਅਤੇ ਹੋਰ ਜੋ ਵੀ ਚੀਜਾਂ ਲੋੜੀਂਦੀਆਂ ਹਨ ਨੂੰ ਪੂਰਾ ਕਰ ਦਿੱਤਾ ਜਾਵੇਗਾ ਅਤੇ ਸਕੂਲਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸ੍ਰੀ ਵਿਕਾਸ ਸੋਨੀ ਕੌਂਸਲਰ, ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸਕੈਂਡਰੀ, ਮੈਡਮ ਸੁਨੀਤਾ ਕਿਰਨ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ, ਸ੍ਰੀਮਤੀ ਮਨਦੀਪ ਕੌਰ ਪ੍ਰਿੰਸੀਪਲ ਮਾਲ ਰੋਡ ਸਕੂਲ, ਮੈਡਮ ਚੰਦਰ ਕਿਰਨ ਸੋਨੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਬੱਚੇ ਹਾਜਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media