ਬਠਿੰਡਾ, 25 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਕੂੜਾ ਡੰਪ ਹਟਾਓ ਮੋਰਚਾ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਹੋਈ।ਮੀਟਿੰਗ ‘ਚ ਕਚਰਾ ਪਲਾਂਟ
ਦੇ ਟਰਮੀਨੇਸ਼ਨ ਨੋਟਿਸ ਉਪਰੰਤ ਪੈਦਾ ਹੋਈ ਸਥਿਤੀ ਅਤੇ ਨਿਗਮ ਅਧਿਕਾਰੀਆਂ ਵੱਲੋਂ ਪੈਦਾ ਕੀਤੇ ਜਾ ਰਹੇ ਖਦਸੇ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਦੌਰਾਨ ਮੋਰਚਾ ਮੈਂਬਰਾਂ ਨੇ ਸੰਜ਼ੀਦਾ ਵਿਚਾਰ ਕਰਨ ਉਪਰੰਤ ਮਹਿਸੂਸ ਕੀਤਾ ਕਿ ਨਗਰ ਨਿਗਮ ਅਧਿਕਾਰੀ ਨਜਾਇਜ਼ ਢੰਗ ਨਾਲ ਸਥਾਪਤ ਕੀਤੇ ਜਹਿਰੀਲੇ ਖੂਹ ਨੂੰ ਜਿਉਂ ਦਾ ਤਿਓਂ ਰੱਖਣ ਦਾ ਇਰਾਦਾ ਰਖਦੇ ਹਨ।ਉਨ੍ਹਾਂ ਕਿਹਾ ਕਿ ਅਧਿਕਾਰੀ ਕੰਪਨੀ ਵੱਲੋਂ ਰਾਸ਼ੀ ਦੀ ਮੰਗ ਅਤੇ ਲੋਕਾਂ ‘ਤੇ ਪੈਣ ਵਾਲੇ ਵਿਤੀ ਬੋਝ ਦਾ ਹਊਆ ਪੈਦਾ ਕਰਕੇ ਜੀ.ਐਸ.ਟੀ ਕੰਪਨੀ ਨਾਲ ਸਾਂਝ ਕਾਇਮ ਰੱਖਣਾ ਚਹੁੰਦੇ ਹਨ।ਮੈਂਬਰਾਂ ਨੇ ਕਿਹਾ ਕਿ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਸਾਰੇ ਨਿਯਮ ਕਾਨੂੰਨਾਂ ਦੀ ਉਲੰਘਣਾ ਕਰਕੇ ਲੋਕ ਵਿਰੋਧ ਦੇ ਬਾਵਜੂਦ ਧੱਕੇ ਨਾਲ ਸਥਾਪਿਤ ਕੀਤੇ, ਇਸ ਪ੍ਰੋਜੈਕਟ ਤੋਂ ਕੰਪਨੀ ਕਰੋੜਾਂ ਰੁਪਏ ਕਮਾ ਚੁੱਕੀ ਹੈ, ਪਰ ਆਲੇ ਦੁਆਲੇ ਦਾ ਵਾਤਾਵਰਣ ਨੂੰ ਪੂਰੀ ਤਰ੍ਹਾਂ ਪਲੀਤ ਕਰ ਚੁੱਕੀ ਹੈ।ਮੋਰਚੇ ਨੇ ਮੰਗ ਕੀਤੀ ਕਿ ਸਪੱਸ਼ਟ ਕੀਤਾ ਜਾਵੇ ਕਿ ਇਸ ਪ੍ਰੋਜੈਕਟ ਨੂੰ ਸੰਘਣੀ ਅਬਾਦੀ ਅਤੇ ਪੀਣ ਵਾਲੇ ਪਾਣੀ ਨਜ਼ਦੀਕ ਸਥਾਪਿਤ ਕਰਨ ਵਾਲੇ ਲੋਕ ਕੌਣ ਸਨ।ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਨੇ ਇਸ ਨਜ਼ਾਇਜ਼ ਢੰਗ ਨਾਲ ਲੱਗੇ ਪ੍ਰੋਜੈਕਟ ਨੂੰ ਮਾਡਲ ਪ੍ਰੋਜੈਕਟ ਦਾ ਦਰਜ਼ਾ ਦੇ ਕੇ ਲੋਕ ਵਿਰੋਧ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ, ਜਿਸ ਦਾ ਸਬਕ ਲੋਕਾਂ ਨੂੰ ਸਿਖਾ ਦਿੱਤਾ ਹੈ।
ਮੋਰਚਾ ਮੈਂਬਰਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਵੀ ਨਗਰ ਨਿਗਮ ਅਧਿਕਾਰੀਆਂ ਨੂੰ ਇਸ ਦਿਸ਼ਾ ਵੱਲ ਨਿਰਦੇਸ਼ ਦਿੱਤੇ ਹਨ ਕਿ ਜਦੋਂ ਏਮਜ਼ ਵਰਗਾ ਵੱਡਾ ਹਸਪਤਾਲ ਇਸ ਕੂੜਾ ਡੰਪ ਨਜ਼ਦੀਕ ਸਥਾਪਤ ਹੋ ਰਿਹਾ ਹੈ ਤਾਂ ਸਿਹਤ ਸੇਵਾਵਾਂ ਨੂੰ ਯਕੀਨੀ ਤੌਰ ‘ਤੇ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਕੂੜਾ ਡੰਪ ਨੂੰ ਦੂਰ ਲੈ ਜਾਣ ਦੀ ਲੋੜ ਹੈ।ਸਮੂਹ ਮੈਂਬਰਾਂ ਨੇ ਮੰਗ ਕੀਤੀ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਲੋਚਦਿਆਂ ਸਰਕਾਰ ਅਤੇ ਪ੍ਰਸਾਸ਼ਨ ਇਸ ਬਿਮਾਰੀਆਂ ਦੀ ਖਾਨ ਤੋਂ ਲੋਕਾਂ ਨੂੰ ਛੁਟਕਾਰਾ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ‘ਤੇ ਗੌਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਲੋਕ ਦੱਸਣਗੇ ਕਿ ਰੋਹ ਕੀ ਹੁੰਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media